ਕੜਾਕੇ ਦੀ ਠੰਢ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਨੇ ਕਿਸਾਨ

ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ

  • ਪੰਜਾਬ ਪੱਧਰੀ ਡੀਸੀ ਦਫਤਰਾਂ ਅਤੇ ਟੋਲ ਪਲਾਜ਼ਿਆ ਤੇ ਅੰਦੋਲਨ ਦੂਜੇ ਮਹੀਨੇ ਵਿਚ ਜਾਰੀ,
  • ਅੰਦੋਲਨ ਦੇ ਅਗਲੇ ਪੜਾਵਾਂ ਨੂੰ ਲੈ ਲੋਕਾਂ ਵਿੱਚ ਉਤਸ਼ਾਹ

(ਰਾਜਨ ਮਾਨ) ਅੰਮ੍ਰਿਤਸਰ। ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਵਿੱਚ ਠਰਦੀਆਂ ਸੜਕਾਂ ਤੇ ਲੋਕ ਹਿੱਤਾਂ ਲਈ ਬੇਘਰ ਹੋਈ ਬੈਠੇ ਕਿਸਾਨਾਂ ਵਲੋਂ ਹੁਣ ਆਰ ਜਾਂ ਪਾਰ ਵੀ ਲੜਾਈ ਦਾ ਮੂਡ ਬਣਾਇਆ ਗਿਆ ਹੈ। ਹਾਕਮ ਦੇ ਬੇਰੁੱਖੀ ਵਾਲੇ ਰਵਈਏ ਨੂੰ ਲੈ ਕੇ ਸੜਕਾਂ ਤੇ ਬੈਠੇ ਇਹਨਾਂ ਯੋਧਿਆਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਸਰਕਾਰ ਵਿਰੁੱਧ ਰੋਹ ਵੱਧਦਾ ਜਾ ਰਿਹਾ ਹੈ।

ਵੱਖ ਵੱਖ ਧਰਨਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਦਿਨੋ ਦਿਨ ਵਧ ਰਹੀ ਹੈ। ਚੁੱਲੇ ਚੌਂਕੇ ਦੇ ਨਾਲ ਨਾਲ ਲੋਕ ਹਿੱਤਾਂ ਲਈ ਸੜਕਾਂ ਤੇ ਠਰ ਰਹੀਆਂ ਇਹਨਾਂ ਬਹਾਦੁਰ ਸ਼ੇਰਨੀਆਂ ਦੀ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ,ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ,ਪੰਜਾਬ ਦੇ 10 ਜਿਲ੍ਹਿਆਂ ਵਿਚ ਡੀ ਸੀ ਦਫਤਰਾਂ ਅਤੇ 18 ਟੋਲ ਪਲਾਜ਼ਿਆ ਤੇ ਲੱਗੇ ਲੰਬੇ ਸਮੇ ਦੇ ਮੋਰਚੇ ਦੂਜੇ ਮਹੀਨੇ ਵਿੱਚ ਲਗਾਤਾਰ 45ਵੇਂ ਦਿਨ ਜਾਰੀ ਹਨ।

  • ਅੰਦੋਲਨ ਦੇ ਅਗਲੇ ਪੜਾਵਾਂ ਨੂੰ ਲੈ ਲੋਕਾਂ ਵਿੱਚ ਉਤਸ਼ਾਹ

ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਅੰਦੋਲਨ ਨੇ ਲੋਕਾਂ ਦਾ ਰੁਝਾਨ ਸੰਘਰਸ਼ਾਂ ਵੱਲ ਵੱਧ ਰਿਹਾ ਹੈ ਅਤੇ ਉਹਨਾਂ ਵਿਚ ਸਰਕਾਰਾਂ ਦੇ ਦੋਹਰੇ ਚਾਲ ਚਰਿਤ੍ਰ ਨੂੰ ਲੈ ਕੇ ਸੋਝੀ ਵਧ ਰਹੀ ਹੈ। ਉਹਨਾਂ ਅੱਜ ਅੰਮ੍ਰਿਤਸਰ ਮੋਰਚੇ ’ਤੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਦੀ ਜੁਮਲਾ ਮੁਤਰਕਾ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ, ਸ਼ਰਾਬ ਫੈਕਟਰੀ ਜ਼ੀਰਾ ਦੇ ਹੱਕ ਵਿਚ ਅਤੇ ਜਹਿਰਾਂ ਘੁਲੇ ਪਾਣੀਆਂ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਇਲਾਕਾਵਾਸੀ ਲੋਕਾਂ ਦੇ ਵਿਰੁੱਧ ਖ਼ੜੋਤੀ ਹੈ।

ਇਹ ਹਨ ਮੰਗਾਂ

ਉਹਨਾਂ ਕਿਹਾ ਕਿ ਨਸ਼ੇ, ਬੇਰੁਗਾਰੀ, ਕਨੂੰਨ ਵਿਵਸਥਾ, ਹਸਪਤਾਲਾਂ ਸਮੇਤ ਸਾਰੇ ਅਦਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਹੈ। ਸਰਕਾਰ ਆਪਣੀਆਂ ਜਿੰਮੇਵਾਰੀ ਤੋਂ ਭੱਜ ਚੁੱਕੀ ਹੈ ਅਤੇ ਉਸਦਾ ਅੰਦੋਲਨਕਾਰੀ ਲੋਕਾਂ ਨਾਲ ਮੇਜ਼ ’ਤੇ ਆ ਕੇ ਗੱਲ ਨਾ ਕਰਨਾ ਸਿਆਸਤਦਾਨਾਂ ਦੀ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹੀ ਮਾਨਸਿਕਤਾ ਦਾ ਸਬੂਤ ਹੈ।

ਇਸ ਮੌਕੇ ਬੋਲਦੇ ਜਿਲ੍ਹਾ ਸੀ. ਮੀਤ ਪ੍ਰਧਾਨ ਜਰਮਨਜੀਤ ਬੰਡਾਲਾ,ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ, ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਗਰੰਟੀ ਕਨੂੰਨ ਬਣਾਉਣ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਟ ਅਨੁਸਾਰ ਫਸਲਾਂ ਦੇ ਭਾਅ ਲੈਣੇ , ਮਾਈਕਰੋ-ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਦੀ ਹੁੰਦੀ ਲੁੱਟ ਰੋਕਣਾ, ਦਿੱਲੀ ਤੇ ਪੰਜਾਬ ਪੱਧਰੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣਾ ਅਤੇ ਹੋਰ ਵੀ ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣਾ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਦਬੀਆਂ ਦਾ ਇਨਸਾਫ ਤੁਰੰਤ ਕੀਤਾ ਜਾਵੇ, ਮਨਰੇਗਾ ਤਹਿਤ ਮਜ਼ਦੂਰ ਨੂੰ ਸਾਲ ਵਿਚ 365 ਦਿਨ ਰੁਜ਼ਗਾਰ ਮੁਹੱਈਆ ਹੋਵੇ, ਕਿਸਾਨਾਂ ਮਜਦੂਰਾਂ ਦੇ ਸਮੁਚੇ ਕਰਜ਼ੇ ਖਤਮ ਕਰਵਾਉਣੇ ਆਦਿ ਮੁੱਖ ਮੁੱਦੇ ਹਨ ਅਤੇ ਇਹਨਾਂ ਦੀ ਪ੍ਰਾਪਤੀ ਤੱਕ ਅੰਦੋਲਨ ਵੱਖ ਵੱਖ ਰੂਪਾਂ ਵਿਚ ਜਾਰੀ ਰਹਿਣਗੇ।

ਸੈਂਕੜੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੇ ਹਾਜ਼ਰੀ ਭਰੀ

ਉਨ੍ਹਾਂ ਦੱਸਿਆ ਕਿ ਡੀਸੀ ਦਫਤਰ ਅਤੇ 3 ਟੋਲ ਪਲਾਜ਼ਿਆ ਤੇ ਜਥੇਬੰਦੀ ਦੇ ਜੁਝਾਰੂ ਕਿਸਾਨ ਮਜਦੂਰ ਕੜਕਦੀ ਠੰਢ ‘ਚ ਡਟੇ ਹੋਏ ਹਨ । ਡੀਸੀ ਦਫਤਰ ਮੋਰਚੇ ਤੋਂ ਹੋਰਨਾਂ ਤੋਂ ਇਲਾਵਾ ਆਗੂ ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ, ਲਖਵਿੰਦਰ ਸਿੰਘ ਡਾਲਾ, ਰਣਜੀਤ ਸਿੰਘ ਚਾਟੀਵਿੰਡ,ਚਰਨ ਸਿੰਘ ਕਲੇਰ ਘੁਮਾਣ, ਅਮਨਿੰਦਰ ਸਿੰਘ ਮਾਲੋਵਾਲ, ਨਿਰੰਜਨ ਸਿੰਘ ਜੱਬੋਵਾਲ, ਅਮਰੀਕ ਸਿੰਘ ਜਮਾਲਪੁਰ, ਸਵਰਨ ਸਿੰਘ ਉਧੋਨੰਗਲ, ਗੁਰਦੇਵ ਸਿੰਘ, ਗੁਰਦਾਸ ਸਿੰਘ ਵਿਸ਼ੋਆ, ਹੋਰ ਸੀਨੀਅਰ ਜ਼ੋਨ ਆਗੂ ਅਤੇ ਸੈਕੜੇ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਹਾਜ਼ਰੀ ਭਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ