ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਆਖਰੀ ਦਿਨ ਦੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ (Amritpal) ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਚਲਾਏ ਗਏ ਆਪ੍ਰੇਸ਼ਨ ਦਾ ਭਾਜਪਾ ਵੱਲੋਂ ਸਮੱਰਥਨ ਕੀਤਾ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੰਮਿ੍ਰਤਪਾਲ ਸਿੰਘ ਨੂੰ ਲੈ ਕੇ ਚਲਾਏ ਗਏ ਆਪ੍ਰੇਸ਼ਨ ਅੰਮ੍ਰਿਤਪਾਲ ’ਤੇ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੇਲਾ ਨੁਕਤਾਚੀਨੀ ਕਰਨ ਦਾ ਨਹੀਂ ਅਤੇ ਨਾ ਹੀ ਪ੍ਰਸ਼ਨ ਕਰਨ ਦਾ ਹੈ, ਸਗੋਂ ਇਸ ਵੇਲੇ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਸਭ ਤੋਂ ਅਹਿਮ ਹੈ।
ਉਨ੍ਹਾਂ ਕਿਹਾ ਕਿ ਸਿੱਖ ਬੜੀ ਬਹਾਦੁਰ ਕੌਮ ਹੈ ਅਤੇ ਸ਼ੂਰਵੀਰਤਾ ਉਸ ਦਾ ਗਹਿਣਾ ਹੈ। ਉਨ੍ਹਾਂ ਕਿਹਾ ਕਿ ਪਰ ਕਿਸੇ ਵੀ ਅਜਿਹੇ ਵਿਅਕਤੀ ਨਾਲ ਨਜਾਇਜ਼ ਨਾ ਹੋਵੇ ਜਿਸ ਦਾ ਕੋਈ ਕਸੂਰ ਨਾ ਹੋਵੇ ਇਸ ਦੇ ਨਾਲ ਹੀ ਜਿਹੜਾ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ, ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਜਿਹੜਾ ਵੀ ਕਦਮ ਚੁੱਕੇ ਦਿ੍ਰੜ੍ਹਤਾ ਨਾਲ ਚੁੱਕੇ, ਅਸੀਂ ਸਰਕਾਰ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੰਮਿ੍ਰਤਪਾਲ ਨੂੰ ਲੈ ਕੇ ਹੁਣ ਤੱਕ ਦੀ ਕੀਤੀ ਗਈ ਉੱਚਿਤ ਕਾਰਵਾਈ ਸਦਨ ਨੂੰ ਦੇਣੀ ਚਾਹੀਦੀ ਹੈ। (Amritpal)