ਬਾਦਲ (ਸੁਖਜੀਤ ਸਿੰਘ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਿੰਨ੍ਹਾਂ ਦਾ 25 ਅਪ੍ਰੈਲ ਦੇਰ ਸ਼ਾਮ ਦੇਹਾਂਤ ਹੋ ਗਿਆ, ਉਨ੍ਹਾਂ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਜਿੱਥੇ ਪੰਜਾਬ-ਹਰਿਆਣਾ, ਰਾਜਸਥਾਨ ’ਚੋਂ ਵੱਡੀ ਗਿਣਤੀ ਲੋਕ ਆ ਰਹੇ ਹਨ ਉੱਥੇ ਹੀ ਦੇਸ਼ ਦੇ ਵੱਡੀ ਗਿਣਤੀ ਸਿਆਸੀ ਆਗੂ ਵੀ ਪਿੰਡ ਬਾਦਲ ਪੁੱਜਣੇ ਸ਼ੁਰੂ ਹੋ ਗਏ ਹਨ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਮਹਾਂਰਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਐਨਸੀਪੀ ਦੇ ਕੌਮੀ ਪ੍ਰਧਾਨ ਸ਼ਰਦ ਪਵਾਰ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਦੀ ਰਿਹਾਇਸ਼ ’ਤੇ ਪੁੱਜ ਗਏ ਹਨ।
ਸ੍ਰੀ ਪਵਾਰ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਵੀ ਪਿੰਡ ਬਾਦਲ ਪੁੱਜ ਰਹੇ ਹਨ।