Ludhiana gas leak
ਲੁਧਿਆਣਾ (ਜਸਵੀਰ ਗਹਿਲ)। ਪੰਜਾਬ ਦੇ ਲੁਧਿਆਣਾ ’ਚ ਗੈਸ ਲੀਕ ਹੋਣ ਕਾਰਨ 11 ਜਣਿਆਂ ਦੀ ਮੌਤ ਤੋਂ ਬਾਅਦ ਪ੍ਰਦੂਸ਼ਣ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਉਦਯੋਗਾਂ ਤੋਂ ਪਾਣੀ ਦੇ ਨਮੂਨੇ ਲੈਣ ਲਈ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਗਿਆਸਪੁਰਾ ਸਥਿਤ ਉਦਯੋਗਿਕ ਇਕਾਈਆਂ ਤੋਂ ਨਮੂਨੇ ਇਕੱਠੇ ਕਰ ਰਹੀਆਂ ਹਨ। ਇਨ੍ਹਾਂ ਨਮੂਨਿਆਂ ਦੀ ਜਾਂਚ ਖਰੜ ਵਿੱਚ ਸਥਾਪਤ ਕੈਮੀਕਲ ਲੈਬ ਵਿੱਚ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਕਬਜੇ ਵਿੱਚ ਲੈ ਲਏ ਹਨ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸੀਵਰੇਜ ਦਾ ਢੱਕਣ ਬੁਰੀ ਤਰ੍ਹਾਂ ਟੁੱਟਿਆ ਹੋਇਆ ਪਾਇਆ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਕਤ ਥਾਂ ’ਤੇ ਟੈਂਕਰ ਆਦਿ ’ਚੋਂ ਕੈਮੀਕਲ ਪਾਇਆ ਗਿਆ ਹੈ। ਫਿਲਹਾਲ ਅਧਿਕਾਰੀ ਸਿਰਫ਼ ਅੰਦਾਜੇ ਲਾ ਰਹੇ ਹਨ। ਜਿਸ ਇਲਾਕੇ ’ਚ ਇਹ ਘਟਨਾ ਵਾਪਰੀ ਹੈ, ਉੱਥੇ ਕਰੀਬ 50 ਉਦਯੋਗ ਚੱਲ ਰਹੇ ਹਨ। ਕੁਝ ਉਦਯੋਗਾਂ ਨੂੰ ਛੱਡ ਕੇ ਬਾਕੀਆਂ ਵਿੱਚੋਂ ਕਿਸੇ ਵਿੱਚ ਵੀ ਟਰੀਟਮੈਂਟ ਪਲਾਂਟ ਨਹੀਂ ਹਨ।
ਸੂਆ ਰੋਡ ਤੋਂ ਗੋਲਡਨ ਪੈਲੇਸ ਤੱਕ ਰੋਡ ਬੰਦ | Ludhiana gas leak
ਅੱਜ ਵੀ ਸੂਆ ਰੋਡ ਤੋਂ ਗੋਲਡਨ ਪੈਲੇਸ ਨੂੰ ਜਾਣ ਵਾਲਾ ਰਸਤਾ ਗੈਸ ਲੀਕ ਹੋਣ ਕਾਰਨ ਪੁਲਿਸ ਵੱਲੋਂ ਬੰਦ ਹੈ। ਫਿਰ ਵੀ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਗੈਸ ਦਾ ਅਸਰ ਕਾਫੀ ਹੱਦ ਤੱਕ ਘਟ ਗਿਆ ਹੈ। ਅਜੇ ਵੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਟਨਾ ਸਥਾਨ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅਧਿਕਾਰੀ ਲਗਾਤਾਰ ਉਸ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਐੱਨਡੀਆਰਐਫ਼ ਦੀ ਟੀਮ ਵੀ ਮੌਕੇ ’ਤੇ ਮੌਜ਼ੂਦ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਇੱਕ ਵੱਖਰੀ ਐਸਆਈਟੀ ਵੀ ਬਣਾਈ ਜਾ ਸਕਦੀ ਹੈ।
ਦਿਮਾਗ ਤੱਕ ਪਹੁੰਚੇ ਜ਼ਹਿਰ ਕਾਰਨ 11 ਮੌਤਾਂ
ਡਾਕਟਰ ਨੇ ਕਿਹਾ ਕਿ ਫੇਫੜਿਆਂ ’ਤੇ ਕੋਈ ਅਸਰ ਨਹੀਂ, ਸੀਵਰੇਜ ’ਚ ਉਦਯੋਗਿਕ ਕੂੜੇ ਦਾ ਘਾਤਕ ਪ੍ਰਤੀਕਰਮ ਹੋਣ ਦਾ ਡਰ ਹੈ। ਪੰਜਾਬ ’ਚ ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਅਚਾਨਕ ਗੈਸ ਲੀਕ ਹੋਣ ਕਾਰਨ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਕਾਹਲੀ ਵਿੱਚ 1 ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ। ਚਿਹਰੇ ’ਤੇ ਮਾਸਕ ਪਾ ਕੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਸਭ ਦੇ ਵਿਚਕਾਰ ਇੱਕ ਵੱਡਾ ਸਵਾਲ ਹੈ ਕਿ ਇਹ ਕਿਹੜੀ ਗੈਸ ਹੈ, ਜਿਸ ਕਾਰਨ ਇਹ ਤਬਾਹੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ