ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਯਕੀਨੀ ਤੌਰ ’ਤੇ ਮਿਲੇ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਵਿਚ ਮਿੱਡ ਡੇ ਮੀਲ, ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਔਰਤਾਂ ਨੂੰ ਮਿਲਦੀ ਖੁਰਾਕ ਅਤੇ ਰਾਸ਼ਨ ਡਿੱਪੂਆਂ (Ration Depots) ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਅਤੇ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਸਰਕਾਰੀ ਸਕੀਮ ਦਾ ਲਾਭ ਲੋੜਵੰਦ ਵਿਅਕਤੀ ਨੂੰ ਮਿਲੇ।
ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਘਲੂ, ਸਰਕਾਰੀ ਹਾਈ ਸਮਾਰਟ ਸਕੂਲ ਅਬੋਹਰ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਅਜੀਮਗੜ ਅਬੋਹਰ ਵਿਚ ਮਿੱਡ ਡੇ ਮੀਲ ਦੀ ਜਾਂਚ ਕੀਤੀ ਅਤੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ ਸੁਥਰਾ ਖਾਣਾ ਮਿਲੇ ਅਤੇ ਖਾਣਾ ਬਣਾਉਂਦੇ ਸਮੇਂ ਅਤੇ ਬੱਚਿਆਂ ਨੂੰ ਵਰਤਾਊਂਦੇ ਸਮੇਂ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਮਿਡ ਡੇਅ ਮੀਲ ਲਈ ਵਰਤੇ ਜਾਂਦੇ ਸਮਾਨ ਦੀ ਗੁਣਵਤਾ ਜ਼ਰੂਰ ਚੈਕ ਕੀਤੀ ਜਾਵੇ। ਉਨ੍ਹਾਂ ਖੁਦ ਸਕੂਲਾਂ ਵਿਚ ਮਿਡ ਡੇਅ ਮੀਲ ਦਾ ਖਾਣਾ ਚੈਕ ਕੀਤਾ ਅਤੇ ਤਸਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਮਾਨ ਦੀ ਖਰੀਦ ਸਮੇਂ ਉਸ ਦੀ ਮਿਆਦ ਵੀ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਨ ਦੀ ਗੁਣਵਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਕੂਲਾਂ ਵਿਖੇ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਖਾਸ ਤੌਰ ’ਤੇ ਪਖਾਣਿਆਂ ਦੀ ਸਾਫ-ਸਫਾਈ ਰੋਜ਼ਾਨਾ ਕੀਤੀ ਜਾਵੇ।
ਡਿੱਪੂ ਅਤੇ ਆਂਗਣਵਾੜੀ ਕੇਂਦਰ ਵਿਚ ਜਨਜਾਗਰੂਕਤਾ ਲਈ ਬੈਨਰ ਲਗਾਏ ਜਾਣ
ਇਸੇ ਤਰ੍ਹਾਂ ਉਨ੍ਹਾਂ ਨੇ ਸਰਕਾਰੀ ਹਾਈ ਸਮਾਰਟ ਸਕੂਲ ਅਜੀਮਗੜ ਅਬੋਹਰ ਦੇ ਆਂਗਣਵਾੜੀ ਸੈਂਟਰ ਦਾ ਦੌਰਾ ਕਰਕੇ ਇੱਥੇ ਵੀ ਬੱਚਿਆਂ ਅਤੇ ਗਰਭਵਤੀ ਅਤੇ ਦੁੱਧ ਪਿਆਉਂਦੀਆਂ ਮਾਂਵਾਂ ਨੂੰ ਮਿਲਣ ਵਾਲੀ ਖੁਰਾਕ ਦੀ ਜਾਣਕਾਰੀ ਲਈ ਅਤੇ ਕੁਝ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ।ਉਨ੍ਹਾਂ ਨੇ ਕਿਹਾ ਕਿ ਹਰੇਕ ਸਕੂਲ, ਡਿਪੂ ਅਤੇ ਆਂਗਣਵਾੜੀ ਕੇਂਦਰ ਵਿਚ ਜਨਜਾਗਰੂਕਤਾ ਲਈ ਬੈਨਰ ਲਗਾਏ ਜਾਣ ਤਾਂ ਜ਼ੋ ਲੋਕਾਂ ਨੂੰ ਇੱਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹੋਵੇ।ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਨੇ ਆਂਗਣਵਾੜੀ ਸੈਂਟਰਾਂ ਲਈ ਤਿਆਰ ਕੀਤੇ ਜਾਂਦੇ ਸਮਾਨ ਵਾਲੇ ਕਿਚਨ ਦਾ ਦੌਰਾ ਵੀ ਕੀਤਾ। ਉਨ੍ਹਾਂ ਲਾਭਪਾਤਰੀਆਂ ਨੂੰ ਮੁਹਈਆ ਕਰਵਾਏ ਜਾਂਦੇ ਸਮਾਨ ਦੇ ਭਾਰ ਤੇ ਗੁਣਵਤਾ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਡਿੱਪੂ (Ration Depots) ਦਾ ਵੀ ਦੌਰਾ ਕੀਤਾ।ਉਨ੍ਹਾਂ ਨੇ ਇਸ ਮੌਕੇ ਸਖ਼ਤ ਹਦਾਇਤ ਕੀਤੀ ਕਿ ਡਿਪੂ ਤੋਂ ਲਾਭਪਾਤਰੀਆਂ ਨੂੰ ਕਣਕ ਤੋਲ ਕੇ ਦਿੱਤੀ ਜਾਵੇ ਅਤੇ ਹਰੇਕ ਡਿੱਪੂ ਤੇ ਕੰਡਾ ਲਾਜ਼ਮੀ ਤੌਰ ’ਤੇ ਹੋਵੇ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਿੱਪੂ ਤੋਂ ਰਾਸ਼ਨ ਹਮੇਸ਼ਾ ਤੋਲ ਕੇ ਲੈਣ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ। ਜਾਂਚ ਦੌਰਾਨ ਛੋਟੀਆਂ—ਮੋਟੀਆਂ ਉਣਤਾਈਆਂ ਪਾਈਆਂ ਜਾਣ ’ਤੇ ਠੀਕ ਕਰਨ ਲਈ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਜ਼ਿਲ੍ਹੇ ’ਚ 712 ਸਕੂਲਾਂ ਵਿਚ ਮਿੱਡ ਡੇ ਮੀਲ ਦਿੱਤਾ ਜਾ ਰਿਹਾ ਹੈ
ਇਸ ਤੋਂ ਪਹਿਲਾਂ ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨਾਲ ਵੀ ਬੈਠਕ ਕੀਤੀ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਜਾਣਕਾਰੀ ਦਿੱਤੀ ਕਿ 85 ਫੀਸਦੀ ਲਾਭਪਾਤਰੀਆਂ ਨੂੰ ਛਿਮਾਹੀ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ 1068 ਆਂਗਣਵਾੜੀ ਕੇਂਦਰਾਂ ਵਿਚ ਸਮੇਂ ਸਿਰ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 712 ਸਕੂਲਾਂ ਵਿਚ ਮਿੱਡ ਡੇ ਮੀਲ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਸਕੂਲਾਂ ਵਿਚ ਜਾ ਕੇ ਪਾਣੀ, ਖਾਣ-ਪੀਣ ਦੇ ਸਮਾਨ ਆਦਿ ਦੀ ਸੈਪਲਿੰਗ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਹਿਮਾਂਸ਼ੂ ਕੁਕੜ, ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ) ਦੌਲਤ ਰਾਮ, ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ, ਸਿਖਿਆ ਵਿਭਾਗ ਤੋਂ ਦੀਪਕ ਕੁਮਾਰ ਆਦਿ ਅਧਿਕਾਰੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।