ਧਾਲੀਵਾਲ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਫੜੀ ਬਾਂਹ

Border Area Farmers
Border Area Farmers

ਰਾਵੀ ਦਰਿਆ ਤੇ ਦੋ ਪਲਟੂਨ ਪੁੱਲਾਂ ਦੀ ਸ਼ੁਰੂਆਤ ਕਰਕੇ ਕਿਸਾਨ ਕੀਤੇ ਖੁਸ਼ | Border Area Farmers

ਅੰਮ੍ਰਿਤਸਰ (ਰਾਜਨ ਮਾਨ)। ਪਿਛਲੇ ਕਈ ਦਹਾਕਿਆਂ ਤੋਂ ਰਾਵੀ ਦਰਿਆ ਤੋਂ ਪਾਰ ਮੁਸਕਲਾਂ ਨਾਲ ਖੇਤੀ ਕਰ ਰਹੇ ਕਿਸਾਨਾਂ ਦੀ ਬਾਂਹ ਫੜਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਾਰਤ ਪਾਕਿਸਤਾਨ ਦੇ ਸਰਹੱਦੀ ਖੇਤਰ ਵਿੱਚ ਰਾਵੀ ਦਰਿਆ ਉਤੇ ਦੋ ਪਲਟੂਨ ਪੁਲਾਂ ਦੀ ਸ਼ੁਰੂਆਤ ਕਰਕੇ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ। ਇਹ ਪੁਲ ਬਣਨ ਨਾਲ ਕਿਸਾਨਾਂ ਅਤੇ ਜਵਾਨਾਂ ਨੂੰ ਰਾਵੀ ਦਰਿਆ ਤੋਂ ਪਾਰ ਖੇਤੀ ਤੇ ਦੇਸ਼ ਦੀ ਸੁਰੱਖਿਆ ਕਰਨ ਵਿੱਚ ਵੱਡੀ ਮਦਦ ਮਿਲੇਗੀ। (Border Area Farmers)

ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜਮੀਨਾਂ ਰਾਵੀ ਦਰਿਆ ਤੋਂ ਪਾਰ ਹਨ ਅਤੇ ਉਸ ਤੋਂ ਅੱਗੇ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਵੀ ਬਹੁਤ ਜਮੀਨ ਹੋਣ ਕਰਕੇ ਇਹ ਲੋਕ ਕਈ ਦਹਾਕਿਆਂ ਤੋਂ ਮੁਸਕਲਾਂ ਨਾਲ ਜੂਝਦੇ ਬੇੜਿਆਂ ਰਾਹੀਂ ਦਰਿਆ ਪਾਰ ਕਰਕੇ ਖੇਤੀ ਕਰਦੇ ਆ ਰਹੇ ਹਨ। ਹੁਣ ਸਰਕਾਰਾਂ ਆਈਆਂ ਪਰ ਕਿਸੇ ਨੇ ਇਹਨਾਂ ਵਕਤਾਂ ਦੇ ਮਾਰਿਆਂ ਦੀ ਬਾਂਹ ਨਹੀਂ ਫੜੀ।

ਹਰਵਾਰ ਚੋਣਾਂ ਵਿੱਚ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਸਿਆਰਤਦਾਨ ਲਾਰਿਆਂ ਦਾ ਪਰਾਗਾ ਭਰਕੇ ਇਹਨਾਂ ਦੀ ਝੋਲੀ ਵਿਚ ਪਾ ਜਾਂਦੇ ਤੇ ਇਹ ਵਿਚਾਰੇ ਪੰਜ ਸਾਲ ਲਾਰਿਆਂ ਦੇ ਇਸ ਪਰਾਗੇ ਨੂੰ ਛੱਟਦੇ ਰਹਿੰਦੇ ਤੇ ਅਖੀਰ ਨਿਰਾਸ ਹੋ ਬੈਠ ਜਾਂਦੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲਦੀਪ ਧਾਲੀਵਾਲ ਵਲੋਂ ਇਹਨਾਂ ਲੋਕਾਂ ਦੀ ਬਾਂਹ ਫੜਨ ਦਾ ਵਾਅਵਾ ਕੀਤਾ ਗਿਆ ਸੀ। ਧਾਲੀਵਾਲ ਵਲੋਂ ਇਕ ਸਾਲ ਵਿਚ ਆਪਣਾ ਵਾਅਦਾ ਨਿਭਾਉਣ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਖੁਸੀ ਦੀ ਲਹਿਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਦਹਾਕਿਆਂ ਬਾਅਦ ਕੋਈ ਰਹਿਬਰ ਬਣਕੇ ਉਹਨਾਂ ਦੀਆਂ ਬਰੂਹਾਂ ਤੇ ਆਇਆ ਹੈ।

ਸਰਕਾਰ ਦੇਸ਼ ਦੇ ਕਿਸਾਨ ਅਤੇ ਜਵਾਨ ਦੇ ਨਾਲ ਖੜੀ ਹੈ : ਧਾਲੀਵਾਲ

ਅੱਜ ਪਿੰਡ ਦਰਿਆ ਮੂਸਾ ਅਤੇ ਕੋਟ ਰਜਾਦਾ ਵਿਖੇ ਪਲਟੂਨ ਪੁੱੱਲਾਂ ਦੇ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਦੇਸ਼ ਦੀ ਅਜਾਦੀ ਵੇਲੇ ਸਾਡਾ ਵੱਡਾ ਰਕਬਾ ਰਾਵੀ ਦਰਿਆ ਤੋਂ ਪਾਰ ਰਹਿ ਗਿਆ, ਜਿੱਥੇ ਸਾਡੇ ਕਿਸਾਨਾਂ ਅਤੇ ਦੇਸ਼ ਦੀ ਸੁਰੱਖਿਆ ਕਰਦੇ ਜੁਆਨਾਂ ਨੂੰ ਲਗਾਤਾਰ ਜਾਣਾ ਪੈਂਦਾ ਹੈ, ਪਰ ਸਾਡੀਆਂ ਹੁਣ ਤੱਕ ਆਈਆਂ ਸਰਕਾਰਾਂ ਨੇ ਇਸ ਅਹਿਮ ਮੁੱਦੇ ਵੱਲ ਵੀ ਧਿਆਨ ਨਹੀਂ ਦਿਤਾ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਵਿੱਚ ਹੀ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਦੋ ਪਲਟੂਨ ਪੁੱੱਲਾਂ ਦੀ ਉਸਾਰੀ ਕਰ ਦਿੱਤੀ ਹੈ, ਜਿਸ ਨਾਲ ਕਿਸਾਨ ਆਪਣੇ ਟਰੈਕਟਰ, ਟਰਾਲੀਆਂ, ਕੰਬਾਈਨਾਂ ਅਤੇ ਹੋਰ ਖੇਤੀ ਅਸਾਨੀ ਨਾਲ ਦਰਿਆ ਤੋਂ ਪਾਰ ਲਿਜਾ ਕੇ ਖੇਤੀ ਕਰ ਸਕਣਗੇ। ਇਸ ਤੋਂ ਇਲਾਵਾ ਬੀ ਐਸ ਐਫ ਦੇ ਜਵਾਨ ਦੇਸ਼ ਦੀ ਹੱਦ ਦੀ ਰਾਖੀ ਲਈ ਆਪਣੀ ਜੀਪਾਂ ਅਤੇ ਹੋਰ ਗੱਡੀਆਂ ਲੰਘਾ ਸਕਣਗੇ।

Border Area Farmers

ਉਨ੍ਹਾਂ ਕਿਹਾ ਕਿ ਮੈਂ ਇੱਥੇ ਪੱਕੇ ਪੁੱਲ ਦੀ ਉਸਾਰੀ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਦਿੱਲੀ ਜਾ ਕੇ ਗੱਲਬਾਤ ਵੀ ਕੀਤੀ ਸੀ ਪਰ ਸਰਹੱਦ ਨੇੜੇ ਪੈਂਦੀ ਹੋਣ ਕਾਰਨ ਉਨ੍ਹਾਂ ਪੱਕੇ ਪੁੱਲ ਦੀ ਉਸਾਰੀ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਪੁੱਲਾਂ ਦੀ ਮਜਬੂਤੀ ਲਈ ਇਨ੍ਹਾਂ ਨੇੜੇ ਸਪਰਮ ਵੀ ਬਣਾਏ ਜਾਣਗੇ, ਜਿੰਨਾ ਉਤੇ ਦੋ ਤੋਂ ਤਿੰਨ ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਕਿਹਾ ਕਿ ਪੁੱਲਾਂ ਦੀ ਉਸਾਰੀ ਨਾਲ ਰਾਵੀ ਪਾਰ ਦੇ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਵਧਣਗੀਆਂ, ਕਿਸਾਨ ਦੀ ਖੇਤੀ ਸੌਖੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਦੇ ਕਿਸਾਨ ਅਤੇ ਦੇਸ਼ ਦੇ ਜੁਆਨਾਂ ਨਾਲ ਖੜੀ ਹੈ। ਇਸ ਮੌਕੇ ਸ੍ਰੀ ਰਜੀਵ ਮੈਦਾਨ, ਸ ਚਰਨਜੀਤ ਸਿੰਘ ਸਿੱਧੂ, ਸ ਗੁਰਜੰਟ ਸਿੰਘ ਸੋਹੀ, ਗੁਰਦੀਪ ਸਿੰਘ ਰੰਧਾਵਾ, ਬੀ ਡੀ ਪੀ ਓ ਸ੍ਰੀ ਸੁਖਜੀਤ ਸਿੰਘ ਬਾਜਵਾ, ਐਕਸੀਅਨ ਸ੍ਰੀ ਦਿਆਲ ਸ਼ਰਮਾ, ਹਰਬੀਰ ਸਿੰਘ ਬੱਬਲੂ, ਮਨਜਿੰਦਰ ਸਿੰਘ ਮੱਤੇਵਾਲ, ਪ੍ਰਧਾਨ ਸਵਿੰਦਰ ਸਿੰਘ ਮਾਨ, ਜਸਪਾਲ ਸਿੰਘ, ਰਾਜਵਿੰਦਰ ਸਿੰਘ ਰਾਜਾ ਰਮਦਾਸ ਅਤੇ ਹੋਰ ਪਤਵੰਤੇ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ