ਜਗਮੀਤ ਬਰਾੜ ਕਰਦੇ ਰਹੇ ਪੁੱਠੀ ਸਿੱਧੀਆਂ ਗੱਲਾਂ, ਵਾਰ ਵਾਰ ਸੱਦਿਆ ਪਰ ਝੂਠ ਬੋਲਦੇ ਰਹੇ, ਹੁਣ ਕੱਢਿਆ ਪਾਰਟੀ ਤੋਂ ਬਾਹਰ
- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਲਿਆ ਫੈਸਲਾ, ਮੁਢਲੀ ਮੈਂਬਰਸ਼ਿਪ ਨੂੰ ਕੀਤਾ ਖਾਰਜ
- ਜਗਮੀਤ ਬਰਾੜ ਕਰ ਰਹੇ ਸਨ ਪਾਰਟੀ ਵਿਰੋਧੀ ਗਤੀਵਿਧੀਆਂ, ਵਿਰੋਧੀਆਂ ਨਾਲ ਕਰ ਰਹੇ ਸਨ ਸਟੇਜ ਸਾਂਝੀ : ਮਲੂਕਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਸ਼ੋ੍ਰਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਸ਼ੋ੍ਰਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਗਮੀਤ ਬਰਾੜ ਦੀ ਮੁਢਲੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਹੈ। ਜਗਮੀਤ ਬਰਾੜ ਨੂੰ 6 ਸਾਲ ਲਈ ਨਹੀਂ ਸਗੋਂ ਪੱਕੇ ਤੌਰ ’ਤੇ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਜਿਥੇ ਉਨਾਂ ਨੂੰ ਪੁੱਠੀ ਸਿੱਧੀ ਹਰਕਤਾਂ ਕਰਨ ਵਾਲਾ ਲੀਡਰ ਵੀ ਕਰਾਰ ਦੇ ਦਿੱਤਾ ਗਿਆ ਹੈ, ਉਥੇ ਹੀ ਉਨਾਂ ਨੂੰ ਝੂਠ ਬੋਲਣ ਵਾਲਾ ਲੀਡਰ ਵੀ ਕਿਹਾ ਗਿਆ ਹੈ। ਸ਼ਨਿੱਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਜਗਮੀਤ ਬਰਾੜ ਨੇ ਪੇਸ਼ ਹੋਣਾ ਸੀ ਪਰ ਜਗਮੀਤ ਬਰਾੜ ਪੇਸ਼ ਨਹੀਂ ਹੋਏ ਤਾਂ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਫ਼ਰਮਾਨ ਜਾਰੀ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਮੀਤ ਬਰਾੜ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਰਹੇ ਅਤੇ ਫਿਰ ਤਿ੍ਰਮੂਲ ਕਾਂਗਰਸ ਵਿੱਚ ਵੀ ਕੁਝ ਸਮਾਂ ਬਿਤਾਇਆ, ਜਿਸ ਤੋਂ ਬਾਅਦ ਉਨਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਦਿੱਤੀ ਗਈ ਸੀ। ਸਿਕੰਦਰ ਮਲੂਕਾ ਨੇ ਕਿਹਾ ਕਿ ਜਗਮੀਤ ਬਰਾੜ ਨੂੰ ਪਹਿਲਾਂ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਦੇ ਨਾਲ ਕੋਰ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ।
ਪਾਰਟੀ ਵਿਰੋਧੀ ਗਤੀਵਿਧੀ ਕਰਨ ਦੇ ਨਾਲ ਹੀ ਪੁੱਠੀ ਸਿੱਧੀ ਗੱਲਾਂ ਕਰਦੇ ਰਹੇ
ਕੋਰ ਕਮੇਟੀ ਵਿੱਚ ਦਹਾਕੇ ਮਗਰੋਂ ਕਿਸੇ ਲੀਡਰ ਨੂੰ ਸ਼ਾਮਲ ਕੀਤਾ ਜਾਂਦਾ ਹੈ ਪਰ ਜਗਮੀਤ ਬਰਾੜ ਦੇ ਸਿਆਸੀ ਕੈਰੀਅਰ ਨੂੰ ਦੇਖਦੇ ਹੋਏ ਕੋਰ ਕਮੇਟੀ ਵਿੱਚ ਥਾਂ ਦਿੱਤੀ ਗਈ ਸੀ। ਜਗਮੀਤ ਬਰਾੜ ਨੂੰ ਉਮੀਦ ਤੋਂ ਜਿਆਦਾ ਸਨਮਾਨ ਪਾਰਟੀ ਨੇ ਦਿੱਤਾ ਪਰ ਉਨਾਂ ਨੇ ਪਿਛਲੀ ਪਾਰਟੀ ਵਾਲੀ ਹਰਕਤਾਂ ਨੂੰ ਛੱਡਣ ਦੀ ਥਾਂ ’ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਰੱਖਿਆ। ਪਾਰਟੀ ਵਿਰੋਧੀ ਗਤੀਵਿਧੀ ਕਰਨ ਦੇ ਨਾਲ ਹੀ ਪੁੱਠੀ ਸਿੱਧੀ ਗੱਲਾ ਕਰਦੇ ਹੋਏ ਉਹ ਅਕਾਲੀ ਦਲ ਨੂੰ ਹੀ ਨੁਕਸਾਨ ਪਹੁੰਚਾਉਣ ਲੱਗ ਪਏ। ਜਿਸ ਕਾਰਨ ਉਨਾਂ ਨੂੰ ਕਈ ਵਾਰ ਪਾਰਟੀ ਪੱਧਰ ‘ਤੇ ਤਾੜਨਾ ਵੀ ਪਾਈ ਗਈ ਪਰ ਉਹ ਨਹੀਂ ਹਟੇ ਤਾਂ ਉਨਾਂ ਨੂੰ ਅਨੁਸ਼ਾਸਨੀ ਕਮੇਟੀ ਵੱਲੋਂ ਨੋਟਿਸ ਜਾਰੀ ਕੀਤੇ ਗਿਆ।
ਜਗਮੀਤ ਬਰਾੜ ਨੇ 6 ਦਸੰਬਰ ਨੂੰ ਅਨੁਸਾਸਨੀ ਕਮੇਟੀ ਅੱਗੇ ਪੇਸ਼ ਹੋਣ ਦੀ ਥਾਂ ‘ਤੇ ਖ਼ੁਦ ਹੀ ਫੋਨ ਕਰਕੇ ਸਮਾਂ ਮੰਗਿਆ ਕਿ ਉਨਾਂ ਨੇ ਕਿਸੇ ਭੋਗ ’ਤੇ ਜਾਣਾ ਹੈ, ਇਸ ਲਈ 10 ਦਸੰਬਰ ਦੀ ਤਾਰੀਖ਼ ਦੇ ਦਿੱਤੀ ਜਾਵੇ। ਸਿਕੰਦਰ ਮਲੂਕਾ ਨੇ ਦੱਸਿਆ ਕਿ 6 ਦਸੰਬਰ ਨੂੰ ਕਿਸੇ ਭੋਗ ’ਤੇ ਜਗਮੀਤ ਬਰਾੜ ਗਏ ਜਾਂ ਫਿਰ ਨਹੀਂ ਪਰ ਅੰਮਿ੍ਰਤਸਰ ਵਿਖੇ ਬੀਬੀ ਜਗੀਰ ਕੌਰ ਦੀ ਸਟੇਜ ’ਤੇ ਜਰੂਰ ਦਿਖਾਈ ਦਿੱਤੇ। ਇਸ ਲਈ ਉਨਾਂ ਨੇ ਝੂਠ ਬੋਲਿਆ ਪਰ ਪਾਰਟੀ ਨੇ ਕੁਝ ਨਹੀਂ ਕਿਹਾ ਅਤੇ 10 ਦਸੰਬਰ ਨੂੰ ਉਨਾਂ ਦਾ ਇੰਤਜ਼ਾਰ ਕੀਤਾ ਗਿਆ।
ਅੱਜ ਅਨੁਸਾਸਨੀ ਕਮੇਟੀ ਅੱਗੇ ਪੇਸ਼ ਹੋਣ ਦੀ ਥਾਂ ’ਤੇ ਜਗਮੀਤ ਬਰਾੜ ਨੇ ਪਾਰਟੀ ਵਿਰੋਧੀ ਬਿਆਨਾਂ ਨੂੰ ਹੀ ਜਾਰੀ ਰੱਖਿਆ, ਜਿਸ ਕਾਰਨ ਉਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰਦੇ ਹੋਏ ਪੱਕੇ ਤੌਰ ‘ਤੇ ਪਾਰਟੀ ਤੋਂ ਬਾਹਰ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਪਾਰਟੀ ਵਿਰੋਧੀ ਗਤੀਵਿਧੀਆਂ ‘ਤੇ ਕਾਰਨ ਹੋਈ ਕਾਰਵਾਈ
ਦੱਸਣੋਯਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਝੂਠੇ ਬਿਆਨਾਂ ਦੇ ਦੋਸ਼ ਹੇਠ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਸਬੰਧੀ ਪੱਤਰ ਜਾਰੀ ਕੀਤਾ ਸੀ। ਬਰਾੜ ਨੂੰ ਪਹਿਲਾਂ 6 ਦਸੰਬਰ ਅਤੇ ਫਿਰ ਉਨ੍ਹਾਂ ਦੀ ਬੇਨਤੀ ‘ਤੇ 10 ਦਸੰਬਰ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ