ਸੰਸਕਾਰਾਂ ਤੋਂ ਕੋਰੀ ਬਰਬਾਦ ਹੁੰਦੀ ਜਵਾਨੀ

Youth

ਦਿੱਲੀ ’ਚ ਸ਼ਰਧਾ ਕਤਲਕਾਂਡ ਵਰਗਾ ਇੱਕ ਹੋਰ ਹੌਲਨਾਕ ਕਾਰਾ ਹੋ ਗਿਆ ਹੈ। ਇੱਕ ਮੁਟਿਆਰ ਦੇ ਸਾਥੀ ਨੇ ਉਸ ਦਾ ਕਤਲ ਕਰਕੇ ਲਾਸ਼ ਇੱਕ ਢਾਬੇ ਦੀ ਫਰਿੱਜ਼ ’ਚ ਰੱਖ ਦਿੱਤੀ ਅਤੇ ਤੁਰੰਤ ਹੀ ਵਿਆਹ ਵੀ ਕਰਾ ਲਿਆ। ਮੁਲਜ਼ਮ ਤੇ ਮਿ੍ਰਤਕਾ ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਸਨ। ਇਹ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਕਹਿਣ ਨੂੰ ਇਹ ਲਿਵ-ਇਨ ਰਿਲੇਸ਼ਨ ਹੈ ਪਰ ਰਿਲੇਸ਼ਨ ਸਿਰਫ਼ ਮਤਲਬ, ਖੁਦਗਰਜ਼ੀ ਤੱਕ ਸੀਮਤ ਹੋ ਗਿਆ ਹੈ। ਮਨੱੁਖਤਾ ਤਾਰ-ਤਾਰ ਹੋ ਰਹੀ ਹੈ ਖਾਸ ਕਰਕੇ ਲੜਕੀਆਂ ’ਤੇ ਹੀ ਜ਼ੁਲਮ ਹੋ ਰਿਹਾ ਹੈ। ਜ਼ਜ਼ਬਾਤੀ ਹੋਈਆਂ ਲੜਕੀਆਂ ਮਾਪਿਆਂ ਨਾਲੋਂ ਨਾਤਾ ਤੋੜ ਕੇ ਉਸ ਸਾਥੀ ਨਾਲ ਰਹਿਣ ਲੱਗਦੀਆਂ ਹਨ, ਜਿਸ ਦੇ ਸੁਭਾਅ, ਵਿਚਾਰਾਂ ਤੇ ਰਹਿਣੀ-ਬਹਿਣੀ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੁੰਦਾ। ਰਿਸ਼ਤਾ ਬਹੁਤ ਵੱਡੀ ਚੀਜ਼ ਹੈ ਜਿਸ ਬਾਰੇ ਸਮਝ ਦੇ ਨਾਲ-ਨਾਲ ਸੰਜਮ ਜ਼ਰੂਰੀ ਹੈ।

ਅਜਨਬੀ ਤੇ ਭਰੋਸਾ ਖੁਦ ਨੂੰ ਧੋਖਾ ਦੇਣ ਬਰਾਬਰ

ਇੱਕਦਮ ਕਿਸੇ ਅਜ਼ਨਬੀ ’ਤੇ ਜਾਂ ਰਾਹ ਜਾਂਦੇ ’ਤੇ ਭਰੋਸਾ ਕਰ ਬੈਠਣਾ, ਬੇਹੱਦ ਖਤਰਨਾਕ ਹੈ। ਦਿੱਲੀ ਦੀਆਂ ਦੋ ਘਟਨਾਵਾਂ ਹੀ ਲੜਕੀਆਂ ਨੂੰ ਇਹ ਸਬਕ ਲੈਣ ਲਈ ਕਾਫ਼ੀ ਹਨ ਕਿ ਰਿਸ਼ਤਾ ਜੋੜਨ ਲਈ ਮਾਪਿਆਂ ਦੀ ਸਲਾਹ ਤੇ ਸੇਧ ਵੀ ਜ਼ਰੂਰੀ ਹੈ। ਅਜ਼ਾਦੀ ਦਾ ਆਪਣਾ ਮਹੱਤਵ ਹੈ ਪਰ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਸਲ ’ਚ ਸਮਾਜ ਦੀ ਮਰਿਆਦਾ 10-20 ਸਾਲਾਂ ’ਚ ਨਹੀਂ ਬਣੀ ਹਜ਼ਾਰਾਂ ਸਾਲਾਂ ’ਚ ਵਿਦਵਾਨਾਂ, ਸਮਾਜ-ਸ਼ਾਸਤਰੀਆਂ, ਮਨੋਵਿਗਿਆਨੀਆਂ ਨੇ ਆਪਣੇ ਡੂੰਘੇ ਅਧਿਐਨ ਰਾਹੀਂ ਮਨੱੁਖਤਾ ਦੀ ਉਤਪਤੀ, ਮਨੱੁਖ ਤੇ ਸਮਾਜ ਦੀ ਇੱਕਜੁਟਤਾ ਨੂੰ ਮੁੱਖ ਰੱਖਦਿਆਂ ਰਿਸ਼ਤਾ-ਨਾਤਾ ਪ੍ਰਣਾਲੀ ਤੈਅ ਕੀਤੀ। ਪੂਰੇ ਪਰਿਵਾਰ ਦੀ ਸਲਾਹ ਤੇ ਆਪਣਾਪਣ ਬਹੁਤ ਮਹੱਤਵਪੂਰਨ ਹਨ। ਨਿੱਜੀ ਅਜ਼ਾਦੀ ਨੂੰ ਪਰਿਵਾਰ ਦੀ ਰਜ਼ਾਮੰਦੀ ਨਾਲ ਜੋੜ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਸੱਭਿਆਚਾਰ ਨੂੰ ਯਾਦ ਰੱਖਣਾ ਜ਼ਰੂਰੀ

ਇੱਕਤਰਫ਼ਾ ਅਜ਼ਾਦੀ ਮਨੱੁਖ ਨੂੰ ਖਤਰੇ ਵੱਲ ਲੈ ਜਾਂਦੀ ਹੈ। ਬਿਨਾਂ ਸ਼ੱਕ ਅੰਤਰਰਾਸ਼ਟਰੀ ਤਬਦੀਲੀਆਂ ਨਾਲ ਹੋਰਨਾਂ ਸੱਭਿਆਚਾਰਾਂ ’ਤੇ ਪ੍ਰਭਾਵ ਪੈਣਾ ਲਾਜ਼ਮੀ ਹੈ ਪਰ ਤਬਦੀਲੀਆਂ ਨੂੰ ਸਿਰਫ਼ ਫੈਸ਼ਨ ਦੇ ਤੌਰ ’ਤੇ ਜਿਉਂ ਦਾ ਤਿਉਂ ਅਪਣਾ ਲੈਣਾ ਸਹੀ ਨਹੀਂ। ਬੇਗਾਨੇ ਸੱਭਿਆਚਾਰ ਦੀ ਹਰ ਚੀਜ਼ ਚੰਗੀ ਨਹੀਂ ਤੇ ਆਪਣੇ ਸੱਭਿਆਚਾਰ ਦੀ ਹਰ ਚੀਜ਼ ਮਾੜੀ ਨਹੀਂ। ਹਕੀਕਤ ਹੈ ਕਿ ਸਾਡਾ ਸੱਭਿਆਚਾਰ ਮਨੱੁਖ ਦੀ ਸੁਰੱਖਿਆ ’ਤੇ ਜ਼ੋਰ ਦਿੰਦਾ ਹੈ। ਇੱਥੇ ਰਿਸ਼ਤਿਆਂ ਨੂੰ ਵਿਆਹ ਦੇ ਰੂਪ ’ਚ ਮਾਨਤਾ ਦਿੱਤੀ ਗਈ ਹੈ।

ਵਿਆਹ ਕੋਈ ਸਮਝੌਤਾ ਨਹੀਂ ਸਗੋਂ ਇੱਕ ਸਮੱਰਪਣ, ਆਪਣਾਪਣ, ਸਹਿਯੋਗ ਤੇ ਤਿਆਗ ’ਤੇ ਆਧਾਰਿਤ ਸੰਸਥਾ ਹੈ ਜੋ ਇੱਕ-ਦੂਜੇ ਦੀ ਬਿਹਤਰੀ ਤੇ ਸਨਮਾਨ ਨੂੰ ਮੁੱਖ ਰੱਖਦਾ ਹੈ। ਲਿਵ-ਇਨ ਰਿਲੇਸ਼ਨ ਜਿਹੇ ਸੰਕਲਪ ਨਿੱਜੀ ਅਜ਼ਾਦੀ ਦਾ ਢੋਲ ਤਾਂ ਹੋ ਸਕਦੇ ਹਨ ਪਰ ਇਨ੍ਹਾਂ ’ਚੋਂ ਮਨੱੁਖੀ ਸਾਂਝ, ਪਰਿਵਾਰਾਂ ਦਾ ਮੋਹ-ਪਿਆਰ ਤੇ ਸਹਿਯੋਗ ਵਰਗਾ ਵਾਤਾਵਰਨ ਲੱਭਿਆਂ ਵੀ ਨਹੀਂ ਲੱਭਦਾ। ਚੰਗਾ ਹੋਵੇ ਜੇ ਨਵੀਂ ਪੀੜ੍ਹੀ ਜਜ਼ਬਾਤਾਂ ਦੇ ਵਹਿਣ ’ਚ ਵਹਿਣ ਦੀ ਬਜਾਇ ਆਪਣੀਆਂ ਰਵਾਇਤਾਂ ਦੀ ਰੌਸ਼ਨੀ ’ਚੋਂ ਆਪਣਾ ਰਸਤਾ ਤਲਾਸ਼ੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ