ਮਾਸੂਮ ਭੈਣ ਭਰਾ ਬਲੀ ਕਾਂਡ : ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ

ਬਠਿੰਡਾ : ਬਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਜ਼ੇਲ੍ਹ ਲਿਜਾਂਦੀ ਹੋਈ ਪੁਲਿਸ ਟੀਮ । ਤਸਵੀਰ : ਸੱਚ ਕਹੂੰ ਨਿਊਜ਼

 Bathinda News : 10-10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ

(ਸੁਖਜੀਤ ਮਾਨ) ਬਠਿੰਡਾ। ਜ਼ਿਲ੍ਹੇ ਦੇ ਕਸਬਾ ਕੋਟਫ਼ੱਤਾ ’ਚ 6 ਸਾਲ ਪਹਿਲਾਂ ਵਾਪਰੇ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਦੇ ਮਾਮਲੇ ’ਚ ਅੱਜ ਬਠਿੰਡਾ ਦੀ ਮਾਣਯੋਗ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੋਸ਼ੀਆਂ ’ਚ ਮ੍ਰਿਤਕ ਬੱਚਿਆਂ ਦੇ ਮਾਂ-ਪਿਓ, ਦਾਦੀ, ਚਾਚਾ ਤੇ ਦੋ ਭੂਆ ਸਮੇਤ ਤਾਂਤਰਿਕ ਸ਼ਾਮਿਲ ਹੈ। ( Bathinda News)

ਇਸ ਸੰਵੇਦਨਸੀਲ ਕੇਸ ਦੀ ਪੈਰਵਾਈ ਕਰਦੇ ਆ ਰਹੇ ਐਕਸ਼ਨ ਕਮੇਟੀ ਦੇ ਮੈਂਬਰ ਭਾਈ ਪਰਨਜੀਤ ਸਿੰਘ ਖਾਲਸਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮਾਸੂਮਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਵੱਲੋਂ ਕਾਫੀ ਜੱਦੋ-ਜਹਿਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ 20 ਮਾਰਚ ਨੂੰ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ ਤੇ ਅੱਜ ਸਜ਼ਾ ਦਾ ਫੈਸਲਾ ਸੁਣਾਉਂਦਿਆਂ ਸਾਰੇ ਸੱਤ ਦੋਸ਼ੀਆਂ ਨੂੰ ਉਮਰ ਕੈਦ ਤੇ 10-10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸ਼ਜਾ ਸੁਣਾਉਣ ਦੇ ਨਾਲ ਅੱਜ ਮ੍ਰਿਤਕ ਬੱਚਿਆਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੀ ਹੋਵੇਗੀ। ( Bathinda News)


ਦੋਸ਼ੀਆਂ ’ਚ ਮ੍ਰਿਤਕਾਂ ਦੇ ਮਾਂ-ਪਿਓ, ਦਾਦੀ, ਚਾਚਾ ਤੇ ਦੋ ਭੂਆ ਸਮੇਤ ਤਾਂਤਰਿਕ ਸ਼ਾਮਿਲ

ਦੱਸਣਯੋਗ ਹੈ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸ਼ਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਹਨਾਂ ਦੇ ਘਰ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਪਰਿਵਾਰ ਵੱਲੋਂ ਇਹ ਬਲੀ ਮ੍ਰਿਤਕ ਬੱਚਿਆਂ ਦੀ ਭੂਆ ਦੇ ਔਲਾਦ ਹੋਣ ਦੀ ਖਾਤਰ ਦਿੱਤੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ