ਪੰਜਾਬ ਦੇ ਸਰਕਾਰੀ ਸਕੂਲ ਹੋਣਗੇ ਸੀਸੀਟੀਵੀ ਕੈਮਰਿਆਂ ਨਾਲ ਲੈਸ

Government Schools

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਕਈ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਤੋਂ ਬਾਅਦ ਹੁਣ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਨੂੰ ਹਾਈਟੈੱਕ ਬਣਾਇਆ ਜਾਵੇਗਾ। ਮਾਨਯੋਗ ਪੰਜਾਬ ਸਰਕਾਰ ਨੇ ਸੂਬੇ ਦੇ 15584 ਸਰਕਾਰੀ ਸਕੂਲਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈਸ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ 26 ਕਰੋੜ 40 ਲੱਖ ਰੁਪਏ ਵੀ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਨੇ 21 ਜਨਵਰੀ 2023 ਨੂੰ ਪੰਜਾਬ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸੁਰੂਆਤ ਕੀਤੀ ਸੀ। ਇਸ ਸਕੀਮ ਤਹਿਤ ਸਾਰੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕਰਨ ਦੀ ਗੱਲ ਕਹੀ ਗਈ।

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿੱਖਿਆ ਪ੍ਰਣਾਲੀ ’ਤੇ ਨਜ਼ਰ ਰਹੇਗੀ | Government Schools

ਇਹ ਕੈਮਰੇ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਸਮੇਤ ਸਿੱਖਿਆ ਪ੍ਰਣਾਲੀ ਦੀ ਨਿਗਰਾਨੀ ਲਈ ਲਾਏ ਜਾਣਗੇ। ਹਾਲਾਂਕਿ ਰਾਜ ਸਰਕਾਰ ਵੱਲੋਂ ਕੈਮਰੇ ਲਾਉਣ ਦੀ ਤੈਅ ਸਮਾਂ ਸੀਮਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਰਕਾਰ ਦੇ ਦਾਅਵੇ ਅਨੁਸਾਰ ਕੈਮਰੇ ਲਾਉਣ ਦਾ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ 80 ਫੀਸਦੀ ਸਕੂਲਾਂ ਵਿੱਚ ਕੈਮਰੇ ਲਾਏ ਗਏ ਹਨ।

ਸਕੂਲੀ ਵਿਦਿਆਰਥੀ ਬੱਸਾਂ ਦੀ ਉਡੀਕ ਕਰ ਰਹੇ ਹਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਦਿਨੀਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਆਵਾਜਾਈ ਲਈ ਬੱਸਾਂ ਚਲਾਉਣ ਦਾ ਐਲਾਨ ਕਰ ਚੁੱਕੇ ਹਨ। ਪਰ ਇਹ ਸਕੀਮ ਕਦੋਂ ਮੁਕੰਮਲ ਹੋਵੇਗੀ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੁੱਖ ਮੰਤਰੀ ਪੰਜਾਬ ਨੇ ਇਹ ਐਲਾਨ ਪਟਿਆਲਾ ਦੇ ਆਪਣੇ ਸਕੂਲ ਦੌਰੇ ਦੌਰਾਨ ਕੀਤਾ। ਬੱਚਿਆਂ ਦੀ ਸੁਰੱਖਿਆ ਅਤੇ ਆਵਾਜਾਈ ਦੀ ਸਹੂਲਤ ਲਈ ਪ੍ਰਾਈਵੇਟ ਸਕੂਲਾਂ ਦੀ ਤਰਜ ’ਤੇ ਮੁੱਖ ਮੰਤਰੀ ਮਾਨ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬੱਸਾਂ ਚਲਾਉਣ ਲਈ ਕਿਹਾ ਹੈ।

ਸਕੂਲ ਦੇ ਪ੍ਰਿੰਸੀਪਲ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਗਿਆ

ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਇਨ੍ਹੀਂ ਦਿਨੀਂ ਪੰਜਾਬ ਸਰਕਾਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਸਿੰਗਾਪੁਰ ਨੈਸਨਲ ਅਕੈਡਮੀ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਸਾਰੇ ਪ੍ਰਿੰਸੀਪਲਾਂ ਨੂੰ ਵੱਖ-ਵੱਖ ਬੈਚਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਪਹਿਲੇ ਬੈਚ ਵਿੱਚ 36 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਗਈ। ਉਨ੍ਹਾਂ ਦੀ ਵਾਪਸੀ ’ਤੇ 3 ਮਾਰਚ ਨੂੰ ਦੂਜੇ ਬੈਚ ਵਿਚ 30 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ’ਤੇ ਭੇਜਿਆ ਗਿਆ ਹੈ। ਸਿਖਲਾਈ ਤੋਂ ਵਾਪਸ ਪਰਤੇ ਸਕੂਲ ਦੇ ਪਿ੍ਰੰਸੀਪਲਾਂ ਨੂੰ ਲੋੜ ਅਨੁਸਾਰ ਜ਼ਿਲ੍ਹੇ ਦੇ ਕਿਸੇ ਵੀ ਸਕੂਲ ਵਿੱਚ ਨਿਯੁਕਤ ਕੀਤਾ ਜਾ ਸਕਦਾ ਹੈ, ਤਾਂ ਜੋ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕ ਕੇ ਵਧੀਆ ਨਤੀਜੇ ਲਿਆਂਦੇ ਜਾ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ