ਅੰਦਰੋਂ ਲੁੱਟਿਆ ਜਾ ਰਿਹਾ Punjab
ਪੰਜਾਬ (Punjab) ਸਰਹੱਦੀ ਖਿੱਤਾ ਹੋਣ ਕਾਰਨ ਪ੍ਰਾਚੀਨ ਸਮੇਂ ਤੋਂ ਲੁੱਟ ਦਾ ਸ਼ਿਕਾਰ ਰਿਹਾ। ‘ਸੋਨੇ ਦੀ ਚਿੜੀ’ ਭਾਰਤ ਨੂੰ ਲੁੱਟਣ ਲਈ ਅਬਦਾਲੀ, ਦੁੱਰਾਨੀ ਵਰਗੇ ਜਿੱਥੇ ਤਲਵਾਰ ਦੇ ਬਲ ’ਤੇ ਆਏ, ਉੱਥੇ ਅੰਗਰੇਜ਼, ਫਰਾਂਸੀਸੀ, ਡੱਚ, ਪੁਰਤਗਾਲੀ ਵਪਾਰ ਦੇ ਬਹਾਨੇ ਆਏ। ਮਕਸਦ ਸਭ ਦਾ ਇੱਕ ਸੀ-ਭਾਰਤ ਨੂੰ ਲੁੱਟਣਾ ਪੰਜਾਬ ਦੀ ਧਰਤੀ ਜਰਖੇਜ਼ ਹੈ ਤੇ ਹਮਲਾਵਰ ਪੰਜਾਬ ਨੂੰ ਹੀ ਲੁੱਟ-ਲੁੱਟ ਨਿਹਾਲ ਹੋ ਜਾਂਦੇ ਸਨ। ਸਦੀਆਂ ਮਗਰੋਂ ਆਖਰ ਬਾਹਰੀ ਲੁਟੇਰਿਆਂ ਤੋਂ ਅਜ਼ਾਦੀ ਮਿਲ ਗਈ।
ਅੱਜ ਦੇਸ਼ ਕੋਲ ਮਜ਼ਬੂਤ ਫੌਜ ਹੈ ਪਰ ਅੰਦਰੂਨੀ ਲੁੱਟ ਨੇ ਘਾਤਕ ਰੂਪ ਧਾਰਨ ਕਰ ਲਿਆ ਹੈ। ਲੁੱਟਣ ਬਾਹਰੋਂ ਵੀ ਤਕੜੇ ਆਉਂਦੇ ਸਨ ਤੇ ਅੱਜ ਅੰਦਰੂਨੀ ਲੁੱਟ ਵੀ ਤਕੜੇ ਹੀ ਕਰ ਰਹੇ ਹਨ। ਲੋਕਾਂ ਦੇ ਚੁਣੇ ਹੋਏ ਜਿਨ੍ਹਾਂ ਨੁਮਾਇੰਦਿਆਂ ਨੇ ਲੋਕਾਂ ਲਈ ਰੋਟੀ-ਰੋਜ਼ੀ ਦਾ ਪ੍ਰਬੰਧ ਕਰਨਾ ਸੀ ਉਹ ਆਗੂ ਹੀ ਰੱਬ ਦੀ ਸਹੁੰ ਚੁੱਕ ਕੇ ਮੁੱਕਰ ਗਏ ਹਨ। ਸਿਆਸੀ ਆਗੂ ਧਾਰਮਿਕ ਸਥਾਨਾਂ ’ਤੇ ਮੱਥੇ ਟੇਕ ਕੇ ਫਰਜ ਨਿਭਾਉਣ ਤੇ ਸੱਚ ਦੇ ਰਾਹ ਤੁਰਨ ਦੀਆਂ ਕਸਮਾਂ ਖਾ ਕੇ ਵੀ ਲੋਕਾਂ (ਸਰਕਾਰੀ ਖ਼ਜ਼ਾਨੇ ਨੂੰ) ਨੂੰ ਲੁੱਟਣ ਦੇ ਰਾਹ ਪਏ ਹਨ।
ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ (ਟੈਕਸ) ਦੀ ਲੁੱਟ ਕਰ ਰਹੇ ਹਨ ਅੱਜ ਪੰਜਾਬ (Punjab) ’ਚ ਕੋਈ ਵੀ ਪਾਰਟੀ ਨਹੀਂ ਬਚੀ ਜਿਹੜੀ ਸਰਕਾਰੀ ਪੈਸਾ ਖਾਣ ਦੇ ਦੋਸ਼ਾਂ ਤੋਂ ਬਚੀ ਹੋਵੇ। ਕੋਈ ਅਨਾਜ ਮੰਡੀਆਂ ਦੀ ਢੋਆ-ਢੁਆਈ ’ਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕੋਈ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ, ਕੋਈ ਦਰੱਖਤ ਵੇਚ ਖਾ ਗਿਆ ਤੇ ਕੋਈ ਰਿਸ਼ਵਤ ’ਚੋਂ ਹਿੱਸਾ ਲੈ ਗਿਆ। ਸਾਬਕਾ ਮੰਤਰੀ, ਵਿਧਾਇਕ, ਨਿਗਮਾਂ ਦੇ, ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਅਤੇ ਉੱਚ ਅਧਿਕਾਰੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ।
ਬਾਹਰੀ ਹਮਲਾਵਰ ਝੂਠ ਨਹੀਂ ਸਨ ਬੋਲਦੇ
ਇੱਕ ਸਾਬਕਾ ਮੁੱਖ ਮੰਤਰੀ ਦੇ ਸਿਰ ਤਿੰਨ ਮਹੀਨਿਆਂ ’ਚ 60 ਲੱਖ ਰੁਪਏ ਦੀ ਰੋਟੀ-ਪਾਣੀ ਦਾ ਖਰਚਾ ਬੋਲਿਆ ਹੈ ਉਸ ਸੂਬੇ (Punjab) ਦੇ ਮੁੱਖ ਮੰਤਰੀ ਦੀ ਕੋਠੀ ’ਚ ਹਰ ਮਹੀਨੇ 20 ਲੱਖ ਦੀ ਰੋਟੀ ਖਾਧੀ ਗਈ। ਜਿਸ ਸੂਬੇ ਦੇ ਇੱਕ ਕਰੋੜ ਤੋਂ 53 ਲੱਖ ਲੋਕ ਭਾਵ ਅੱਧੀ ਅਬਾਦੀ ਲੋਕ ਸਸਤੇ ਮੁੁਫ਼ਤ ਸਰਕਾਰੀ ਰਾਸ਼ਨ ਨਾਲ ਗੁਜ਼ਾਰਾ ਕਰਦੀ ਹੈ। ਇਮਾਨ ਕਿੱਥੇ ਹੈ? ਬਾਹਰੀ ਹਮਲਾਵਰ ਝੂਠ ਨਹੀਂ ਸਨ ਬੋਲਦੇ, ਪਖੰਡ ਨਹੀਂ ਸੀ ਕਰਦੇ। ਆਪਣੇ-ਆਪ ਨੂੰ ਲੁਟੇਰੇ ਦੱਸਦੇ ਸਨ ਪਰ ਅੱਜ ਮਿੱਠਾ-ਮਿੱਠਾ ਬੋਲ ਕੇ ਸੱਚ ਤੇ ਲੋਕ ਸੇਵਾ ਦੇ ਰਾਹ ’ਤੇ ਚੱਲਣ ਦਾ ਦਾਅਵਾ ਕਰਨ ਆਗੂ ਵਾਲੇ ਲੋਕਾਂ ਦੇ ਹੱਕ ਖਾ ਰਹੇ ਹਨ। ਰਾਖਾ ਹੀ ਖੇਤ ਨੂੰ ਨਿਗਲਣ ਲੱਗਾ ਹੈ।
ਅਸਲ ’ਚ ਦੇਸ਼ ’ਚ ਗਰੀਬੀ, ਬੇਰੁਜ਼ਗਾਰੀ, ਬਦਹਾਲੀ ਦੀ ਜੜ੍ਹ ਹੀ ਸਿਆਸੀ ਤੇ ਪ੍ਰਸ਼ਾਸਨਿਕ ਭਿ੍ਰਸ਼ਟਾਚਾਰ ਹੈ। ਦੇਸ਼ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੇਸ਼ ਦੀ ਹਰ ਸਮੱਸਿਆ ਦਾ ਹੱਲ ਦੇਸ਼ ਦੇ ਅੰਦਰ ਹੀ ਹੈ। ਜੇਕਰ ਸਿਆਸੀ ਆਗੂ ਇਮਾਨਦਾਰੀ ’ਤੇ ਪਹਿਰਾ ਦੇਣ ਤਾਂ ਲੱਖਾਂ ਨੌਜਵਾਨਾਂ ਨੂੰ ਅੱਜ ਆਈਲੈਟਸ ਸੈਂਟਰਾਂ ’ਤੇ ਇੱਕ-ਦੂਜੇ ਦੇ ਪੈਰ ਮਿੱਧਣ ਦੀ ਲੋੜ ਹੀ ਨਾ ਪਵੇ। ਦੇਸ਼ ਦੇ ਸਿਆਸੀ ਆਗੂਆਂ ਤੋਂ ਅੱਕੇ ਨੌਜਵਾਨਾਂ ਕੋਲ ਵਿਦੇਸ਼ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਕਿਉਂਕਿ ਜਾਂਚ ਵੀ ਸੱਚ ਸਾਹਮਣੇ ਲਿਆਵੇਗੀ ਇਸ ਦਾ ਵੀ ਭਰੋਸਾ ਤਾਂ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ