ਸ਼ਹਿਰ ’ਚ ਕੱਢਿਆ ਫਲੈਗ ਮਾਰਚ | Bathinda police
ਬਠਿੰਡਾ, (ਸੁਖਜੀਤ ਮਾਨ)। ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਠਿੰਡਾ ਦੇ ਭੀਸੀਆਣਾ ਏਅਰ ਫੋਰਸ ਸਟੇਸ਼ਨ ਤੋਂ ਜਹਾਜ਼ ਰਾਹੀਂ ਆਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਲਿਜਾਇਆ ਗਿਆ। ਮੋਗਾ ’ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਲਿਆਉਣ ਕਰਕੇ ਬਠਿੰਡਾ ਪੁਲਿਸ ਸਵੇਰ ਤੋਂ ਪੂਰੀ ਤਰ੍ਹਾਂ ਚੌਕਸ ਸੀ। ਪੁਲਿਸ ਵੱਲੋਂ ਅੱਜ ਆਰਏਐਫ ਨਾਲ ਮਿਲ ਕੇ ਸ਼ਹਿਰ ’ਚ ਫਲੈਗ ਮਾਰਚ ਵੀ ਕੱਢਿਆ ਗਿਆ।
ਫਲੈਗ ਮਾਰਚ ਦੀ ਸਮਾਪਤੀ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ (ਹੈੱਡਕੁਆਟਰ) ਜੀਐਸ ਸੰਘਾ ਨੇ ਦੱਸਿਆ ਕਿ ਸਾਰੇ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਅਤੇ ਇਸ ਵੇਲੇ ਜ਼ਿਲ੍ਹੇ ’ਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ ਹੈ।
ਉਨ੍ਹਾਂ ਦੱਸਿਆ ਕਿ ਇਹ ਫਲੈਗ ਮਾਰਚ ਅਮਨ ਕਾਨੂੰਨ ਬਣਾਈ ਰੱਖਣ ਲਈ ਕੱਢਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਕੋਈ ਝੂਠੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ। ਇਸ ਮੌਕੇ ਡੀਐਸਪੀ ਸਿਟੀ-1 ਵਿਸ਼ਵਜੀਤ ਸਿੰਘ ਮਾਨ ਅਤੇ ਡੀਐਸਪੀ ਸਿਟੀ-2 ਗੁਰਪ੍ਰੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।