ਵਪਾਰ ਤੇ ਨਿਵੇਸ਼ ਲਈ ਸਹੂਲਤਾਂ ਦੇ ਕੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਵਚਨਬੱਧਤਾ ਦੁਹਰਾਈ
- ਪੰਜਾਬ ਵਿੱਚ ਨਿਵੇਸ਼ ਕਰ ਕੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਲਈ ਕਾਰੋਬਾਰੀਆਂ ਨੂੰ ਦਿੱਤਾ ਸੱਦਾ
- ਸੀ.ਆਈ.ਆਈ. ਉੱਤਰੀ ਖੇਤਰੀ ਕੌਂਸਲ ਦੀ ਪੰਜਵੀਂ ਮੀਟਿੰਗ ਵਿੱਚ ਲਿਆ ਭਾਗ
(ਅਸ਼ਵਨੀ ਚਾਵਲਾ) ਨਵੀਂ ਦਿੱਲੀ। ਪੰਜਾਬ ਵਿੱਚ ਕਾਰੋਬਾਰ ਲਈ ਸਹੂਲਤਾਂ ਦੇ ਕੇ ਅਤੇ ਨਿਵੇਸ਼ ਪੱਖੀ ਮਾਹੌਲ ਸਿਰਜ ਕੇ ਸੂਬੇ ਨੂੰ ਵੱਡੇ ਉਦਯੋਗਿਕ ਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ (Single Window System) ਨੂੰ ਹੋਰ ਮਜ਼ਬੂਤ ਕਰ ਰਹੀ ਹੈ।
ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੀ ਉੱਤਰੀ ਖੇਤਰ ਕੌਂਸਲ ਦੀ ਪੰਜਵੀਂ ਮੀਟਿੰਗ ਦੌਰਾਨ ਡੈਲੀਗੇਟਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ਼ ਇਕ ਛਲਾਵਾ ਸੀ, ਜੋ ਕਿਸੇ ਸਾਰਥਕ ਉਦੇਸ਼ ਤੋਂ ਸੱਖਣੀ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਖੜੀ ਕੀਤੀ। ਉਨਾਂ ਕਿਹਾ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ਕਾਂ ਨੂੰ ਇਸ ਵਿੰਡੋ ’ਤੇ ਸਾਰੀਆਂ ਸਹੂਲਤਾਂ ਸੁਚਾਰੂ ਢੰਗ ਨਾਲ ਅਤੇ ਕਿਸੇ ਵੀ ਤਰਾਂ ਦੇ ਭਿ੍ਰਸ਼ਟਾਚਾਰ ਤੋਂ ਬਿਨਾਂ ਮਿਲ ਸਕਣ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਉਦਯੋਗਿਕ ਵਿਕਾਸ ਤੇ ਖ਼ੁਸ਼ਹਾਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
ਪੰਜਾਬ ਸਾਮਾਨ ਦੀ ਢੋਆ-ਢੁਆਈ ਵਿੱਚ ਸੌਖ ਪੱਖੋਂ ਦੇਸ਼ ਭਰ ਵਿੱਚ ਤੀਜੇ ਸਥਾਨ ’ਤੇ
ਮੁੱਖ ਮੰਤਰੀ ਨੇ ਸੀ.ਆਈ.ਆਈ. ਵੱਲੋਂ ਉਦਯੋਗਾਂ ਦੀ ਮੱਦਦ ਕਰਨ ਅਤੇ ਵਪਾਰ ਲਈ ਅਨੁਕੂਲ ਮਾਹੌਲ ਸਿਰਜਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਨਿਵੇਸ਼ ਦੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ, ਸਾਰਿਆਂ ਲਈ ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ, ਮਿਆਰੀ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਦਾਨ ਕਰਨ, ਪ੍ਰਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਾਮਾਨ ਦੀ ਢੋਆ-ਢੁਆਈ ਵਿੱਚ ਸੌਖ ਪੱਖੋਂ ਦੇਸ਼ ਭਰ ਵਿੱਚ ਤੀਜੇ ਸਥਾਨ ’ਤੇ ਹੈ ਕਿਉਂਕਿ ਸੂਬੇ ਕੋਲ ਪੰਜ ਇਨਲੈਂਡ ਕੰਟੇਨਰ ਡਿੱਪੂਆਂ (ਆਈ.ਸੀ.ਡੀ.) ਦੇ ਨਾਲ ਢੋਆ-ਢੁਆਈ ਦਾ ਮਜ਼ਬੂਤ ਆਧਾਰ ਹੈ। (Single Window System)
ਸਨਅਤਕਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਾਰੇ ਉਦਯੋਗਾਂ ਲਈ ਬਿਜਲੀ ਦੀਆਂ ਸਭ ਤੋਂ ਘੱਟ ਦਰਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਭਾਰਤ ਸਰਕਾਰ ਦੀ ਬਿਜ਼ਨਸ ਰਿਫੌਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਵਿੱਚ ਕਾਰੋਬਾਰ ਕਰਨ ਦੀ ਸੌਖ ਪੱਖੋਂ ਤੇਜ਼ੀ ਨਾਲ ਸੁਧਾਰ ਕਰਨ ਵਾਲੇ ਸੂਬੇ ਵਜੋਂ ਪੰਜਾਬ ਦਾ ਨਾਂਅ ਆਇਆ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਨੇ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਡਿਜੀਟਾਈਜੇਸ਼ਨ, ਛੋਟੇ ਅਪਰਾਧਾਂ ਨੂੰ ਅਪਰਾਧ ਮੁਕਤ ਕਰਨ ਅਤੇ ਬੇਲੋੜੇ ਕਾਨੂੰਨਾਂ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿੱਚ ਇਸ ਸਮੇਂ 1,000 ਤੋਂ ਵੱਧ ਹੁਨਰ ਵਿਕਾਸ ਕੇਂਦਰ ਹਨ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀਐਸਡੀਐਮ) ਕੋਲ 250 ਤੋਂ ਵੱਧ ਸੂਚੀਬੱਧ ਸਿਖਲਾਈ ਭਾਈਵਾਲ ਹਨ, ਜਿਸ ਨਾਲ ਸਿੱਖਿਅਤ ਮਨੁੱਖੀ ਸ਼ਕਤੀ ਦਾ ਇਕ ਵੱਡਾ ਪੂਲ ਬਣਾਉਣ ਲਈ ਸਿਖਲਾਈ ਸਹੂਲਤਾਂ ਦਾ ਸਭ ਦੀ ਪਹੁੰਚ ਵਾਲਾ ਨੈੱਟਵਰਕ ਕਾਇਮ ਕੀਤਾ ਗਿਆ ਹੈ।
ਪੰਜਾਬ ’ਚ ਛੇਤੀ ਨਵੀਂ ਉਦਯੋਗਿਕ ਵਿਕਾਸ ਨੀਤੀ ਲਿਆਂਦੀ ਜਾਵੇਗੀ
ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟ ਅੱਪ ਪੰਜਾਬ, ਸਟਾਰਟ-ਅੱਪਸ ਲਈ ਨਿਵੇਸ਼ਕ ਪੱਖੀ ਮਾਹੌਲ ਸਿਰਜ ਕੇ ਉੱਦਮਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੂਬੇ ਵਿੱਚ ਉੱਦਮਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਇਨੋਵੇਸਨ ਮਿਸ਼ਨ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਅਗਲੇ ਕੁਝ ਮਹੀਨਿਆਂ ਵਿੱਚ ਆਪਣੀ ਨਵੀਂ ਉਦਯੋਗਿਕ ਵਿਕਾਸ ਨੀਤੀ ਲਿਆਏਗੀ, ਜੋ ਅਗਲੇ ਪੰਜ ਸਾਲਾਂ ਲਈ ਪੰਜਾਬ ਦੀ ਉਦਯੋਗਿਕ ਨੀਤੀ ਦੀ ਰੂਪ-ਰੇਖਾ ਤਿਆਰ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਾਰੇ ਹਿੱਸੇਦਾਰਾਂ ਤੋਂ ਕੀਮਤੀ ਸੁਝਾਅ ਪ੍ਰਾਪਤ ਹੋਏ ਹਨ ਅਤੇ ਉਨਾਂ ਨੂੰ ਨਵੀਂ ਉਦਯੋਗਿਕ ਨੀਤੀ 2022 ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ