ਵਿਦਿਆਰਥੀ ਨੇ ਅਧਿਆਪਕ ’ਤੇ ਕੀਤਾ ਹਮਲਾ, ਦੋਸਤਾਂ ਨੇ ਵੀ ਦਿੱਤਾ ਸਾਥ, ਲੱਗੇ ਚਾਰ ਟਾਂਕੇ

ਵਿਦਿਆਰਥੀ ਨੇ ਅਧਿਆਪਕ ’ਤੇ ਕੀਤਾ ਹਮਲਾ, ਦੋਸਤਾਂ ਨੇ ਵੀ ਦਿੱਤਾ ਸਾਥ, ਲੱਗੇ ਚਾਰ ਟਾਂਕੇ

ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਦੋਸਤਾਂ ਨਾਲ ਮਿਲ ਕੇ ਅਧਿਆਪਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਅਧਿਆਪਕ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਉਸ ਦੇ ਸਿਰ ’ਤੇ ਚਾਰ ਟਾਂਕੇ ਲੱਗੇ ਹਨ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਅਧਿਆਪਕ ਨੇ ਵਿਦਿਆਰਥੀ ਨੂੰ ਝਿੜਕਿਆ ਸੀ। ਇਸ ਕਾਰਨ ਵਿਦਿਆਰਥੀ ਗੁੱਸੇ ’ਚ ਸੀ। ਹਸਪਤਾਲ ਵਿੱਚ ਦਾਖ਼ਲ ਅਧਿਆਪਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਪ੍ਰਾਰਥਨਾ ਸਭਾ ਵਿੱਚ ਖੜ੍ਹਾ ਸੀ। ਉਦੋਂ ਇਸੇ ਸਕੂਲ ਦਾ 12ਵੀਂ ਜਮਾਤ ਦਾ ਵਿਦਿਆਰਥੀ ਆਪਣੇ ਬਾਹਰਲੇ ਦੋਸਤਾਂ ਨਾਲ ਆਇਆ ਅਤੇ ਉਨ੍ਹਾਂ ’ਤੇ ਪਿੱਛਿਓਂ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸਿਰ ’ਤੇ ਵਾਰ ਕੀਤਾ। ਇਸ ਕਾਰਨ ਸਿਰ ’ਤੇ ਡੂੰਘੇ ਜ਼ਖ਼ਮ ਹੋ ਗਏ ਹਨ। ਹੋਰ ਅਧਿਆਪਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਭੱਜ ਗਏ।

ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਨੂੰ ਇਨਸਾਫ਼ ਨਾ ਮਿਲਿਆ ਤਾਂ ਅਧਿਆਪਕ ਯੂਨੀਅਨ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਦੂਜੇ ਪਾਸੇ ਜਦੋਂ ਇਸ ਸਬੰਧੀ ਸਕੂਲ ਦੇ ਪਿ੍ਰੰਸੀਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਦੋਸ਼ੀ ਬੱਚੇ ਸਾਡੇ ਸਕੂਲ ਨਾਲ ਸਬੰਧਤ ਨਹੀਂ ਹਨ।

ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਸਮਾਜਿਕ ਢਾਂਚੇ ’ਚ ਢਾਲਣਾ ਚਾਹੀਦਾ ਹੈ : ਡਾ ਕ੍ਰਿਸ਼ਨ ਕੁਮਾਰ ਸੋਨੀ, ਕਲੀਨਿਕਲ ਸਾਈਕੋਲੋਜਿਸਟ, ਪੀਜੀਆਈਐਮਈਆਰ ਚੰਡੀਗੜ੍ਹ

ਕੋਵਿਡ ਮਹਾਮਾਰੀ ਕਾਰਨ ਬੱਚੇ ਸੋਸ਼ਲ ਮੀਡੀਆ ਅਤੇ ਇੰਟਰਨੈੱਟ ’ਤੇ ਜ਼ਿਆਦਾ ਨਿਰਭਰ ਹੋ ਗਏ ਹਨ। ਸਰੀਰਕ ਗਤੀਵਿਧੀ ਘੱਟ ਹੋਣ ਕਾਰਨ ਉਨ੍ਹਾਂ ਵਿੱਚ ਧੀਰਜ ਘੱਟ ਗਿਆ ਹੈ। ਸਮਾਜਿਕ ਪਰਿਵਰਤਨ ਕਾਰਨ ਵੱਡੀ ਗਿਣਤੀ ਵਿੱਚ ਪਰਿਵਾਰ ਵੀ ਛੋਟੇ ਹੋ ਗਏ ਹਨ। ਬਜ਼ੁਰਗ ਸਾਂਝੇ ਅਤੇ ਵੱਡੇ ਪਰਿਵਾਰ ਵਿੱਚ ਅਧਿਆਪਕਾਂ ਦੀ ਮਹੱਤਤਾ ਦੱਸਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਕਿਸ਼ੋਰ ਅਵਸਥਾ ਵਿਚ ਬੱਚੇ ਆਪਣੇ ਗੁੱਸੇ ’ਤੇ ਕਾਬੂ ਨਹੀਂ ਰੱਖਦੇ। ਇਸ ਤੋਂ ਇਲਾਵਾ ਸਮਾਜ ਵਿੱਚ ਵਾਪਰੀਆਂ ਕੁਝ ਘਟਨਾਵਾਂ ਕਾਰਨ ਅਧਿਆਪਕ ਅਤੇ ਬੱਚਿਆਂ ਦਾ ਰਿਸ਼ਤਾ ਵੀ ਤਾਰ ਤਾਰ ਹੋ ਗਿਆ ਹੈ। ਇਸ ਕਾਰਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਾਜਿਕ ਢਾਂਚੇ ਵਿੱਚ ਢਾਲਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ