ਪੂਰੇ ਵਿਸ਼ਵ ਵਿੱਚ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਅਸਲ ਮਨੋਰਥ ਧਰਤੀ ਹੇਠਲੇ ਪਾਣੀ (Ground water) ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਨ ਲਈ ਉਪਰਾਲੇ ਕਰਨਾ ਹੈ। ਪਾਣੀ ਸਾਡੇ ਜੀਵਨ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ। ਪਾਣੀ ਤੋਂ ਬਿਨਾਂ ਸਾਡਾ ਜੀਵਨ ਅਸੰਭਵ ਹੈ। ਪਾਣੀ ਸਾਨੂੰ ਕੁਦਰਤ ਵੱਲੋਂ ਦਿੱਤਾ ਗਿਆ ਸਭ ਤੋਂ ਵਡਮੁੱਲਾ ਤੋਹਫਾ ਹੈ। ਸਦੀਆਂ ਤੋਂ ਪਾਣੀ ਸਾਡੀ ਜੀਵਨਸ਼ੈਲੀ ਅਤੇ ਰੀਤੀ-ਰਿਵਾਜ਼ਾਂ ਵਿੱਚ ਸਰਵਪ੍ਰਥਮ ਹੈ ਪਰ ਅੱਜ ਇਸ ਪਾਣੀ ਦੀ ਘਾਟ ਮਹਿਸੂਸ ਹੁੰਦੀ ਦਿਖਾਈ ਦੇ ਰਹੀ ਹੈ। ਧਰਤੀ ਹੇਠਲੇ ਪਾਣੀ ਦੀ ਆਉਂਦੀ ਇਹ ਕਮੀ ਨਾ ਸਿਰਫ਼ ਪੰਜਾਬ ਜਾਂ ਭਾਰਤ ਬਲਕਿ ਸਾਰੇ ਵਿਸ਼ਵ ਨੂੰ ਪੇਸ਼ ਆਉਣ ਵਾਲੀ ਮੁੱਖ ਸਮੱਸਿਆ ਹੈ। ਮੌਸਮ ਵਿੱਚ ਆਉਂਦੇ ਬਦਲਾਅ ਕਰਕੇ ਸਾਡੀ ਧਰਤੀ ਗਰਮ ਹੋ ਰਹੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਹੌਲੀ-ਹੌਲੀ ਮੁੱਕਦਾ ਜਾ ਰਿਹਾ ਹੈ।
ਭਾਰੀ ਮਾਤਰਾ ’ਚ ਬਰਬਾਦ ਹੋ ਰਿਹੈ ਪਾਣੀ | Ground water
ਦੁਨੀਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਕਰਕੇ ਪਾਣੀ ਦੀ ਵਰਤੋਂ ਪਹਿਲਾਂ ਤੋਂ ਬਹੁਤ ਜ਼ਿਆਦਾ ਵਧੀ ਹੈ ਜਿਸ ਕਰਕੇ ਪਾਣੀ ਦੀ ਸਮੱਸਿਆ ਦਾ ਅੱਜ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ ਅਤੇ ਉਮਰਾਂ ਤੱਕ ਕਰਦੇ ਰਹਾਂਗੇ। ਪਾਣੀ ਦੀ ਵਰਤੋਂ ਦੇ ਨਾਲ-ਨਾਲ ਪਾਣੀ ਦੀ ਬਰਬਾਦੀ ਵੀ ਬਹੁਤ ਵਧ ਗਈ ਹੈ। ਵਧੇਰੇ ਕਰਕੇ ਘਰਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਲਾਪਰਵਾਹੀ ਨਾਲ ਕੀਤੀ ਜਾਂਦੀ ਹੈ। ਪਾਣੀ ਦੀ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਪਾਣੀ ਅਜਾਈਂ ਹੀ ਵਿਅਰਥ ਹੋ ਜਾਂਦਾ ਹੈ।
ਹਰ ਰੋਜ਼ ਇੱਕ ਵੱਡੀ ਮਾਤਰਾ ਵਿੱਚ ਪਾਣੀ ਸਾਡੇ ਨਹਾਉਣ, ਕੱਪੜੇ, ਭਾਂਡੇ ਧੋਣ, ਖਾਣਾ ਬਣਾਉਣ ਅਤੇ ਹੋਰ ਕਈ ਛੋਟੇ-ਵੱਡੇ ਘਰੇਲੂ ਕੰਮਾਂ ਵਿੱਚ ਖਪਤ ਹੋ ਜਾਂਦਾ ਹੈ। ਅੱਜ ਸਾਨੂੰ ਲੋੜ ਹੈ ਪਾਣੀ ਦੀ ਹੁੰਦੀ ਇਸ ਬਰਬਾਦੀ ਨੂੰ ਪੂਰੀ ਤਰ੍ਹਾਂ ਰੋਕਣ ਦੀ ਕਿਉਂਕਿ ਅਸੀਂ ਭਵਿੱਖ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸਾਂਗੇ। ਜੇਕਰ ਅਸੀਂ ਪਾਣੀ ਦੀ ਇਸੇ ਤਰ੍ਹਾਂ ਦੁਰਵਰਤੋਂ ਕਰਦੇ ਰਹੇ ਤਾਂ ਇੱਕ ਦਿਨ ਐਸਾ ਆਵੇਗਾ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਤਾਂ ਕੀ ਸਾਨੂੰ ਪੀਣ ਲਈ ਵੀ ਪਾਣੀ ਨਹੀਂ ਮਿਲੇਗਾ ਅਤੇ ਉਹ ਦੇਸ਼ ਸਭ ਤੋਂ ਤਾਕਤਵਰ ਕਹਾਵੇਗਾ ਜਿਸ ਕੋਲ ਪਾਣੀ ਹੋਵੇਗਾ।
ਝੋਨੇ ਤੇ ਬਾਸਮਤੀ ਲਈ ਬਿਜਲੀ ਸਮੇਂ ’ਤੇ ਯਕੀਨੀ ਹੋਵੇ
ਖੇਤੀਬਾੜੀ ਮਹਿਕਮੇ ਅਤੇ ਭੂਮੀ ਜਲ ਰੱਖਿਆ ਵਿਭਾਗ ਵੱਲੋਂ ਵੀ ਇਸ ਭਵਿੱਖ ਵਿੱਚ ਆਉਂਦੀ ਵੱਡੀ ਸਮੱਸਿਆ ਦਾ ਯੋਗ ਹੱਲ ਕਰਨ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਗਿਆਨੀਆਂ ਵੱਲੋਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਦੀ ਖੋਜ ਕੀਤੀ ਜਾ ਰਹੀ ਹੈ। ਝੋਨੇ ਅਤੇ ਬਾਸਮਤੀ ਦੀ ਬਿਜਾਈ ਲਈ ਸਮੇਂ ਨੂੰ ਯਕੀਨੀ ਕੀਤਾ ਗਿਆ ਹੈ ਤਾਂ ਜੋ ਪਾਣੀ ਦੀ ਬਰਬਾਦੀ ਤੋਂ ਬਚਿਆ ਜਾ ਸਕੇ। ਝੋਨੇ ਦੀ ਪਰੰਪਰਾਗਤ ਢੰਗ ਨਾਲ ਬਿਜਾਈ ਕਰਨ ਵਿੱਚ ਕਿਉਂਕਿ ਪਾਣੀ ਦੀ ਬਹੁਤ ਬਰਬਾਦੀ ਹੁੰਦੀ ਹੈ ਇਸ ਲਈ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਦੀ ਤਕਨੀਕ ਵਰਤਣ ਲਈ ਵੀ ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ। ਝੋਨੇ ਦੀ ਫ਼ਸਲ ਵਿੱਚ ਪਾਣੀ ਦੀ ਬਚੱਤ ਕਰਨ ਲਈ ਇੱਕ ਪਾਣੀ ਬਚਾਉ ਯੰਤਰ ਬਣਾਇਆ ਗਿਆ ਹੈ ਜਿਸਨੂੰ ‘ਟੈਂਸ਼ੌਮੀਟਰ’ ਦੇ ਨਾ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਪਾਣੀ ਦੀ ਬੱਚਤ ਕਿਵੇਂ ਹੋਵੇ | Ground water
ਵਧੇਰੇ ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਹਦਾਇਤ ਇਹ ਵੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਝੋਨੇ ਤੋਂ ਇਲਾਵਾ ਹੋਰ ਦੂਜੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਵੇ ਜਿਵੇਂ ਮੱਕੀ, ਦਾਲਾਂ, ਸਬਜ਼ੀਆਂ, ਸੂਰਜਮੁਖੀ ਆਦਿ। ਅਜਿਹਾ ਕਰਨ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਾਡੀ ਬਹੁਤ ਹੱਦ ਤੱਕ ਮੱਦਦ ਹੋ ਸਕਦੀ ਹੈ। ਫ਼ਸਲਾਂ ਵਿੱਚ ਸਿੰਚਾਈ ਦੇ ਨਵੇਂ-ਨਵੇਂ ਢੰਗ ਅਪਣਾਏ ਜਾ ਰਹੇ ਹਨ।
ਵੱਡੇ-ਵੱਡੇ ਖੇਤਾਂ ਵਿੱਚ ਫ਼ਸਲ ਦੀ ਬਿਜਾਈ ਕਰਨ ਨਾਲ ਪਾਣੀ ਜ਼ਿਆਦਾ ਖਪਤ ਹੁੰਦਾ ਹੈ ਇਸ ਲਈ ਛੋਟੇ-ਛੋਟੇ ਕਿਆਰਿਆਂ ਵਿੱਚ ਫ਼ਸਲ ਦੀ ਬਿਜਾਈ ਕਰਨ ਨਾਲ ਜਿੱਥੇ ਸਿੰਚਾਈ ਸੁਚੱਜੇ ਢੰਗ ਨਾਲ ਅਤੇ ਅਸਾਨੀ ਨਾਲ ਹੁੰਦੀ ਹੈ, ਉੱਥੇ ਹੀ ਪਾਣੀ ਦੀ ਵੀ ਬਹੁਤ ਬੱਚਤ ਹੋ ਜਾਂਦੀ ਹੈ। ਖੇਤ ਜਿੰਨਾ ਪੱਧਰਾ ਹੋਵੇਗਾ ਪਾਣੀ ਦੀ ਉਨੀ ਹੀ ਬੱਚਤ ਹੋਵੇਗੀ, ਇਸ ਲਈ ਲੇਜ਼ਰ ਲੈਵਲਿੰਗ ਮਸ਼ੀਨ ਦੀ ਇਜਾਦ ਕੀਤੀ ਗਈ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ ਅਤੇ ਪਾਣੀ ਦੇ ਨਾਲ-ਨਾਲ ਬਿਜਲੀ ਅਤੇ ਮਿੱਟੀ ਦੇ ਉਪਜਾਊ ਤੱਤਾਂ ਨੂੰ ਵੀ ਵਿਅਰਥ ਹੋਣ ਤੋਂ ਬਚਾਇਆ ਜਾ ਸਕੇ।
ਮੰਡੀਕਰਨ ਦੀ ਕਸ਼ਮਕਸ਼
ਸਿੰਚਾਈ ਲਈ ਤੁਪਕਾ ਅਤੇ ਫੁਹਾਰਾ ਪ੍ਰਣਾਲੀ ਦੀ ਵੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਰਖਾ ਦੇ ਅਜਾਈਂ ਜਾਂਦੇ ਪਾਣੀ ਨੂੰ ਵੀ ਵਰਤੋਂ ਵਿੱਚ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਜਿਲੇ੍ਹ ਦੇ ਖੇਤੀਬਾੜੀ ਵਿਭਾਗ, ਕਿ੍ਰਸ਼ੀ ਵਿਗਿਆਨ ਕੇਂਦਰ ਜਾਂ ਭੂਮੀ ਅਤੇ ਜਲ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ ਜਾ ਸਕਦਾ ਹੈ। ਅੱਜ ਖੇਤੀਬਾੜੀ ਇੱਕ ਚੁਣੌਤੀਆਂ ਅਤੇ ਮੁਸ਼ਕਲਾਂ ਭਰਿਆ ਕਿੱਤਾ ਬਣ ਚੱੁਕੀ ਹੈ। ਜਿੱਥੇ ਕਿਸਾਨ ਨੂੰ ਮੰਡੀਕਰਨ ਦੀ ਕਸ਼ਮਕਸ਼ ਵਿਚੋਂ ਬਾਹਰ ਨਿੱਕਲਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ, ੳੱੁਥੇ ਪਾਣੀ ਦੀ ਇਸ ਮੌਜੂਦਾ ਨਾਜ਼ੁਕ ਸਥਿਤੀ ਨੇ ਉਸ ਦੀ ਕਮਰ ਨੂੰ ਉੱਕਾ ਹੀ ਤੋੜ ਦਿੱਤਾ ਹੈ। ਆਮ ਕਿਸਾਨਾਂ ਲਈ ਤਾਂ ਹੁਣ ਬਹੁਤ ਡੂੰਘੇ ਪਾਣੀਆਂ ਨੂੰ ਆਪਣੇ ਖੇਤਾਂ ਤੱਕ ਲੈ ਕੇ ਆਉਣਾ ਇੱਕ ਅਸੰਭਵ ਕੰਮ ਲੱਗਦਾ ਹੈ।
ਆਖ਼ਰ ਇੱਕ ਗ਼ਰੀਬ ਕਿਸਾਨ ਕਦੋਂ ਤੱਕ ਆਪਣੀਆਂ ਫ਼ਸਲਾਂ ਨੂੰ ਪਾਣੀ ਦੇਣ ਲਈ ਧਰਤੀ ਦੀ ਹਿੱਕ ਨੂੰ ਡੂੰਘਾ ਹੋਰ ਡੂੰਘਾ ਪੁੱਟਦਾ ਰਹੇਗਾ, ਇਸ ਸਵਾਲ ਦਾ ਜਵਾਬ ਸ਼ਾਇਦ ਕੋਈ ਨਹੀਂ ਜਾਣਦਾ ਪਰ ਇਸ ਸਮੱਸਿਆ ਦਾ ਕੋਈ ਯੋਗ ਹੱਲ ਕਰਨ ਲਈ ਭਵਿੱਖ ਸਾਨੂੰ ਅਵਾਜ਼ ਮਾਰ ਰਿਹਾ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਦੀ ਪੂਰੀ ਬੱਚਤ ਕੀਤੀ ਜਾਵੇ ਅਤੇ ਇਸ ਦੇ ਮਹੱਤਵ ਨੂੰ ਸਮਝਿਆ ਜਾਵੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਜੀਵਨ ਰੱਖਿਅਕ ਪਾਣੀ ਸਾਨੂੰ ਪੀਣ ਤੱਕ ਲਈ ਵੀ ਨਸੀਬ ਨਹੀਂ ਹੋ ਸਕੇਗਾ ਅਤੇ ਅਸੀਂ ਇਸ ਪਾਣੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ-ਭਟਕਦੇ ਦਮ ਤੋੜ ਦਿਆਂਗੇ।
Ground water
ਪਾਣੀ ਇੱਕ ਸੀਮਤ ਕੁਦਰਤੀ ਸੋਮਾ ਹੈ, ਜਿਸ ਦੀ ਸੰਭਾਲ ਅਸੀਂ ਅੱਜ ਤੋਂ ਹੀ ਕਰਨੀ ਨਾ ਸ਼ੁਰੂ ਕੀਤੀ ਤਾਂ ਆਉਣ ਵਾਲਾ ਭਵਿੱਖ ਸਾਨੂੰ ਕੋਸੇਗਾ ਅਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਆਪ ਹੀ ਖਾਤਮਾ ਕਰ ਲਵਾਂਗੇ। ਇਸ ਲਈ ਆਓ! ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਪਾਣੀ ਬਚਾਈਏ ਭਵਿੱਖ ਬਚਾਈਏ! ਵਿਸ਼ਵ ਜਲ ਦਿਵਸ ਵਾਲੇ ਦਿਨ ਹੀ ਨਹੀਂ ਸਗੋਂ ਪੂਰੇ ਸਾਲ ਅਸੀਂ ਪਾਣੀ ਦੀ ਬੱਚਤ ਲਈ ਅੱਗੇ ਵਧੀਏ ਅਤੇ ਪਾਣੀ ਦੀ ਵਰਤੋਂ ਪੂਰੇ ਸੰਯਮ ਨਾਲ ਕਰੀਏ।
ਦਿਨੇਸ਼ ਦਮਾਥੀਆ
ਮੋ. 94177-14390