ਕਾਂਗਰਸ ਆਪਣਾ ਕਿਲ੍ਹਾ ਬਚਾਈ ਰੱਖਣ ਲਈ ਪੱਬਾਂ ਭਾਰ | Jalandhar News
ਜਲੰਧਰ, (ਰਾਜਨ ਮਾਨ)। ਜਲੰਧਰ ਲੋਕ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ (Jalandhar News) ਸਾਰੀਆਂ ਹੀ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦਾ ਪੈਂਡਾ ਵੀ ਬਿਖੜਾ ਨਜਰ ਆ ਰਿਹਾ ਹੈ ਜਦੋਂਕਿ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ।
ਉਧਰ ਭਾਰਤੀ ਜਨਤਾ ਪਾਰਟੀ ਵੀ ਪੰਜਾਬ ’ਚ ਪੈਰ ਅਜਮਾਉਣ ਲਈ ਧਰਤ ਤਲਾਸ਼ ਰਹੀ ਹੈ। ਭਾਜਪਾ ਨੂੰ ਅਜੇ ਤੱਕ ਕੋਈ ਉਮੀਦਵਾਰ ਨਹੀਂ ਲੱਭ ਰਿਹਾ। ਦੇਸ਼ ਦੀਆਂ 2024 ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਇਹ ਚੋਣ ਬਹੁਤ ਮਾਇਨੇ ਰੱਖਦੀ ਹੈ। ਇਸ ਚੋਣ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਮਰ ਕੱਸ ਲਈ ਗਈ ਹੈ। ਹਰ ਪਾਰਟੀ ਜਿੱਤ ਦਾ ਝੰਡਾ ਗੱਡਣ ਦੇ ਦਾਅਵੇ ਕਰ ਰਹੀ ਹੈ। ਇਹ ਸੀਟ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਕਾਰਨ ਖਾਲੀ ਹੋਈ ਸੀ। ਤਾਜ਼ਾ ਹਾਲਾਤਾਂ ਦੇ ਸੰਦਰਭ ਵਿੱਚ ਲੋਕ ਸਭਾ ਹਲਕਾ ਜਲੰਧਰ ਇੱਕ ਅਜਿਹਾ ਵੱਕਾਰੀ ਹਲਕਾ ਬਣ ਗਿਆ ਹੈ ਜਿਸ ਵੱਲ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਟਿਕ ਗਈਆਂ ਹਨ। (Jalandhar News)
ਸਿਆਸੀ ਪਾਰਟੀਆਂ ਚੋਣ ਜਿੱਤਣ ਲਈ ਹਰ ਦਾਅ ਖੇਡ ਸਕਦੀਆਂ ਹਨ। ਜਲੰਧਰ ਲੋਕ ਸਭਾ ਹਲਕੇ ’ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ’ਚੋਂ ਚਾਰ ਰਾਖਵੇਂ ਹਨ। ਇਨ੍ਹਾਂ ਹਲਕਿਆਂ ’ਚ ਜਲੰਧਰ ਛਾਉਣੀ, ਜਲੰਧਰ ਉੱਤਰੀ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਨਕੋਦਰ, ਆਦਮਪੁਰ ਤੇ ਕਰਤਾਰਪੁਰ ਸ਼ਾਮਲ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜ ਹਲਕਿਆਂ ’ਚ ਕਾਂਗਰਸ ਜਿੱਤੀ ਸੀ ਜਦੋਂਕਿ 4 ਹਲਕੇ ਆਮ ਆਦਮੀ ਪਾਰਟੀ ਕੋਲ ਹਨ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਚੋਣ ਜਿੱਤੇ ਸਨ। ਉਨ੍ਹਾਂ ਦੀ ਮੌਤ ਕਾਰਨ ਇਹ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ ਜਿਸ ਨੂੰ ਰਾਜਨੀਤਕ ਪੱਖ ਤੋਂ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
‘ਆਪ’ ਨੂੰ ਵੀ ਕਰਨੀ ਪਵੇਗੀ ਕਰੜੀ ਮੁਸ਼ੱਕਤ | Jalandhar News
ਜੇ ਇਸ ਹਲਕੇ ’ਤੇ ਪੰਛੀ ਝਾਤ ਮਾਰੀਏ ਤਾਂ ਇਹ ਹਲਕੇ ’ਤੇ ਕਾਂਗਰਸ ਦਾ ਜ਼ਿਆਦਾ ਕਬਜ਼ਾ ਰਿਹਾ ਹੈ ਤੇ ਦੁਆਬੇ ਨੂੰ ਉਂਜ ਵੀ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। 1999 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਹਲਕੇ ’ਤੇ ਕਾਂਗਰਸ ਦਾ ਕਬਜ਼ਾ ਚੱਲਦਾ ਆ ਰਿਹਾ ਹੈ। ਇਸ ਹਲਕੇ ਤੋਂ ਕਾਂਗਰਸ ਦੇ ਬਲਬੀਰ ਸਿੰਘ, ਰਾਣਾ ਗੁਰਜੀਤ ਸਿੰਘ, ਮਹਿੰਦਰ ਸਿੰਘ ਕੇਪੀ ਤੇ ਚੌਧਰੀ ਸੰਤੋਖ ਸਿੰਘ ਲਗਾਤਾਰ ਚੋਣ ਜਿੱਤੇ ਹਨ। ਕਾਂਗਰਸ ਪਾਰਟੀ ਨੇ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਨੂੰ ਉਮੀਦਵਾਰ ਐਲਾਨ ਕੇ ਹਮਦਰਦੀ ਵਾਲੀ ਵੋਟ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।
ਉਧਰ ਅਕਾਲੀ ਦਲ ਤੇ ਬਸਪਾ ਨੇ ਵਿਧਾਨ ਸਭਾ ਬੰਗਾਂ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਰ ਸੁੱਖੀ ਨੂੰ ਉਮੀਦਵਾਰ ਐਲਾਨਿਆ ਹੈ। ਸੁੱਖੀ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਹਨ। ਅਕਾਲੀ ਦਲ ਨੂੰ ਹੋਰ ਕੋਈ ਯੋਗ ਉਮੀਦਵਾਰ ਨਾ ਲੱਭਣ ਕਾਰਨ ਆਪਣੇ ਵਿਧਾਇਕ ਉਪਰ ਹੀ ਬਾਜੀ ਖੇਡ ਦਿੱਤੀ ਹੈ। ਸੱਤਾ ’ਤੇ ਢਾਈ ਦਹਾਕੇ ਰਾਜ ਕਰਨ ਵਾਲੇ ਸ੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਨਜਰ ਆ ਰਹੀ ਹੈ। ਅਕਾਲੀ ਦਲ ਦੇ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਜਲੰਧਰ ਕੈਂਟ ਤੋਂ ਸ੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : Bathinda Military Station : ਗੋਲੀਬਾਰੀ ‘ਚ ਮਰਨ ਵਾਲੇ 4 ਜਣੇ ਫੌਜੀ ਜਵਾਨ, ਹੁਣ ਤੱਕ ਦੀ ਜਾਣਕਾਰੀ…
ਭਾਜਪਾ ਪਿਛਲੇ ਕਾਫੀ ਅਰਸੇ ਤੋਂ ਆਪਣੇ ਆਪ ਨੂੰ ਵੱਡੀ ਧਿਰ ਵਜੋਂ ਉਭਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਭਾਜਪਾ ਨੂੰ ਅਜੇ ਤੱਕ ਮੈਦਾਨ ’ਚ ਉਤਾਰਨ ਵਾਲਾ ਜਰਨੈਲ ਹੀ ਨਹੀਂ ਲੱਭ ਰਿਹਾ। ਇਸ ਜ਼ਿਲ੍ਹੇ ਤੋਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕੋਲ ਇੱਕ ਵੀ ਸੀਟ ਨਹੀਂ ਹੈ।ਆਪ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲ ਹੀ ਵਿਚ ਲਤੀਫਪੁਰਾ ਇਲਾਕੇ ਵਿੱਚ ਲੋਕਾਂ ਦੇ ਘਰ ਢਾਹੇ ਜਾਣ ਕਾਰਨ ਲੋਕਾਂ ਵਿਚ ਉਸ ਗੱਲ ਨੂੰ ਲੈ ਕੇ ਗੁੱਸਾ ਠੰਢਾ ਨਹੀਂ ਹੋਇਆ।
ਆਮ ਆਦਮੀ ਪਾਰਟੀ ਲਈ ਇਹ ਪਰਖ ਦੀ ਘੜੀ ਹੈ। ਸੰਗਰੂਰ ਜ਼ਿਮਨੀ ਚੋਣ ਵਿੱਚ ਹਾਰ ਤੋਂ ਹੋਈ ਨਮੋਸ਼ੀ ਤੋਂ ਆਪ ਅਜੇ ਬਾਹਰ ਨਹੀਂ ਨਿਕਲ ਸਕੀ ਕਿ ਹੁਣ ਇਕ ਹੋਰ ਇਮਤਿਹਾਨ ਸਿਰ ਉਪਰ ਆ ਪਿਆ ਹੈ। ਇਹ ਸੀਟ ਆਪ ਸਰਕਾਰ ਦੇ ਵਕਾਰ ਦਾ ਸਵਾਲ ਬਣ ਗਈ ਹੈ। ਆਪ ਵੱਲੋਂ ਆਪਣੇ ਪੁਰਾਣੇ ਵਲੰਟੀਅਰਾਂ ਨੂੰ ਨਜ਼ਰ ਅੰਦਾਜ ਕਰਕੇ ਕਾਂਗਰਸ ਪਾਰਟੀ ਵਿਚੋਂ ਲਿਆ ਕੇ ਰਿੰਕੂ ਨੂੰ ਟਿਕਟ ਦੇਣਾ ਵੀ ਕਿਤੇ ਨਾ ਕਿਤੇ ਪਾਰਟੀ ਲਈ ਸਿਰਦਰਦੀ ਬਣ ਸਕਦਾ ਹੈ। ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਟਿਕਟਾਂ ਦੇਣ ਦਾ ਵਿਰੋਧ ਕਰਨ ਵਾਲੀ ਆਪ ਹੁਣ ਆਪ ਵੀ ਉਹਨਾਂ ਦੀਆਂ ਪੈੜਾਂ ਉਪਰ ਚੱਲ ਰਹੀ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਬੈਂਕਾਂ ’ਤੇ ਕੀਤੀ ਵੱਡੀ ਕਾਰਵਾਈ, ਛਾਪੇਮਾਰੀ ’ਚ 1000 ਕਰੋੜ ਦੀ ਹੇਰਾਫੇਰੀ ਦਾ ਖੁਲਾਸਾ
ਜਲੰਧਰ ਸੀਟ ਜਿੱਤਣਾ ਆਪ ਲਈ ਵੀ ਬਹੁਤਾ ਸੌਖਾ ਨਹੀਂ ਹੈ।ਉਧਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਇਨਸਾਫ ਨਾ ਮਿਲਣ ਕਾਰਨ ਹਲਕੇ ਵਿੱਚ ਜਾ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਨ ਲਈ ਕਮਰਕੱਸਾ ਕਰ ਲਿਆ ਗਿਆ ਹੈ। ਬਹੁਤ ਸਾਰੀਆਂ ਮੁਲਾਜਮ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੀ ਆਪ ਵਿਰੁੱਧ ਤਿਆਰੀ ਖਿੱਚ ਰਹੀਆਂ ਹਨ। ਇਹ ਸੀਟ ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਸਾਰਿਆਂ ਵਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਸਾਰੀਆਂ ਧਿਰਾਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ। ਇਸ ਚੋਣ ਦੇ ਨਤੀਜਿਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਜਿਹੜੀ ਧਿਰ ਜਿੱਤਣ ’ਚ ਕਾਮਯਾਬ ਹੁੰਦੀ ਹੈ ਉਹ ਲੋਕ ਸਭਾ ਚੋਣਾਂ ਵਿੱਚ ਇਸ ਨੂੰ ਮੁੱਦਾ ਬਣਾ ਕੇ ਵਿਰੋਧੀਆਂ ਵਿਰੁੱਧ ਲੜੇਗੀ। ਸਮਾਂ ਕੀ ਕਰਵਟ ਲੈਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ