ਵਪਾਰੀ ਤੋਂ ਫਿਰੌਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Kotakpura

(ਅਜੈ ਮਨਚੰਦਾ) ਕੋਟਕਪੂਰਾ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਗੈਂਗਸਟਰ ਦੀ ਫੇਕ ਫੇਸਬੁੱਕ ਆਈਡੀ ਬਣਾ ਕੇ ਸ਼ਹਿਰ ਦੇ ਇੱਕ ਪ੍ਰਮੁੱਖ ਵਪਾਰੀ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। (Crime News) ਇਸ ਸਬੰਧੀ ਸਥਾਨਕ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਐੱਸਐੱਚਓ ਥਾਣਾ ਸਿਟੀ ਅਤੇ ਐੱਸਆਈ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਮਲਦੀਪ ਪੁੱਤਰ ਤਰਸੇਮ ਕੁਮਾਰ ਵਾਸੀ ਲੱਭੂ ਰਾਮ ਵਾਲੀ ਗਲੀ, ਕੋਟਕਪੂਰਾ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂਅ ‘ਤੇ ਫੇਸਬੁੱਕ ਆਈਡੀ ਬਣਾ ਕੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਢੋਢਾ ਹਾਊਸ ਦੇ ਮਾਲਕ ਤੋਂ ਫਿਰੌਤੀ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਕਿਸੇ ਗੈਂਗਸਟਰ ਵੱਲੋਂ ਧਮਕੀ ਮਿਲਣ ‘ਤੇ ਪਰਿਵਾਰ ਦੇ ਮੈਂਬਰ ਡਰੇ ਹੋਏ ਸਨ ਪ੍ਰੰਤੂ ਪੁਲਿਸ ਨੂੰ ਆਪਣੇ ਪੱਧਰ ‘ਤੇ ਜਾਣਕਾਰੀ ਮਿਲੀ ਕਿ ਉਕਤ ਵਿਅਕਤੀ ਕਮਲਦੀਪ ਨੇ ਆਪਣੇ ਮੋਬਾਇਲ ਫੋਨ ’ਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਹੋਇਆ ਹੈ ਅਤੇ ਫੇਸਬੁੱਕ ਮੈਸੇਂਜਰ ਰਾਹੀਂ ਫਿਰੌਤੀ ਲੈਣ ਲਈ ਧਮਕੀਆਂ ਭੇਜ ਰਿਹਾ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਰਿਵਾਰ ਦੇ ਬੱਚਿਆਂ ਦਾ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਵੱਲੋਂ ਤਕਨੀਕੀ ਢੰਗ ਨਾਲ ਤੱਥਾਂ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਗਈ ਅਤੇ ਐੱਸਆਈ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਮਲਦੀਪ ਪੁੱਤਰ ਤਰਸੇਮ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਸ਼ਮਸ਼ੇਰ ਸਿੰਘ ਗਿੱਲ ਡੀਐੱਸਪੀ ਕੋਟਕਪੂਰਾ ਅਤੇ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਭਾਟੀ ਐੱਸਐੱਚਓ ਕੋਟਕਪੂਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਤੋਂ ਡਰਨ ਦੀ ਬਜਾਇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।