ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ

Eid

ਮਨੁੱਖ ਮਿਲ-ਜੁਲ ਕੇ ਰਹਿਣ ਦਾ ਆਦੀ ਹੈ। ਇਸੇ ਕਰਕੇ ਉਹ ਕਬੀਲਿਆਂ ਵਿੱਚ ਰਹਿੰਦਾ ਹੈ। (Eid ) ਹਰ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ੀ ਤੇ ਗ਼ਮੀ ਆਉਂਦੀ ਹੈ। ਜਿਸ ਵਿੱਚ ਸਾਂਝ ਪਾਉਣਾ ਇਨਸਾਨੀ ਫਿਤਰਤ (ਰਵਾਇਤ) ਹੈ। ਸਾਂਝੀ ਖੁਸ਼ੀ ਜਿਸ ਵਿੱਚ ਦੂਜੇ ਵੀ ਸ਼ਰੀਕ ਹੋਣ, ਅਜਿਹੇ ਉਤਸਵ ਤਿਉਹਾਰ, ਆਪਸੀ ਪਿਆਰ-ਮੁਹੱਬਤ, ਭਾਈਚਾਰਾ ਤੇ ਕੌਮੀ ਏਕਤਾ ਦਾ ਪ੍ਰਤੀਕ ਹੁੰਦੇ ਹਨ। ਹਜ਼ਰਤ ਅਨਸ (ਰਜ਼ੀ.) ਤੋਂ ਸਾਬਿਤ ਹੈ ਕਿ ਰਸੂਲ ਅੱਲਾ (ਸੱਲ.) ਜਦੋਂ ਮੱਕੇ ਤੋਂ ਹਿਜ਼ਰਤ ਕਰਕੇ ਮਦੀਨਾ ਪਹੁੰਚੇ ਤਾਂ ਮਦੀਨਾ ਵਾਸੀਆਂ ਨੇ ਉਸ ਸਮੇਂ ਆਪਣੇ ਤਿਉਹਾਰਾਂ ਲਈ ਦੋ ਦਿਨ ਨੀਯਤ ਕੀਤੇ ਹੋਏ ਸਨ ਜਿਸ ਤਹਿਤ ਉਹ ਦੋ ਦਿਨ ਖੁਸ਼ੀਆਂ ਮਨਾਉਂਦੇ ਤੇ ਖੇਡ-ਤਮਾਸ਼ੇ ਕਰਦੇ ਸਨ।

ਹਜ਼ੂਰ(ਸੱਲ.) ਨੇ ਉਨ੍ਹਾਂ ਤੋਂ ਪੁੱਛਿਆ ਕਿ ਇਹ ਦੋ ਦਿਨ ਜੋ ਤੁਸੀਂ ਮਨਾਉਂਦੇ ਹੋ ਇਨ੍ਹਾਂ ਦੀ ਹਕੀਕਤ ਤੇ ਹੈਸੀਅਤ ਕੀ ਹੈ? ਉਨ੍ਹਾਂ ਜਵਾਬ ਦਿੱਤਾ ਕਿ ਅਸੀਂ ਪੁਰਾਣੇ ਸਮੇਂ ਤੋਂ ਆਪਣੇ ਬਾਪ-ਦਾਦਿਆਂ ਦੀ ਤਰਜ਼ ’ਤੇ ਇਹ ਤਿਉਹਾਰ ਮਨਾਉਂਦੇ ਆ ਰਹੇ ਹਾਂ। ਹਜ਼ੂਰ (ਸੱਲ) ਨੇ ਫਰਮਾਇਆ ਕਿ ਅੱਲ੍ਹਾ ਨੇ ਤੁਹਾਨੂੰ ਇਨ੍ਹਾਂ ਦੋ ਤਿਉਹਾਰਾਂ ਦੇ ਬਦਲੇ ਦੋ ਹੋਰ ਬਿਹਤਰੀਨ ਤਿਉਹਾਰ ਅਤਾ ਕੀਤੇ ਹਨ। ਹੁਣ ਉਹੀ ਤੁਹਾਡੇ ਕੌਮੀ ਤੇ ਧਾਰਮਿਕ ਤਿਉਹਾਰ ਹਨ।

ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ

ਈਦ-ਉਲ-ਫਿਤਰ, ਜਿਸ ਨੂੰ ਸੇਵੀਆਂ ਵਾਲੀ ਮਿੱਠੀ ਈਦ ਵੀ ਕਿਹਾ ਜਾਂਦਾ ਹੈ, ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ‘ਈਦ’ ਤੋਂ ਭਾਵ ਖੁਸ਼ੀ ਦਾ ਉਹ ਦਿਨ ਹੈ, ਜੋ ਯਾਦਗ਼ਾਰ ਦੇ ਤੌਰ ’ਤੇ ਮਨਾਇਆ ਜਾਵੇ। ‘ਫਿਤਰ’ ਤੋਂ ਅਰਥ ਰੋਜ਼ੇ ਖੋਲ੍ਹਣੇ ਜਾਂ ਮੁਕੰਮਲ ਹੋਣਾ ਹੈ। ਈਦ ਦਾ ਦਿਨ ਖੁਸ਼ੀ ਤੇ ਰੱਬ ਦੇ ਧੰਨਵਾਦ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਰਮਜ਼ਾਨ ਦੇ ਰੋਜ਼ਿਆਂ ਵਿੱਚ ਇੱਕ ਸੱਚਾ ਮੁਸਲਮਾਨ ਸਵੇਰ ਤੋਂ ਸ਼ਾਮ ਤੱਕ ਅੱਲ੍ਹਾ ਦੀ ਮਰਜ਼ੀ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਹੰੁਦੇ ਹੋਏ ਵੀ ਉਨ੍ਹਾਂ ਤੋਂ ਮੂੰਹ ਮੋੜਦਾ ਹੈ, ਸਰੀਰਕ ਇੱਛਾਵਾਂ ਤੋਂ ਦੂਰ ਰਹਿੰਦਾ ਹੈ ਤੇ ਆਪਣੇ ਮਨ (ਨਫਸ) ’ਤੇ ਕੰਟਰੋਲ ਕਰਦਾ ਹੈ।

ਈਦ ਦਾ ਦਿਨ ਆਪਸੀ ਮੁਹੱਬਤ ਅਤੇ ਬਰਾਬਰਤਾ ਦਾ ਸਬਕ ਦਿੰਦਾ ਹੈ

ਇਸਲਾਮ ਦੇ ਆਖਰੀ ਪੈਗ਼ੰਬਰ ਹਜ਼ਰਤ ਮੁਹੰਮਦ ਸਲ. ਨੇ ਇਰਸ਼ਾਦ ਫਰਮਾਇਆ ਹਰ ਕੌਮ ਲਈ ਇੱਕ ਖੁਸ਼ੀ ਦਾ ਦਿਨ ਹੁੰਦਾ ਹੈ, ਸਾਡੇ ਲਈ ਈਦ ਖੁਸ਼ੀ ਦਾ ਦਿਨ ਹੈ। ਇਹ ਖੁਸ਼ੀ ਇਸ ਲਈ ਹੈ ਕਿ ਇਸ ਦਿਨ ਰੱਬ ਦੀ ਭਗਤੀ ਭਾਵ ਰੋਜ਼ਿਆਂ ਤੋਂ ਫਾਰਗ਼ ਹੋ ਜਾਂਦੇ ਹਾਂ ਤੇ ਦੂਸਰਾ ਇਸ ਲਈ ਕਿ ਰੱਬ ਵੱਲੋਂ ਮਾਫੀ ਦਾ ਪਰਵਾਨਾ ਮਿਲ ਜਾਂਦਾ ਹੈ। ਈਦ ਦਾ ਦਿਨ ਆਪਸੀ ਮੁਹੱਬਤ ਅਤੇ ਬਰਾਬਰਤਾ ਦਾ ਸਬਕ ਦਿੰਦਾ ਹੈ। ਸਾਡੀ ਖੁਸ਼ੀ ਅਸਲ ਵਿੱਚ ਤਾਂ ਹੀ ਹੈ ਜੇ ਅਸੀਂ ਗਰੀਬਾਂ, ਯਤੀਮਾਂ, ਬੇਬਸਾਂ, ਵਿਧਵਾਵਾਂ ਅਤੇ ਬੇਸਹਾਰਾ ਲੋਕਾਂ ਨੂੰ ਵੀ ਇਸ ਖੁਸ਼ੀ ਵਿੱਚ ਸ਼ਾਮਲ ਕਰਦੇ ਹਾਂ। ਇਸ ਲਈ ‘ਸਦਕਾ-ਏ-ਫਿਤਰ’ ਭਾਵ ਇੱਕ ਕਿੱਲੋ ਛੇ ਸੋ ਤੇਤੀ ਗ੍ਰਾਮ ਕਣਕ ਜਾਂ ਤਿੰਨ ਕਿੱਲੋ ਦੋ ਸੌ ਛਿਆਹਠ ਗ੍ਰਾਮ ਜੌਂ ਜਾਂ ਇਨ੍ਹਾਂ ਦੀ ਕੀਮਤ ਪਰਿਵਾਰ ਦੇ ਹਰ ਮੈਂਬਰ ਵੱਲੋਂ ਲੋੜਵੰਦਾਂ ਨੂੰ ਈਦ ਦੀ ਨਮਾਜ਼ ਤੋਂ ਪਹਿਲਾਂ ਦੇਣਾ ਜਰੂਰੀ ਹੈ, ਤਾਂ ਜੋ ਉਹ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋ ਸਕਣ।

ਆਪਸੀ ਪਿਆਰ-ਮੁਹੱਬਤ ਦਾ ਪ੍ਰਤੀਕ ਈਦ-ਉਲ-ਫਿਤਰ (Eid )

ਈਦ ਦੀ ਨਮਾਜ਼ ਅਬਾਦੀ ਤੋਂ ਬਾਹਰ ਖੁੱਲੀ ਥਾਂ ’ਤੇ ਪੜ੍ਹੀ ਜਾਂਦੀ ਹੈ। ਹਜ਼ਰਤ ਮੁਹੰਮਦ (ਸੱਲ) ਈਦ ਵਾਲੇ ਦਿਨ ਮੌਜੂਦ ਕੱਪੜਿਆਂ ’ਚੋਂ ਸਭ ਤੋਂ ਵਧੀਆ ਕੱਪੜੇ ਪਹਿਨਦੇ, ਗੁਸਲ ਕਰਦੇ, ਮਿਸਵਾਕ (ਦਾਤਣ) ਕਰਦੇ, ਖੁਸ਼ਬੂ ਲਾਉਂਦੇ, ਸਵੇਰੇ ਬਹੁਤ ਜਲਦ ਉੱਠਦੇ, ਈਦਗ਼ਾਹ ’ਚ ਬਹੁਤ ਜਲਦ ਪਹੁੰਚਦੇ, ਈਦਗ਼ਾਹ ਜਾਣ ਤੋਂ ਪਹਿਲਾਂ ਕੋਈ ਮਿੱਠੀ ਚੀਜ਼ ਜਿਵੇਂ ਛੁਹਾਰੇ ਆਦਿ ਖਾਂਦੇ, ਈਦ ਦੀ ਨਮਾਜ਼ ਤੋਂ ਪਹਿਲਾਂ ਸਦਕਾ-ਏ-ਫਿਤਰ ਅਦਾ ਕਰਦੇ, ਈਦ ਦੀ ਨਮਾਜ਼ ਈਦਗ਼ਾਹ ’ਚ ਪੜ੍ਹਦੇ, ਈਦਗ਼ਾਹ ਜਾਣ ’ਤੇ ਆਉਣ ਲਈ ਵੱਖੋ-ਵੱਖਰੇ ਰਸਤੇ ਚੁਣਦੇ, ਰਸਤੇ ’ਚ ਤਕਬੀਰ ਪੜ੍ਹਦੇ ਹੋਏ ਜਾਂਦੇ। ਈਦ ਦੀ ਨਮਾਜ਼ ਤੋਂ ਬਾਅਦ ਦੂਆ ਕੀਤੀ ਜਾਂਦੀ ਹੈ, ਐ ਸਾਡੇ ਰੱਬ ਜਿਵੇਂ ਇੱਕ ਮਹੀਨਾ ਤੇਰੀ ਮਰਜ਼ੀ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ। ਭਵਿੱਖ ਵਿੱਚ ਵੀ ਸਾਨੂੰ ਆਪਣੀ ਮਰਜ਼ੀ ਵਾਲੀ ਜ਼ਿੰਦਗੀ ਬਤੀਤ ਕਰਨ ਦੀ ਤਾਕਤ ਦੇ।’ ਵਾਪਸੀ ਤੇ ਬੱਚਿਆਂ ਨੂੰ ਈਦੀ (ਪੈਸੇ ਆਦਿ) ਤੇ ਬਜ਼ੁਰਗਾਂ ਨੂੰ ਈਦ ਮੁਬਾਰਕ ਆਖਦੇ ਹਨ।

ਈਦ ਮਿਲਣ ਦੇ ਜਸ਼ਨ ਹੁੰਦੇ ਹਨ ਜਿਨ੍ਹਾਂ ਵਿੱਚ ਹਰ ਧਰਮ ਦੇ ਲੋਕ ਬਿਨਾਂ ਕਿਸੇ ਝਿਜਕ ਤੋਂ ਇੱਕ-ਦੂਜੇ ਨੂੰ ਗਲਵੱਕੜੀ ਪਾਉਂਦੇ ਹੋਏ ਆਪਸੀ ਭਾਈਚਾਰਾ, ਪਿਆਰ-ਮੁਹੱਬਤ, ਹਮਦਰਦੀ, ਬਰਾਬਰਤਾ ਤੇ ਇੱਕ ਦੇਸ਼ ਦੇ ਵਸਨੀਕ ਹੋਣ ਦਾ ਪੈਗ਼ਾਮ ਦਿੰਦੇ ਹੋਏ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ।

ਪ੍ਰਿੰਸੀਪਲ ਯਾਸੀਨ ਅਲੀ
ਮਾਲੇਰਕੋਟਲਾ ਮੋ. 92565-57957

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ