ਬੱਦਲਵਾਈ ਅਤੇ ਕਿਣਮਿਣ ਨਾਲ ਮਿਲ ਸਕਦੀ ਐ ਕੁਝ ਗਰਮੀ ਤੋਂ ਰਾਹਤ
- ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅੰਦਰ ਬਿਜਲੀ ਦੀ ਮੰਗ 6900 ਮੈਗਾਵਾਟ ਤੋਂ ਉੱਪਰ ਪੁੱਜ ਗਈ ਹੈ। ਇੱਧਰ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ ਹਨ। ਇੱਧਰ ਦਿਹਾਤੀ ਖੇਤਰਾਂ ਵਿੱਚ ਬਿਜਲੀ ਕੱਟ ਲੱਗ ਰਹੇ ਹਨ ਜਦੋਂਕਿ ਪਾਵਰਕੌਮ ਵੱਲੋਂ ਅਜੇ ਕਿਸੇ ਪ੍ਰਕਾਰ ਦੇ ਕੱਟਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਬਿਜਲੀ (Electricity ) ਦੀ ਮੰਗ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਸ਼ਾਮ ਸਮੇਂ ਬਿਜਲੀ ਦੀ ਮੰਗ 6900 ਮੈਗਾਵਾਟ ਨੂੰ ਪਾਰ ਕਰ ਗਈ ਸੀ। ਕੱਲ੍ਹ ਤੋਂ ਭਾਵੇਂ ਕਿ ਪੰਜਾਬ ਅੰਦਰ ਕੁਝ ਰਾਹਤ ਦੀ ਖ਼ਬਰ ਹੈ ਅਤੇ ਆਸਮਾਨ ਵਿੱਚ ਬੱਦਲਵਾਈ ਤੇ ਕੁਝ ਇਲਾਕਿਆਂ ਵਿੱਚ ਕਿਣਮਿਣ ਦਾ ਅਨੁਮਾਨ ਹੈ। ਮੌਜ਼ੂਦਾ ਸਮੇਂ ਪਾਵਰਕੌਮ ਵੱਲੋਂ ਆਪਣੇ ਥਰਮਲਾਂ ਦੇ ਸਾਰੇ ਯੂਨਿਟ ਹੀ ਭਖਾਏ ਹੋਏ ਹਨ।
ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ
ਜੇਕਰ ਸਰਕਾਰੀ ਥਰਮਲ ਪਲਾਂਟ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਚਾਰੇ ਯੂਨਿਟ ਹੀ ਚਾਲੂ ਅਵਸਥਾ ਵਿੱਚ ਹਨ। ਇਸ ਥਰਮਲ ਪਲਾਂਟ ਤੋਂ 624 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ ਜਦੋਂਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਤੇ ਇਸ ਥਰਮਲ ਦਾ ਚੌਥਾ ਯੂਨਿਟ ਪਿਛਲੇ ਸਾਲ ਚਿਮਨੀ ਡਿੱਗਣ ਕਾਰਨ ਬੰਦ ਹੋ ਗਿਆ ਸੀ, ਜੋ ਕਿ ਅਜੇ ਤੱਕ ਚਾਲੂ ਨਹੀਂ ਹੋਇਆ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਤੋਂ 463 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਦੋਵੇਂ ਸਰਕਾਰੀ ਥਰਮਲ ਪਲਾਟਾਂ ਤੋਂ 1087 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਸਭ ਤੋਂ ਵੱਡੇ ਪ੍ਰਾਈਵੇਟ ਥਰਮਲ ਤਲਵੰਡੀ ਸਾਬੋ ਦੇ ਤਿੰਨੇ ਯੂਨਿਟ ਚਾਲੂ ਹਨ ਅਤੇ ਇੱਥੋਂ 1781 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਹਾਸਲ ਹੋ ਰਹੀ ਹੈ। (Electricity )
ਇਸੇ ਤਰ੍ਹਾਂ ਹੀ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 1322 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 498 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਥਮਰਲ ਪਲਾਂਟਾਂ ਦੇ ਮੁਕਾਬਲੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 3601 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇੱਧਰ ਦਿਹਾਤੀ ਖੇਤਰਾਂ ਵਿੱਚ ਬਿਜਲੀ ਕੱਟ ਲੱਗ ਰਹੇ ਹਨ ਅਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਪੰਜਾਬ ਵਿੱਚ ਅਜੇ ਬਹੁਤੀ ਡਿਮਾਂਡ ਨਹੀਂ ਹੈ ਅਤੇ ਕਿਧਰੇ ਵੀ ਕੋਈ ਕੱਟ ਨਹੀਂ ਲਗਾਏ ਜਾ ਰਹੇ।
ਹਾਈਡ੍ਰਲ ਪ੍ਰੋਜੈਕਟਾਂ ਤੋਂ ਬਿਜਲੀ ਉਤਪਾਦਨ ਅਜੇ ਠੱਪ Electricity
ਇੱਧਰ ਪਾਵਰਕੌਮ ਦੇ ਹਾਈਡ੍ਰਲ ਪੋ੍ਰਜੈਕਟਾਂ ਤੋਂ ਬਿਜਲੀ ਉਤਪਾਦਨ ਨਹੀਂ ਹੋ ਰਿਹਾ। ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਬੰਦ ਪਏ ਹਨ, ਜਦੋਂਕਿ ਯੂਵੀਡੀਸੀ ਸਮੇਤ ਹੋਰ ਪ੍ਰੋਜੈਕਟ ਵੀ ਬੰਦ ਹਨ। ਕੇਵਲ ਸ਼ਾਸਨ ਹਾਈਡ੍ਰਲ ਪ੍ਰੋਜੈਕਟ ਤੋਂ ਹੀ 87 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੌਰਾਨ ਇਨ੍ਹਾਂ ਪ੍ਰੋਜੈਕਟਾਂ ਤੋਂ ਬਿਜਲੀ ਹਾਸਲ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ