ਪੰਜਾਬ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, 2 ਗੈਂਗਸਟਰਾਂ ਨੂੰ ਵੱਜੀ ਗੋਲੀ

Encounter

 ਨੌਜਵਾਨ ਦੀਆਂ ਤਲਵਾਰ ਨਾਲ ਕੱਟੀਆਂ ਸਨ ਉਂਗਲਾਂ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੇ ਸ਼ੰਭੂ ਬੈਰੀਅਰ ‘ਤੇ ਮੋਹਾਲੀ ਦੇ ਸੀਆਈਏ ਸਟਾਫ਼ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਗੌਰਵ ਉਰਫ ਗੋਰੀ ਅਤੇ ਤਰੁਣ ਕੁਮਾਰ ਵਜੋਂ ਹੋਈ ਹੈ। ਦੋਵੇਂ ਭੂਪੀ ਰਾਣਾ ਗੈਂਗ ਦੇ ਮੈਂਬਰ ਹਨ। ਪਿਛਲੇ ਦਿਨੀਂ ਮੁਲਜ਼ਮਾਂ ਨੇ ਤਲਵਾਰ ਨਾਲ ਇੱਕ ਨੌਜਵਾਨ ਦੀਆਂ ਚਾਰ ਉਂਗਲਾਂ ਵੱਢ ਦਿੱਤੀਆਂ ਸਨ। ਇੰਨਾ ਹੀ ਨਹੀਂ ਦਹਿਸ਼ਤ ਫੈਲਾਉਣ ਲਈ ਉਹਨਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ।

ਸ਼ੰਭੂ ਬੈਰੀਅਰ ਨੇੜੇ ਪੁਲਿਸ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ। ਉਸੇ ਦੌਰਾਨ ਮੁਲਜ਼ਮਾਂ ਨੇ ਪੁਲਿਸ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਇਸ ਮੁਠਭੇੜ ਦੌਰਾਨ ਗੈਂਗਸਟਰ ਗੌਰਵ ਸ਼ਰਮਾ ਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਡੀਐਸਪੀ (ਡੀ) ਮੁਹਾਲੀ ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਬਦਮਾਸ਼ਾਂ ਨੂੰ ਇਕ ਸਵਿੱਫਟ ਗੱਡੀ, 9 ਐਮ ਐਮ ਪਿਸਤੌਲ ਅਤੇ 3 ਖਾਲੀ ਰੌਂਦ ਸਮੇਤ ਕਾਬੂ ਕੀਤਾ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗਰਗ।

ਦੱਸ ਦੇਈਏ ਮੋਹਾਲੀ ਦੇ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ‘ਚ ਸ਼ਰਾਰਤੀ ਅਨਸਰਾਂ ਨੇ ਇਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਸਨ। ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਰਾਜੂ ਵਾਸੀ ਮੋਹਾਲੀ ਵਜੋਂ ਹੋਈ ਹੈ। ਤਿੰਨ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਸੀ, ਜਿਨ੍ਹਾਂ ਨੂੰ ਅੱਜ ਪੁਲੀਸ ਨੇ ਮੁਠਭੇੜ ਮਗਰੋਂ ਕਾਬੂ ਕਰ ਲਿਆ। ਗੈਂਗਸਟਰਾਂ ਨੂੰ ਫੜਨ ਤੋਂ ਬਾਅਦ ਹੁਣ ਪੁਲਿਸ ਇਨ੍ਹਾਂ ਦੇ ਤੀਜੇ ਸਾਥੀ ਦੀ ਪਛਾਣ ਕਰ ਰਹੀ ਹੈ। ਘਟਨਾ ਤੋਂ ਬਾਅਦ ਤਿੰਨੋਂ ਹਮਲਾਵਰ ਫਰਾਰ ਹੋ ਗਏ ਸਨ। ਇਹ ਘਟਨਾ 8 ਫਰਵਰੀ ਨੂੰ ਵਾਪਰੀ ਸੀ ਅਤੇ ਮੁਹਾਲੀ ਪੁਲਿਸ ਨੇ ਇਸ ਸਬੰਧੀ 9 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਸੀ ਪਰ ਪੁਲੀਸ ਨੇ ਮਾਮਲਾ ਸਾਹਮਣੇ ਨਹੀਂ ਆਉਣ ਦਿੱਤਾ। ਹੁਣ ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ ਅਤੇ ਅੱਜ ਐਨਕਾਊਂਟਰ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।