ਇਰਾਨ ਦੇ ਅੰਦਰੂਨੀ ਸੰਕਟ ਲਈ ਕਿਹੜੇ ਕਾਰਨ ਜ਼ਿੰਮੇਵਾਰ?

ਇਰਾਨ ਦੇ ਅੰਦਰੂਨੀ ਸੰਕਟ ਲਈ ਕਿਹੜੇ ਕਾਰਨ ਜ਼ਿੰਮੇਵਾਰ?

ਇਰਾਨ ਏਸ਼ੀਆ ਦੇ ਦੱਖਣ ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਸੰਨ 1935 ਤੱਕ ਇਸ ਨੂੰ ਫਾਰਸ ਦੇਸ਼ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪਰ 1 ਅਪਰੈਲ 1979 ਨੂੰ ਇਸ ਨੂੰ ਇਸਲਾਮੀ ਗਣਤੰਤਰ ਐਲਾਨ ਦਿੱਤਾ ਗਿਆ ਹੈ। ਇਸ ਦੀ ਕੁੱਲ ਅਬਾਦੀ ਦਾ ਲਗਭਗ 15 ਪ੍ਰਤੀਸ਼ਤ ਹਿੱਸਾ ਇਸ ਦੀ ਰਾਜਧਾਨੀ ਤਹਿਰਾਨ ਵਿੱਚ ਹੀ ਰਹਿੰਦਾ ਹੈ। ਇਸ ਦੀ ਮਾਲੀ ਹਾਲਤ ਤੇ ਆਰਥਿਕਤਾ ਦਾ ਜ਼ਿਆਦਾ ਭਾਗ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਨਿਰਯਾਤ ’ਤੇ ਨਿਰਭਰ ਕਰਦਾ ਹੈ।

ਇਰਾਨ ਦੀ ਵਿਰਾਸਤ ਤੇ ਸੱਭਿਆਚਾਰ ਸੈਂਕੜੇ ਸਾਲ ਪੁਰਾਣਾ ਹੈ ਤੇ ਇਹ ਪਹਿਲਾਂ ਇੱਕ ਸੁੰਨੀ ਦੇਸ਼ ਹੁੰਦਾ ਸੀ ਪਰ ਪੰਦਰਵੀਂ ਸਦੀ ਤੋਂ ਬਾਅਦ ਇਸਲਾਮ ਦੀ ਸ਼ੀਆ ਸ਼ਾਖਾ ਇੱਥੋਂ ਦਾ ਮੁੱਖ ਅਕੀਦਾ ਬਣ ਗਈ। ਇਸ ਕਰਕੇ ਹੀ 1 ਅਪਰੈਲ 1979 ਦੇ ਇਸਲਾਮੀ ਇਨਕਲਾਬ ਦੇ ਸਮੇਂ ਤੋਂ ਬਾਅਦ ਲਾਗੂ ਕੀਤੇ ਸੰਵਿਧਾਨ ਵਿੱਚ ਸ਼ੀਆ ਇਸਲਾਮ ਇੱਥੋਂ ਦਾ ਰਾਜ ਧਰਮ ਹੈ। ਇੱਥੇ ਭਾਵੇਂ ਇਸਲਾਮ ਦੀਆਂ ਦੂਸਰੀਆਂ ਸ਼ਾਖਾਵਾਂ ਦੇ ਲੋਕ ਵੀ ਥੋੜ੍ਹੇ-ਥੋੜ੍ਹੇ ਰਹਿੰਦੇ ਹਨ ਪਰ ਅੱਸੀ ਤੋਂ ਨੱਬੇ ਫੀਸਦੀ ਲੋਕ ਸ਼ੀਆ ਮੁਸਲਮਾਨ ਹਨ।

ਇਰਾਨ ਦੇ ਸ਼ੀਆ ਹੋਣ ਕਰਕੇ ਹੀ ਆਪਣੇ ਗੁਆਂਢੀ ਸਾਊਦੀ ਅਰਬ, ਯੂਏਈ ਸੁੰਨੀ ਦੇਸ਼ਾਂ ਨਾਲ ਕਦੇ ਵੀ ਸਬੰਧ ਸੁਖਾਵੇਂ ਨਹੀਂ ਰਹੇ ਹਨ। ਪਰ ਹੁਣ ਤਾਜਾ ਘਟਨਾਕ੍ਰਮ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਇਰਾਨ ਦੇ ਅੰਦਰੂਨੀ ਹਾਲਾਤ ਵੀ ਸੁਖਾਵੇਂ ਨਹੀਂ ਹਨ। ਇਸ ਦਾ ਕਾਰਨ ਸਤੰਬਰ ਮਹੀਨੇ ਵਿੱਚ ਕੁਰਦ ਜਾਤੀ ਦੀ ਇੱਕ ਇਰਾਨੀ ਵਿਦਿਆਰਥਣ ਮਾਹਸਾ ਅਮੀਨੀ ਨੂੰ ਔਰਤਾਂ ਦੇ ਲਿਬਾਸ ਤੇ ਧਾਰਮਿਕ ਮਾਮਲਿਆਂ ਬਾਰੇ ਨਿਗਰਾਨੀ ਕਰਨ ਵਾਲੀ ਪੁਲਿਸ ‘ਗਸ਼ਤ ਏ ਇਰਸ਼ਾਦ’ ਨੇ ਹਿਜਾਬ ਨਾ ਪਹਿਨਣ ਕਰਕੇ ਗਿ੍ਰਫਤਾਰ ਕਰ ਲਿਆ ਸੀ ਤੇ ਪੁਲਿਸ ਹਿਰਾਸਤ ਵਿੱਚ ਹੀ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।

ਉਸ ਦੀ ਮੌਤ ਮਗਰੋਂ ਔਰਤਾਂ ਸਮੇਤ ਦੂਜੇ ਵਰਗਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਧਰਨੇ, ਮੁਜ਼ਾਹਰਿਆਂ ਤੇ ਜਲੂਸਾਂ ਦੇ ਰੂਪ ਵਿੱਚ ਸਰਕਾਰ ਨਾਲ ਟਕਰਾਅ ਵਧਦਾ ਗਿਆ। ਇਸ ਟਕਰਾਅ ਵਿੱਚ ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗਿ੍ਰਫਤਾਰ ਕੀਤੇ ਗਏ ਹਨ। ਹਿਜਾਬ ਦੇ ਖਿਲਾਫ ਭੜਕੇ ਲੋਕਾਂ ਦੀ ਭੀੜ ਹੁਣ ਜਨ-ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ। ਲੋਕ ਸੜਕਾਂ ’ਤੇ ਆ ਕੇ ਹਿਜਾਬ ਦੇ ਨਾਲ ਆਇਤਉੱਲ੍ਹਾ ਖੁਮੀਨੀ ਵਿਰੁੱਧ ਵੀ ਬੋਲ ਰਹੇ ਹਨ। ਉਹ ਇਸ ਇਸਲਾਮੀ ਰਾਜ ਦਾ ਅੰਤ ਕਰਨ ਦੀ ਮੰਗ ਵੀ ਕਰ ਰਹੇ ਹਨ। ਇਹ ਅੰਦੋਲਨ ਇਸ ਸਮੇਂ ਇੰਨਾ ਉਗਰ ਰੂਪ ਧਾਰਨ ਕਰ ਗਿਆ ਹੈ ਕਿ ਇਸ ਨੇ ਮੌਜੂਦਾ ਰਾਸ਼ਟਰਪਤੀ ਇਬਰਾਹੀਮ ਰਈਸੀ ਦੀ ਕੁਰਸੀ ਨੂੰ ਖਤਰਾ ਪੈਦਾ ਕਰ ਦਿੱਤਾ ਹੈ।

ਸਰਕਾਰ ਨੇ ਲੋਕ-ਰੋਹ ਨੂੰ ਵੇਖਦਿਆਂ ਹੀ ‘ਗਸ਼ਤ ਏ ਇਰਸ਼ਾਦ’ ਪੁਲਿਸ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਨੈਤਿਕ ਪੁਲਿਸ ‘ਗਸ਼ਤ-ਏ-ਇਰਸ਼ਾਦ’ ਦੀ ਸਥਾਪਨਾ 2006 ਵਿੱਚ ਰਾਸ਼ਟਰਪਤੀ ਮਹਿਮੂਦ ਅਹਿਮਦ ਨੇਜਾਦ ਨੇ ਇਸ ਲਈ ਕੀਤੀ ਸੀ ਕਿ ਇਹ ਔਰਤਾਂ ਦੇ ਲਿਬਾਸ ਦੇ ਨਾਲ ਇਸਲਾਮੀ ਕਾਨੂੰਨ ਤੇ ਰਵਾਇਤਾਂ ਦਾ ਪਾਲਣ ਕਰਵਾ ਸਕੇ। ਇਸ ਪੁਲਿਸ ਦੀਆਂ ਟੁਕੜੀਆਂ ਔਰਤਾਂ ’ਤੇ ਸਖ਼ਤ ਨਜ਼ਰ ਰੱਖਦੀਆਂ ਹਨ ਕਿ ਉਹ ਢੰਗ ਦਾ ਪਹਿਰਾਵਾ ਪਹਿਨਣ ਤੇ ਸਿਰ ਢੱਕਣ ਲਈ ਹਿਜਾਬ ਦੀ ਵਰਤੋਂ ਕਰਨ। ਪਰ ਹਿਜਾਬ ਦੇ ਵਿਰੋਧ ਵਿੱਚ ਭੜਕਿਆ ਇਹ ਅੰਦੋਲਨ ਹੁਣ ਸੱਤਾ ਲਈ ਖਤਰਾ ਬਣ ਗਿਆ ਹੈ।

ਇਰਾਨ ਸਰਕਾਰ ਭਾਵੇਂ ਇਸ ਅੰਦੋਲਨ ਪਿੱਛੇ ਅਮਰੀਕਾ, ਇਜ਼ਰਾਈਲ ਸਮੇਤ ਦੂਜੀਆਂ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਅ ਰਹੀ ਹੈ ਪਰ ਉੱਥੋਂ ਦੇ ਆਮ ਲੋਕ ਇਸ ਗੱਲ ਨੂੰ ਸਹੀ ਨਹੀਂ ਮੰਨ ਰਹੇ ਹਨ।
ਅਸਲ ਵਿੱਚ ਇਸ ਅੰਦੋਲਨ ਦੇ ਭੜਕਣ ਪਿੱਛੇ ਇਕੱਲਾ ਹਿਜਾਬ ਜਾਂ ਵਿਦੇਸ਼ੀ ਤਾਕਤਾਂ ਨਹੀਂ ਹਨ ਬਲਕਿ ਕੁਝ ਹੋਰ ਵੀ ਕਾਰਨ ਹਨ। ਇੱਕ ਤਾਂ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਇਰਾਨ ਦੇ ਲੋਕ ਆਧੁਨਿਕ ਹੋ ਗਏ ਹਨ ਤੇ ਉਹ ਹੁਣ ਦੇਸ਼ ਦੀਆਂ ਵਲਗਣਾਂ ਤੋਂ ਪਾਰ ਹੋ ਕੇ ਖਾਣਾ-ਪੀਣਾ ਤੇ ਪਹਿਨਣਾ ਚਾਹੁੰਦੇ ਹਨ। ਪਰ ਇਰਾਨੀ ਸਰਕਾਰ ਉਨ੍ਹਾਂ ਨੂੰ ਰਵਾਇਤੀ ਸੱਭਿਆਚਾਰ ਤੇ ਵਿਰਾਸਤ ਨਾਲ ਜੋੜ ਕੇ ਰੱਖਣਾ ਚਾਹੁੰਦੀ ਹੈ।

ਇਸ ਤਰ੍ਹਾਂ ਰਵਾਇਤੀ ਸੱਭਿਆਚਾਰ ਤੇ ਆਧੁਨਿਕਤਾ ਵਿਚਕਾਰ ਚੱਲ ਰਹੀ ਕਸ਼ਮਕਸ਼ ਵੀ ਇਸ ਅੰਦੋਲਨ ਦੇ ਖੜ੍ਹਾ ਹੋਣ ਦਾ ਕਾਰਨ ਬਣੀ ਹੈ। ਦੂਜਾ ਕਾਰਨ ਇਹ ਹੈ ਕਿ ਲੋਕ ਆਇਤਉੱਲ੍ਹਾ ਖੁਮੀਨੀ ਦੇ ਧਰਮ ਅਧਾਰਿਤ ਰਾਜ ਤੋਂ ਅੱਕ ਗਏ ਹਨ ਤੇ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਹੁਣ ਸਰਕਾਰ ਦਾ ਹਰ ਕਾਨੂੰਨ ਲੋਕਾਂ ਨੂੰ ਪਾਬੰਦੀ ਦੇ ਨਾਲ-ਨਾਲ ਸਰਕਾਰੀ ਜਬਰ ਲੱਗਣ ਲੱਗ ਪਿਆ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਦੇਸ਼ ਵਿੱਚ ਪੂਰੇ ਅਧਿਕਾਰ ਨਹੀਂ ਮਿਲੇ ਹਨ ਤੇ ਉਨ੍ਹਾਂ ਉੱਪਰ ਬਹੁਤ ਸਾਰੀਆਂ ਬੰਦਿਸ਼ਾਂ ਹਨ। ਇਸ ਕਰਕੇ ਹਿਜਾਬ ਤਾਂ ਲੋਕ-ਰੋਹ ਦੇ ਫੁੱਟਣ ਦਾ ਇੱਕ ਜਰੀਆ ਬਣਿਆ ਹੈ ਜਦਕਿ ਲੋਕ ਅਸਲੀਅਤ ਵਿੱਚ ਤਾਂ ਸੱਤਾ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ।
ਸਾਹਨੇਵਾਲੀ (ਮਾਨਸਾ)
ਮੋ. 70098-98044
ਮਨਜੀਤ ਮਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ