ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤ ਵਿੱਚ ਹਾਲੇ ਵੀ ਇੱਕ ਤਿਹਾਈ ਪੇਂਡੂ ਪਰਿਵਾਰ ਉਧਾਰ ਲੈਣ ਲਈ ਗ਼ੈਰ-ਸੰਸਥਾਗਤ ਸਰੋਤਾਂ ’ਤੇ ਨਿਰਭਰ ਹਨ ਅਤੇ ਹਾਲੇ ਵੀ ਸ਼ਾਹੂਕਾਰ ਕੁੱਲ ਪੇਂਡੂ ਘਰੇਲੂ ਕਰਜ਼ਿਆਂ ਵਿੱਚ 23 ਪ੍ਰਤੀਸ਼ਤ ਯੋਗਦਾਨ ਪਾ ਕੇ ਗ਼ੈਰ-ਰਸਮੀ ਕਰਜ਼ਾ ਪ੍ਰਣਾਲੀ ’ਤੇ ਹਾਵੀ ਹਨ ਪੰਜਾਬੀ ਯੂਨੀਵਰਸਿਟੀ (Punjabi University) ਦੇ ਕਾਮਰਸ ਵਿਭਾਗ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਅਜਿਹਾ ਸਾਹਮਣੇ ਆਇਆ ਹੈ।
ਨਿਗਰਾਨ ਡਾ. ਰਾਜਿੰਦਰ ਕੌਰ ਦੀ ਅਗਵਾਈ ਵਿਚ ਖੋਜਾਰਥੀ ਜਸਦੀਪ ਕੌਰ ਵੱਲੋਂ ਇਹ ਕਾਰਜ ਕੀਤਾ ਗਿਆ ਹੈ ਡਾ. ਰਾਜਿੰਦਰ ਕੌਰ ਨੇ ਦੱਸਿਆ ਕਿ ਇਹ ਖੋਜ ਪੇਂਡੂ ਖੇਤਰਾਂ ਦੇ ਵਿਸ਼ੇਸ਼ ਪ੍ਰਸੰਗ ਵਿੱਚ ਬੈਂਕਿੰਗ ਸੇਵਾਵਾਂ ਦੀ ਜਾਂਚ ਕਰਨ ਦਾ ਇੱਕ ਯਤਨ ਹੈ ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਿਸਮ ਦੇ ਸਰਵੇਖਣਾਂ ਦੇ ਆਧਾਰ ’ਤੇ ਇਹ ਸਿੱਟੇ ਨਿੱਕਲ ਕੇ ਆਏ ਹਨ ਕਿ ਭਾਰਤ ਵਿੱਚ ਅਜੇ ਵੀ ਇੱਕ ਤਿਹਾਈ ਪੇਂਡੂ ਪਰਿਵਾਰ ਉਧਾਰ ਲੈਣ ਲਈ ਗ਼ੈਰ-ਸੰਸਥਾਗਤ ਸਰੋਤਾਂ ’ਤੇ ਨਿਰਭਰ ਹਨ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਜਿਹੀ ਸਥਿਤੀ ਦੇ ਬਾਵਜੂਦ ਪੇਂਡੂ ਖੇਤਰਾਂ ਵਿੱਚ ਬੈਂਕ ਜਾਂ ਕਰਜ਼ੇ ਨਾਲ਼ ਸੰਬੰਧਤ ਸਰੋਤਾਂ ਦੀਆਂ ਹੋਰ ਸ਼ਾਖਾਵਾਂ ਦੇ ਵਿਸਥਾਰ ਵਿੱਚ ਗਿਰਾਵਟ ਦਾ ਰੁਝਾਨ ਹੈ।
13 ਪਿੰਡਾਂ ਦੀਆਂ ਬੈਂਕਿੰਗ ਜ਼ਰੂਰਤਾਂ | Punjabi University
ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਅਜਿਹੀਆਂ ਸ਼ਾਖਾਵਾਂ ਦੀ ਵਿਕਾਸ ਦਰ ਪਿਛਲੇ 20 ਸਾਲਾਂ ਦੀ ਮਿਆਦ ਵਿੱਚ ਬਾਕੀ ਸਾਰੇ ਭਾਰਤ ਪੱਧਰ ਵਿਚਲੇ 4.87 ਪ੍ਰਤੀਸ਼ਤ ਦੇ ਮੁਕਾਬਲੇ 3.27 ਪ੍ਰਤੀਸ਼ਤ ਰਹੀ, ਜੋ ਕਿ ਰਾਸ਼ਟਰੀਕਰਨ ਤੋਂ ਬਾਅਦ ਦੇ ਪੜਾਅ (1969-91) ਦੀ ਤੁਲਨਾ ਵਿੱਚ ਬਹੁਤ ਘੱਟ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀਕਰਨ ਦੇ ਉਸ ਪੜਾਅ ਦੌਰਾਨ ਪੇਂਡੂ ਸ਼ਾਖਾਵਾਂ ਵਿੱਚ ਇਹ ਵਾਧਾ ਸਮੁੱਚੇ ਭਾਰਤ ਪੱਧਰ ਦੇ ਵਾਧੇ ਨਾਲੋਂ ਜ਼ਿਆਦਾ ਸੀ ਖੋਜਾਰਥੀ ਜਸਦੀਪ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪੇਂਡੂ ਖੇਤਰ ਵਿੱਚ ਔਸਤਨ ਸਿਰਫ਼ ਇੱਕ ਸ਼ਾਖਾ ਦੀ ਦਰ ਹੈ, ਜੋ ਲਗਭਗ 13 ਪਿੰਡਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਜੇ ਵਿਅਕਤੀਆਂ ਦੀ ਗਿਣਤੀ ਦੇ ਲਿਹਾਜ਼ ਨਾਲ਼ ਵੇਖੀਏ ਤਾਂ ਪੇਂਡੂ ਖੇਤਰਾਂ ਵਿੱਚ ਔਸਤਨ 24,000 ਵਿਅਕਤੀਆਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਸਿਰਫ਼ ਇੱਕ ਸ਼ਾਖਾ ਪੂਰਾ ਕਰਦੀ ਹੈ।
ਕਰਜ਼ੇ ਦੇ ਮਾਮਲੇ ਵਿੱਚ, ਲਗਭਗ 20 ਸਾਲਾਂ ਦੀ ਮਿਆਦ ਵਿੱਚ ਪੇਂਡੂ ਕਰਜ਼ੇ ਵਿੱਚ 13 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਾਧਾ ਹੋਇਆ ਹੈ ਹਾਲਾਂਕਿ ਕੁੱਲ ਕਰਜ਼ੇ ਦੇ ਨਾਲ ਪੇਂਡੂ ਕਰਜ਼ੇ ਦਾ ਅਨੁਪਾਤ ਕਾਫ਼ੀ ਘੱਟ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਅਧਿਐਨ ਦੀਆਂ ਲੱਭਤਾਂ ਨੇ ਇਸ਼ਾਰਾ ਕੀਤਾ ਕਿ ਪੇਂਡੂ ਖੇਤਰਾਂ ਵਿੱਚ ਉਪਲੱਬਧ ਵੱਖ-ਵੱਖ ਕਿਸਮਾਂ ਦੇ ਕਰਜ਼ਿਆਂ ਦੇ ਬਾਵਜ਼ੂਦ, ਕਰਜ਼ਦਾਰਾਂ ਦਾ ਵਿਚਾਰ ਹੈ ਕਿ ਬੈਂਕ ਸ਼ਾਖਾ ਪ੍ਰਬੰਧਕਾਂ ਦਾ ਬੇਰੁਖੀ ਵਾਲਾ ਰਵੱਈਆ ਅਤੇ ਬਹੁਤ ਜ਼ਿਆਦਾ ਦਸਤਾਵੇਜ਼ੀ ਕਾਰਵਾਈ ਕਰਜ਼ੇ ਪ੍ਰਾਪਤ ਕਰਨ ਵਿੱਚ ਮੁੱਖ ਰੁਕਾਵਟਾਂ ਹਨ।
ਪ੍ਰਮਾਣਿਤ ਨਤੀਜਿਆਂ ਤੱਕ ਪਹੁੰਚਣਾ ਸਲਾਹੁਣਯੋਗ ਕਾਰਜ
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਅਧਿਐਨ ਸਬੰਧੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਬਹੁ-ਗਿਣਤੀ ਵਿਦਿਆਰਥੀ ਪਿੰਡਾਂ ਨਾਲ ਸਬੰਧਿਤ ਹਨ ਸੂਬੇ ਦੇ ਮਾਲਵਾ ਖੇਤਰ ਦੀ ਸਭ ਤੋਂ ਵੱਡੀ ਸੰਸਥਾ ਹੋਣ ਦੇ ਨਾਤੇ ਸੂਬੇ ਦੇ ਸਭ ਤੋਂ ਵਧੇਰੇ ਪਿੰਡਾਂ ਦੇ ਵਸਨੀਕ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਹੀ ਪੜ੍ਹਦੇ ਹਨ ਪਿੰਡਾਂ ਦੀ ਆਰਥਿਕਤਾ ਅਤੇ ਉਥੋਂ ਦੇ ਵਸਨੀਕਾਂ ਦੇ ਵਿੱਤੀ ਲੈਣ-ਦੇਣ ਬਾਰੇ ਮਾਮਲਿਆਂ ਨੂੰ ਖੋਜ ਅਧਿਐਨ ਦਾ ਆਧਾਰ ਬਣਾਉਣਾ ਅਤੇ ਇਸ ਮਾਮਲੇ ਵਿੱਚ ਪ੍ਰਮਾਣਿਤ ਨਤੀਜਿਆਂ ਤੱਕ ਪਹੁੰਚਣਾ ਆਪਣੇ ਆਪ ਵਿੱਚ ਇੱਕ ਸਲਾਹੁਣਯੋਗ ਕਾਰਜ ਹੈ ਵੱਖ-ਵੱਖ ਨੀਤੀਆਂ ਦੇ ਨਿਰਮਾਣ ਸਮੇਂ ਅਜਿਹੇ ਅਧਿਐਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਇਸ ਪੱਖੋਂ ਖੋਜ ਟੀਮ ਵਧਾਈ ਦੀ ਪਾਤਰ ਹੈ। (Punjabi University)