ਪੱਕੇ ਰੁਜਗਾਰ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਲਿਆ ਪ੍ਰਣ

Labour Day

ਜਲਾਲਾਬਾਦ (ਰਜਨੀਸ਼ ਰਵੀ) ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਬ੍ਰਾਂਚ ਜਲਾਲਾਬਾਦ (Jalalabad News) ਵਲੋਂ ਅੱਜ ਮਜਦੂਰ ਦਿਹਾੜੇ ਦੇ ਮੌਕੇ ’ਤੇ ਜਲ ਸਪਲਾਈ ਦਫਤਰ ਗੁੰਮਾਨੀਵਾਲਾ ਵਿਖੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਇਸਦੇ ਬਾਅਦ ਅਕਾਸ਼ ਗੁੰਜਾਓ ਨਾਅਰੇ ਲਗਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋਕਿ ਇਕ ਮਈ ਨੂੰ ਸ਼ਿਕਾਗੋ ਵਿੱਚ ਆਪਣੇ ਹੱਕਾਂ ਲਈ ਸ਼ਹੀਦ ਹੋਏ ਸਨ।

ਇਸ ਮੌਕੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਜਿਲਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਬ੍ਰਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਜਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੂਰ ਸਮੰਦ, ਖਜਾਨਚੀ ਕੁੰਦਨ ਸਿੰਘ, ਦਫਤਰੀ ਸਟਾਫ ਸਬ ਕਮੇਟੀ ਸੂਬਾ ਜਥੇਬੰਦਕ ਸਕੱਤਰ ਸੁਖਚੈਨ ਸਿੰਘ ਸੋਢੀ, ਸਤਪਾਲ ਕੋਟੂਵਾਲਾ, ਰਾਕੇਸ਼ ਸਿੰਘ ਹੀਰੇਵਾਲਾ ਸਣੇ ਵੱਡੀ ਗਿਣਤੀ ਵਿਚ ਵਰਕਰ ਸਾਥੀਆਂ ਨੇ ਸ਼ਿਰਕਤ ਕੀਤੀ।

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਨੇ ਦਫਤਰ ’ਚ ਝੰਡਾ ਚੜਾ ਕੇ ਮਜਦੂਰ ਦਿਹਾੜਾ ਮਨਾਇਆ | Jalalabad News

ਆਗੂਆਂ ਨੇ ਆਪਣੇ ਆਪਣੇ ਭਾਸ਼ਣ ਵਿੱਚ ਮੌਜੂਦਾ ਸਰਕਾਰਾਂ ਦੀਆਂ ਕਿਸਾਨ, ਮਜਦੂਰ ਅਤੇ ਮੁਲਾਜਮ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਉਨਾਂ ਕਿਹਾ ਕਿ ਜਿਸ ਤਰਾਂ ਸ਼ਿਕਾਗੋ ਵਿੱਚ ਆਪਣਾ ਹੱਕ ਮੰਗਦੇ ਮਜਦੂਰਾਂ ’ਤੇ ਗੋਲੀਆਂ ਨਾਲ ਖੂਨ ਵਹਾਇਆ ਗਿਆ ਸੀ ਉਸੇ ਤਰਾਂ ਹਲਾਤ ਅੱਜ ਵੀ ਪੈਦਾ ਹੋ ਰਹੇ ਹਨ ਕਿ ਜਦੋ ਵੀ ਕੋਈ ਆਪਣੇ ਹੱਕ ਲੈਣ ਦੀ ਗੱਲ ਕਰਦਾ ਹੈ ਤਾਂ ਅੱਗੇ ਡਾਂਗਾ ਨਾਲ ਮਾਰਿਆ ਜਾਂਦਾ ਹੈ।

ਅੱਜ ਦੇ ਪ੍ਰੋਗਰਾਮ ’ਚ ਜਥੇਬੰਦੀ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜੀ ਦਿਸ਼ਾ-ਨਿਰਦੇਸ਼ਿਤ ਲੋਕ-ਮਾਰੂ ਨੀਤੀਆਂ-ਜਿਵੇਂ ਕਿ ਲੋਕ ਸੇਵਾ ਦੇ ਅਦਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦਾ ਨਿੱਜੀਕਰਨ/ਪੰਚਾਇਤੀਕਰਨ ਕਰਨ ਦੇ ਉਦੇਸ਼ ਨਾਲ ਨਹਿਰੀ ਪਾਣੀ ਸਪਲਾਈ ਲਈ ਪ੍ਰਾਇਵੇਟ ਕੰਪਨੀਆਂ ਨਾਲ ਜਿਲਾ/ਬਲਾਕ ਪੱਧਰੀ ਵੱਡੇ ਮੈਗਾ ਪ੍ਰੋਜੈਕਟ ਸਥਾਪਿਤ ਕਰਨ ਦੇ ਕੀਤੇ ਸਮਝੌਤਿਆ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਉਥੇ ਜਲ ਸਪਲਾਈ ਮਹਿਕਮੇ ’ਚ ਪਿਛਲੇ ਸਾਲਾਂਬੱਧੀ ਅਰਸ਼ੇ ਤੋਂ ਕੰਮ ਕਰਦੇ ਇਨਲਿਸਟਮੈਂਟ/ਆਊਟਸੋਰਸ ਮੁਲਾਜਮਾਂ ਨੂੰ ਸਬੰਧਤ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ