ਸਕੂਲਾਂ ’ਚ ਦਾਖਲੇ ਲਈ ਮਾਪਿਆਂ ਤੇ ਵਿਦਿਆਰਥੀਆਂ ਦੇ ਇੰਟਰਵਿਊ ਜਾਂ ਟੈਸਟ ਲੈਣ ’ਤੇ ਰੋਕ
- ਕੋਈ ਵੀ ਉਲੰਘਣਾ ਸਾਹਮਣੇ ਆਉਣ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ-ਸਾਕਸ਼ੀ ਸਾਹਨੀ
(ਸੱਚ ਕਹੂੰ ਨਿਊਜ਼) ਪਟਿਆਲਾ। ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਸਾਕਸ਼ੀ ਸਾਹਨੀ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਦੇ ਸਕੂਲਾਂ ਵਿੱਚ ਦਾਖਲੇ ਸਮੇਂ ਉਨ੍ਹਾਂ ਦੇ ਮਾਪਿਆਂ ਜਾਂ ਵਿਦਿਆਰਥੀਆਂ ਦੇ ਟੈਸਟ ਜਾਂ ਕਿਸੇ ਤਰ੍ਹਾਂ ਦੀ ਇੰਟਰਵਿਊ ਆਦਿ ਕਰਨ ਦੀ ਕਾਨੂੰਨ ਮੁਤਾਬਕ ਮਨਾਹੀ ਹੈ। ਅਜਿਹੀ ਉਲੰਘਣਾ ਸਾਹਮਣੇ ਆਉਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (Admission Test) ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖਲੇ ਲਈ ਇੰਟਰਵਿਊ, ਟੈਸਟ ਜਾਂ ਇੰਟਰੈਕਸ਼ਨ ਦੇ ਨਾਮ ਹੇਠ ਵਿਦਿਆਰਥੀਆਂ ਤੇ ਮਾਪਿਆਂ ਦੀ ਇੰਟਰਵਿਊ ਕੀਤੇ ਜਾਣ ਦੇ ਮਾਮਲਿਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਧਿਆਨ ਵਿੱਚ ਲਿਆਂਦੇ ਜਾਣ ਦੇ ਹਵਾਲੇ ਨਾਲ ਇਹ ਹੁਕਮ ਪਾਸ ਕੀਤੇ ਹਨ। ਕਿਉਂਕਿ ਬਹੁਤ ਸਾਰੇ ਮਾਪੇ ਇਸ ਬਾਬਤ ਕੋਈ ਰਸਮੀ ਜਾਂ ਲਿਖਤੀ ਸ਼ਿਕਾਇਤ ਇਸ ਲਈ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਬੱਚੇ ਦਾ ਮਨਚਾਹੇ ਸਕੂਲਾਂ ’ਚ ਦਾਖਲਾ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ : ਨਾਭਾ ਵਿਧਾਇਕ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੁਲਾਕਾਤ, ਛੇਤੀ ਹੋਵੇਗੀ ਸਿੱਖਿਆ ਵਿਭਾਗ ’ਚ ਭਰਤੀ
ਸਕੂਲ ਜਾਂ ਵਿਅਕਤੀ ਵੱਲੋਂ ਕਿਸੇ ਵੀ ਸਕ੍ਰੀਨਿੰਗ ਪ੍ਰਕਿਰਿਆ ’ਤੇ ਸਪੱਸ਼ਟ ਤੌਰ ’ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਬੱਚਿਆਂ ਦੀ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ, 2009 (ਆਰ.ਟੀ.ਈ. ਐਕਟ) ਮੁਤਾਬਕ ਕਿਸੇ ਵੀ ਸਕੂਲ ਜਾਂ ਵਿਅਕਤੀ ਵੱਲੋਂ ਕਿਸੇ ਵੀ ਸਕ੍ਰੀਨਿੰਗ ਪ੍ਰਕਿਰਿਆ ’ਤੇ ਸਪੱਸ਼ਟ ਤੌਰ ’ਤੇ ਪਾਬੰਦੀ ਹੈ। ਇਸ ਮੁਤਾਬਕ ਦਾਖਲੇ ਲਈ ਕੋਈ ਕੈਪੀਟੇਸ਼ਨ ਫੀਸ ਤੇ ਸਕ੍ਰੀਨਿੰਗ ਪ੍ਰਕਿਰਿਆ ਨਹੀਂ ਹੋਵੇਗੀ। ਕੋਈ ਵੀ ਸਕੂਲ ਜਾਂ ਵਿਅਕਤੀ, ਕਿਸੇ ਬੱਚੇ ਨੂੰ ਦਾਖਲਾ ਦਿੰਦੇ ਸਮੇਂ, ਕੋਈ ਕੈਪੀਟੇਸ਼ਨ ਫੀਸ ਨਹੀਂ ਵਸੂਲੇਗਾ ਤੇ ਬੱਚੇ ਜਾਂ ਉਸਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਕਿਸੇ ਵੀ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। (Admission Test)
ਕੋਈ ਸਕੂਲ ਜਾਂ ਵਿਅਕਤੀ, ਜੇਕਰ ਉਪ-ਧਾਰਾ (1) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹਨ, ਜਾਂ (ਏ) ਕੈਪੀਟੇਸ਼ਨ ਫੀਸ ਪ੍ਰਾਪਤ ਕਰਦਾ ਹੈ ਤਾਂ ਉਹ ਜੁਰਮਾਨੇ ਦੇ ਨਾਲ ਸਜ਼ਾ ਦਾ ਭਾਗੀਦਾਰ ਹੋਵੇਗਾ, ਜੋ ਕਿ ਵਸੂਲ ਕੀਤੀ ਕੈਪੀਟੇਸ਼ਨ ਫੀਸ ਤੋਂ ਦਸ ਗੁਣਾ ਤੱਕ ਹੋ ਸਕਦਾ ਹੈ; (ਬੀ) ਬੱਚੇ ਦੀ ਇੰਟਰਵਿਊ ਪ੍ਰਕਿਰਿਆ ਦੇ ਅਧੀਨ, ਜੁਰਮਾਨੇ ਦੇ ਨਾਲ ਸਜ਼ਾਯੋਗ ਅਪਰਾਧ ਹੋਵੇਗਾ ਜੋ ਪਹਿਲੀ ਉਲੰਘਣਾ ਲਈ 25 ਹਜ਼ਾਰ ਰੁਪਏ ਅਤੇ ਇਸ ਤੋਂ ਬਾਅਦ ਦੀ ਉਲੰਘਣਾ ਲਈ 50 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ