ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਤਿਆਰੀ ’ਚ ਸਰਕਾਰ

Maan Government

ਬਜਟ ’ਚ ਐਲਾਨ ਕਰਨ ਦਾ ਕਰ ਰਹੀ ਐ ਵਿਚਾਰ

  • ਪੰਜਾਬ ਦੀਆਂ ਸਾਰੀ ਮਹਿਲਾਵਾਂ ਨੂੰ ਨਹੀਂ ਮਿਲੇਗਾ ਫਾਇਦਾ, ਕਮਾਈ ਦੀ ਸੀਮਾ ਰੱਖਣ ਦੀ ਵੀ ਤਿਆਰੀ
  • ਚੰਗੀ ਕਮਾਈ ਵਾਲੀਆਂ ਮਹਿਲਾਵਾਂ ਨੂੰ ਨਹੀਂ ਮਿਲੇਗਾ 1 ਹਜ਼ਾਰ ਰੁਪਏ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਤਿਆਰੀ ਕਰ ਲਈ ਗਈ ਹੈ। ਇਸ ਲਈ ਬਕਾਇਦਾ ਕਈ-ਕਈ ਘੰਟੇ ਚਰਚਾ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਇਸ ਵਾਅਦੇ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਹ 1 ਹਜ਼ਾਰ ਰੁਪਏ ਦੇਣ ਦਾ ਐਲਾਨ ਬਜਟ ਸੈਸ਼ਨ ਵਿੱਚ ਕੀਤਾ ਜਾ ਸਕਦਾ ਹੈ ਪਰ ਇਸ ਦਾ ਫਾਇਦਾ ਅਗਸਤ ਮਹੀਨੇ ਤੋਂ ਬਾਅਦ ਮਿਲਣਾ ਸ਼ੁਰੂ ਹੋਏਗਾ, ਕਿਉਂਕਿ ਬਜਟ ਐਲਾਨ ਤੋਂ ਬਾਅਦ ਇਸ ਪੈਸੇ ਦੀ ਅਦਾਇਗੀ ਠੀਕ ਢੰਗ ਨਾਲ ਕਰਨ ਲਈ ਸਕੀਮ ਨੂੰ ਤਿਆਰ ਕਰਨ ਤੋਂ ਲੈ ਕੇ ਬੈਂਕ ਖਾਤੇ ਵਿੱਚ ਪਾਉਣ ਤੱਕ ਕਾਰਵਾਈ ਲਈ ਹੀ ਅਧਿਕਾਰੀਆਂ ਨੂੰ ਲੰਬਾ ਸਮਾਂ ਚਾਹੀਦਾ ਹੈ ਪਰ ਇਹ ਸਾਫ਼ ਹੈ ਕਿ ਵਿੱਤੀ ਸਾਲ 2023 ਵਿੱਚ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। (1000 pension scheme for women 2023)

ਜਿਨ੍ਹਾਂ ਮਹਿਲਾਵਾਂ ਕੋਲ ਪਹਿਲਾਂ ਹੀ ਜਿਆਦਾ ਪੈਸੇ ਹਨ, ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ

ਹਾਲਾਂਕਿ ਪੰਜਾਬ ਵਿੱਚ ਉਹ ਮਹਿਲਾਵਾਂ ਇਸ 1 ਹਜ਼ਾਰ ਰੁਪਏ ਦੇ ਫਾਇਦੇ ਤੋਂ ਬਾਹਰ ਹੋ ਸਕਦੀਆਂ ਹਨ, ਜਿਨ੍ਹਾਂ ਵੱਲੋਂ ਸਲਾਨਾ ਟੈਕਸ ਭਰਿਆ ਜਾਂਦਾ ਹੈ, ਕਿਉਂਕਿ ਸਰਕਾਰ ਵੱਲੋਂ ਇੱਕ ਤੈਅ ਆਮਦਨ ਤੱਕ ਹੀ 1 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਮਹਿਲਾਵਾਂ ਕੋਲ ਪਹਿਲਾਂ ਹੀ ਜਿਆਦਾ ਪੈਸੇ ਹਨ, ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ। (1000 pension scheme for women 2023)

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਉਹ ਪੰਜਾਬ ਦੀ ਹਰ ਮਹਿਲਾ ਨੂੰ 1 ਹਜ਼ਾਰ ਰੁਪਏ ਦੇਣਗੇ ਤਾਂ ਕਿ ਉਹ ਆਪਣੀ ਮਰਜ਼ੀ ਨਾਲ ਉਸ ਪੈਸੇ ਨੂੰ ਖ਼ਰਚ ਕਰ ਸਕੇ ਅਤੇ ਮਹਿਲਾਵਾਂ ਨੂੰ ਕੁਝ ਸਹਾਇਤਾ ਵੀ ਮਿਲ ਸਕੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਡੇ ਐਲਾਨ ਵਿੱਚ ਇਹ ਐਲਾਨ ਵੀ ਸ਼ਾਮਲ ਹੈ। ਇਸ ਲਈ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਸਰਕਾਰ ਦੇ ਕੈਬਨਿਟ ਮੰਤਰੀਆਂ ਵੱਲੋਂ ਕਈ ਵਾਰ ਫੈਸਲੇ ਨੂੰ ਲਾਗੂ ਕਰਨ ਦੀ ਤਾਰੀਖ਼ ਬਾਰੇ ਆਮ ਜਨਤਾ ਤੋਂ ਪੁੱਛਿਆ ਜਾਂਦਾ ਰਿਹਾ ਹੈ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।

ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣੇ ਦੂਜੇ ਬਜਟ ਦੀ ਤਿਆਰੀ ਵਿੱਚ ਇਸ ਫੈਸਲੇ ਨੂੰ ਲਾਗੂ ਕਰਨ ਦਾ ਮਨ ਲਗਭਗ ਬਣਾ ਲਿਆ ਗਿਆ ਹੈ, ਇਸ ਲਈ ਬਜਟ ਵਿੱਚ ਕੀਤੇ ਜਾਣ ਵਾਲੇ ਐਲਾਨ ਵਿੱਚ ਇਸ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਐਲਾਨ ਨੂੰ ਲੈ ਕੇ ਕਾਫ਼ੀ ਜਿਆਦਾ ਮੰਥਨ ਹੋ ਰਿਹਾ ਹੈ ਅਤੇ ਹੁਣ ਇਹ ਤੈਅ ਕਰ ਲਿਆ ਗਿਆ ਹੈ ਕਿ ਇਸੇ ਸਾਲ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ।

12 ਹਜ਼ਾਰ ਕਰੋੜ ਰੁਪਏ ਦਾ ਸਲਾਨਾ ਪਵੇਗਾ ਬੋਝ

ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਨਾਲ ਹੀ ਸਰਕਾਰੀ ਖਜ਼ਾਨੇ ’ਤੇ ਹਰ ਸਾਲ 12 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਇਸ ਸਮੇਂ ਪੰਜਾਬ ਵਿੱਚ 1 ਕਰੋੜ 2 ਲੱਖ ਮਹਿਲਾ ਵੋਟਰ ਹਨ, ਜੇਕਰ ਸਿਰਫ਼ ਇਨ੍ਹਾਂ ਵੋਟਰ ਮਹਿਲਾਵਾਂ ਨੂੰ ਹੀ 1 ਹਜ਼ਾਰ ਰੁਪਏ ਦਿੱਤੇ ਗਏ ਤਾਂ ਹਰ ਮਹੀਨੇ 1 ਹਜ਼ਾਰ ਕਰੋੜ ਰੁਪਏ ਅਤੇ ਪ੍ਰਤੀ ਸਾਲ 12 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ। ਇਸ ਸਮੇਂ ਪੰਜਾਬ ਸਰਕਾਰ ਕੋਲ ਜਿਆਦਾ ਆਮਦਨ ਵਾਲੇ ਸਾਧਨ ਨਹੀਂ ਹਨ, ਇਸ ਲਈ ਇਸ ਫੈਸਲੇ ਨੂੰ ਲਾਗੂ ਕਰਨ ਲਈ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮਦਨ ਵੀ ਵਧਾਉਣੀ ਪਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।