(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਤਿੰਨ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਵੇਅਰ ਹਾਊਸ ਦੇ ਗੁਦਾਮ ’ਚੋਂ ਚੌਲਾਂ ਦੀਆਂ ਬੋਰੀਆਂ ਚੋਰੀ ਕਰਕੇ ਇਕ ਟਰੱਕ ਵਿਚ ਲੋਡ ਕਰ ਰਹੇ ਸਨ। ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਵਿਚੋਂ ਇਕ ਵਿਅਕਤੀ ਵੇਅਰ ਹਾਊਸ (Warehouses) ਇੰਸਪੈਕਟਰ ਵੀ ਦੱਸਿਆ ਜਾ ਰਿਹਾ ਹੈ ਐਸਐਚਓ ਥਾਣਾ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਹਰਮੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਗਸਤ ਦੇ ਸਬੰਧ ਵਿੱਚ ਬਾਈਪਾਸ ਘੁਰਾਲਾ ਚੌਂਕ ਗੁਰਦਾਸਪੁਰ ਮੌਜੂਦ ਸੀ ਇਸ ਦੌਰਾਨ ਕਿਸੇ ਨੇ ਇਤਲਾਹ ਦਿੱਤੀ ਕਿ ਸ੍ਰੀ ਨੰਗਲੀ ਵਾਲੇ ਵੇਅਰ ਹਾਊਸ ਦੇ ਗੋਦਾਮਾ ਵਿਚੋਂ ਮਹਿਕਮਾ ਦੇ ਅਧਿਕਾਰੀਆਂ ਤੇ ਵਿਅਕਤੀਆਂ ਵੱਲੋਂ ਰਲ ਕੇ ਚੌਲਾਂ ਦੀ ਚੋਰੀ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਮੌਕੇ ’ਤੇ ਗੋਦਾਮਾ ਵਿੱਚੋਂ ਟਰੱਕ ’ਤੇ ਚੋਰੀ ਚੌਲ ਲੋਡ ਕੀਤੇ ਜਾ ਰਹੇ ਹਨ।
ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕੇ ਮੁਲਜ਼ਮ ਮਨਬੀਰ ਸਿੰਘ ਮੰਨੂ ਪੁੱਤਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਵਿਰਕ ਥਾਣਾ ਤਿੱਬੜ, ਵਰਿੰਦਰ ਕੁਮਾਰ ਪੁੱਤਰ ਤਿਲਕ ਰਾਜ, ਅਭੀਸ਼ੇਕ ਪੁੱਤਰ ਸਤੀਸ਼ ਕੁਮਾਰ ਵਾਸੀਆਂ ਪਨਿਆੜ ਥਾਣਾ ਦੀਨਾਨਗਰ ਜੋ ਟਰੱਕ ਵਿੱਚ ਚੌਲ ਲੋਡ ਕਰ ਰਹੇ ਸਨ ਨੂੰ ਕਾਬੂ ਕਰਕੇ ਟਰੱਕ ਜਿਸ ’ਚ 130 ਬੋਰੀਆ (ਹਰੇਕ ਬੋਰੀ ਵਜਨੀ 50 ਕਿਲੋਗ੍ਰਾਮ) ਚੌਲ ਭਰੇ ਸੀ ਨੂੰ ਕਬਜੇ ਵਿੱਚ ਲੈ ਕੇ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ। (Warehouses)
ਐਸਐਚਓ ਅਨੁਸਾਰ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਵਰਿੰਦਰ ਕੁਮਾਰ ਵੇਅਰ ਹਾਊਸ ਦਾ ਇਸਪੈਕਟਰ ਰੈਂਕ ਦਾ ਅਧਿਕਾਰੀ ਹੈ ਜਦਕਿ ਜਦ ਕਿ ਅਭਿਸੇਕ ਕੁਮਾਰ ਉਹ ਵੀ ਵਿਭਾਗ ਵਿੱਚ ਡੈਟਾ ਐਂਟਰੀ ਓਪਰੇਟਰ ਦੇ ਤੌਰ ’ਤੇ ਤਾਇਨਾਤ ਹੈ। ਮਾਮਲੇ ਵਿੱਚ ਤਫਤੀਸ਼ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਮਾਮਲੇ ਵਿਚ ਹੋਰ ਸਰਕਾਰੀ ਅਧਿਕਾਰੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ