ਮੁਕੇਸ਼ ਅਗਨੀਹੋਤਰੀ ਹੋਣਗੇ ਉਪ ਮੁੱਖ ਮੰਤਰੀ
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ‘ਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਈ ਦਿਨਾਂ ਤੋਂ ਹੰਗਾਮਾ ਜਾਰੀ ਸੀ। ਹੁਣ ਹਿਮਾਚਲ ’ਚ ਕਾਂਗਰਸ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਹੋ ਗਿਆ ਹੈ। ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਤੇ ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਹੋਣਗੇ। ਇਹ ਫੈਸਲਾ ਸ਼ਨਿੱਚਰਵਾਰ ਸ਼ਾਮ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ‘ਚ ਲਿਆ ਗਿਆ। ਸਾਰੇ ਸਹੁੰ ਚੁੱਕ ਸਮਾਗਮ ਐਤਵਾਰ ਨੂੰ ਸਵੇਰੇ 11 ਵਜੇ ਹੋਵੇਗਾ। ਇਸ ਦੇ ਲਈ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਖਵਿੰਦਰ ਸੁੱਖੂ ਰਾਜਪਾਲ ਨੂੰ ਮਿਲ ਕੇ ਸਮਾਂ ਮੰਗਣਗੇ। ਪ੍ਰਤਿਭਾ ਸਿੰਘ ਨੇ ਕਿਹਾ ਕਿ ਅਸੀਂ ਹਾਈਕਮਾਂਡ ਦੇ ਫੈਸਲੇ ਨੂੰ ਪ੍ਰਵਾਨ ਕੀਤਾ ਹੈ। ਇਸ ਦੇ ਨਾਲ ਹੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਹ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹ ਸਿਸਟਮ ਨੂੰ ਬਦਲਣ ਲਈ ਸੱਤਾ ਵਿੱਚ ਆਏ ਹਨ। ਹਿਮਾਚਲ ਨੂੰ ਸੁੰਦਰ, ਸਾਫ਼ ਸੁਥਰਾ ਤੇ ਇਮਾਨਦਾਰ ਸੂਬਾ ਬਣਾਵਾਂਗੇ। ਸੁਖਵਿੰਦਰ ਬਹੁਤ ਭਾਵੁਕ ਨਜ਼ਰ ਆਏ।
ਮੁੱਖ ਮੰਤਰੀ ਨੂੰ ਲੈ ਕੇ ਹੋਇਆ ਹੰਗਾਮਾ
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ 8 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਤੋਂ ਹੀ ਮੁੱਖ ਮੰਤਰੀ ਨੂੰ ਲੈ ਕੇ ਰੌਲਾ ਰੱਪਾ ਸ਼ੁਰੂ ਹੋ ਗਿਆ ਸੀ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ 40 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰ ਰਹੀ ਸੀ। ਹਾਲਾਂਕਿ ਸੁਖਵਿੰਦਰ ਸਿੰਘ ਸੁੱਖੂ ਵਿਧਾਇਕਾਂ ਤੋਂ ਓਪੀਨੀਅਨ ਪੋਲ ਲੈ ਕੇ ਇਸ ਦੌੜ ਵਿੱਚ ਅੱਗੇ ਨਿਕਲ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ