Adarsh School ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਭਵਿੱਖ ‘ਚ ਮਾਨਤਾ ਦੇਣ ਦਾ ਤੁਰੰਤ ਪੱਤਰ ਕੀਤਾ ਜਾਰੀ
- ਮੁਲਾਜ਼ਮਾਂ ਦੀਆਂ ਨੌਕਰੀਆਂ ਜੁਲਾਈ ਤੱਕ ਪੱਕੀਆਂ ਕੀਤੀਆਂ ਜਾਣਗੀਆਂ : ਸਿੱਖਿਆ ਮੰਤਰੀ
- ਜੇਕਰ ਸਰਕਾਰ ਨੇ ਜਥੇਬੰਦੀ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਤਾਂ ਵਿੱਢਿਆ ਅੰਦੋਲਨ ਹੋਰ ਤਿੱਖਾ ਹੋਵੇਗਾ : ਸੂਬਾ ਪ੍ਰਧਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਦਰਸ਼ ਸਕੂਲ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾਈ ਆਗੂਆਂ ਦੀ ਪੈਨਲ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਹੈ। (Adarsh School)
ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ ਜੁਆਇੰਟ ਸੈਕਟਰੀ ਮੁੰਹਮਦ ਸਲੀਮ ਸੂਬਾ ਕਮੇਟੀ ਮੈਂਬਰ ਅਮਰਜੋਤ ਜੋਸੀ, ਭਗਵੰਤ ਸਿੰਘ ਵੱਲੋਂ ਸਿੱਖਿਆ ਵਜ਼ੀਰ ਸਾਹਮਣੇ ਪੇਸ਼ ਪ੍ਰਮੁੱਖ ਮੰਗਾਂ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਆਦਰਸ਼ ਸਕੂਲਾਂ ਵਿੱਚ 10-10 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਦੀਆਂ ਦਸ ਸਾਲਾਂ ਪਾਲਿਸੀ ਵਿੱਚ ਸ਼ਾਮਲ ਕਰਕੇ ਨੌਕਰੀਆਂ ਪੱਕੀਆਂ ਕਰਨ, ਜੁਲਾਈ 2019 ਦੇ ਨਾਰਮਜ਼ ਪੱਤਰ ਮੁਤਾਬਕ ਪੂਰੀਆਂ ਤਨਖਾਹਾਂ ਜਾਰੀ ਕਰਨ,
ਮੁਲਾਜ਼ਮਾਂ ਦੀਆਂ ਬਦਲੀਆਂ ਇੱਧਰੋਂ -ਉੱਧਰ ਕਰਨ ਸਬੰਧੀ, ਆਦਰਸ਼ ਸਕੂਲ ਕਾਲੇਕੇ (ਬਰਨਾਲਾ) ਦੇ ਮੁਲਾਜ਼ਮਾਂ ਦੀਆਂ ਸੱਤ ਮਹੀਨਿਆਂ ਤੋਂ ਰੁਕੀਆਂ ਉਜ਼ਰਤਾਂ ਜਾਰੀ ਕਰਨ ਸਬੰਧੀ , ਆਦਰਸ਼ ਸਕੂਲਾਂ ਦਾ ਪ੍ਰਬੰਧ ਛੱਡ ਚੁੱਕੀਆਂ ਮੈਨੇਜਮੈਂਟਾਂ ਵਾਲੇ ਅਦਾਰਿਆਂ ਦਾ ਬਦਲਵਾਂ ਪ੍ਰਬੰਧ ਕਰਨ ਸਬੰਧੀ ਅਤੇ ਆਦਰਸ਼ ਸਕੂਲਾਂ ਵਿੱਚ ਪੜਾਉਣ ਦੇ ਤਜ਼ਰਬੇ ਨੂੰ ਮਾਨਤਾ ਦੇਣ ਸਮੇਤ ਤਮਾਮ ਮੰਗਾਂ ਜ਼ੋਰਦਾਰ ਤਰੀਕੇ ਨਾਲ ਰੱਖੀਆਂ ਗਈਆਂ। ਸਮੁੱਚੀਆਂ ਮੰਗਾਂ ਨੂੰ ਸੁਣਦਿਆਂ ਸਿੱਖਿਆ ਮੰਤਰੀ ਪੰਜਾਬ ਨੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦਾ ਤਜ਼ਰਬਾ ਮੰਨਣ ਦਾ ਐਲਾਨ ਕਰਦਿਆਂ ਤੁਰੰਤ ਪੱਤਰ ਵੀ ਜਾਰੀ ਕੀਤਾ ਹੈ।
ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਆਦਰਸ਼ ਸਕੂਲ ਯੂਨੀਅਨ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਓਹਲੇ ਕਰਨ ਦਾ ਹੋਰ ਯਤਨ ਕੀਤਾ ਤਾਂ ਜਥੇਬੰਦੀ ਵਿੱਢਿਆ ਅੰਦੋਲਨ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਮੈਡਮ ਓਮਾ, ਮੈਡਮ ਮੀਨੂੰ, ਹਰਸਿਮਰਨ ਸਿੰਘ ਆਦਿ ਆਗੂ ਮੌਜੂਦ ਸਨ।
ਨੌਕਰੀਆਂ ਜੁਲਾਈ ਤੱਕ ਪੱਕੀਆਂ ਕੀਤੀਆਂ ਜਾਣਗੀਆਂ : ਸਿੱਖਿਆ ਮੰਤਰੀ
ਮੀਟਿੰਗ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਨੌਕਰੀਆਂ ਜੁਲਾਈ ਤੱਕ ਪੱਕੀਆਂ ਕੀਤੀਆਂ ਜਾਣਗੀਆਂ ਅਤੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਇੱਕ ਆਲਹਾ ਅਫਸਰਾਂ ਦੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ। ਜਿਹੜੀ ਇੱਕ ਮਹੀਨੇ ਵਿੱਚ ਸਰਕਾਰ ਨੂੰ ਮੁਕੰਮਲ ਰਿਪੋਰਟ ਪੇਸ਼ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ