ਦੋ ਔਰਤਾਂ ਸਮੇਤ 7 ਵਿਅਕਤੀ ਗਿ੍ਰਫ਼ਤਾਰ, 2 ਨਵਜੰਮੇ ਬੱਚੇ ਵੀ ਬਰਾਮਦ
- 4 ਲੱਖ ਰੁਪਏ, ਇੱਕ ਇਨੋਵਾ ਐਬੂਲੈਂਸ ਅਤੇ ਦੋ ਕਾਰਾਂ ਵੀ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਦਾ ਧੰਦਾ ਕਰਦਾ ਸੀ। ਪੁਲਿਸ ਵੱਲੋਂ ਦੋਂ ਔਰਤਾਂ ਸਮੇਤ ਗਿਰੋਹ ਦੇ ਸੱਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਦੋਂ ਨਵਜੰਮੇ ਬੱਚਿਆਂ ਨੂੰ ਬਰਾਮਦ ਕਰਨ ਸਮੇਤ 4 ਲੱਖ ਰੁਪਏ ਦੀ ਰਾਸੀ ਤੋਂ ਇਲਾਵਾ ਇਨੋਵਾ ਐਬੂਲੈਂਸ ਅਤੇ ਦੋਂ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਗਿਰੋਹ ਗਰੀਬ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਘੱਟ ਪੈਸਿਆਂ ਵਿੱਚ ਖਰੀਦ ਕੇ ਅੱਗੇ ਵੱਡੇ ਲੋੜਵੰਦਾਂ ਨੂੰ ਮੋਟੀ ਰਕਮ ਵਿੱਚ ਵੇਚਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਮਾਣਾ ਦੇ ਸੀਆਈਏ ਇੰਚਾਰਜ਼ ਇੰਸਪੈਕਟਰ ਵਿਜੇ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਬੰਮਣਾ ਮੌਜ਼ੂਦ ਸੀ ਤਾਂ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਪੁੱਤਰ ਮੇਜਰ ਸਿਘ ਵਾਸੀ ਪਿੰਡ ਆਲੋਵਾਲ ਪਟਿਆਲਾ, ਅਮਨਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਅੰਨਦ ਨਗਰ ਪਟਿਆਲਾ ਜੋ ਆਪਣੀ ਆਈ.20 ਕਾਰ ਅਤੇ ਲਲਿਤ ਕੁਮਾਰ ਪੁੱਤਰ ਸਾਧੋ ਰਾਮ ਭਾਈਕਾ ਮੁਹੱਲਾ ਸੁਨਾਮ, ਭੁਪਿੰਦਰ ਕੌਰ ਪਤਨੀ ਸ਼ਮਿੰਦਰਪਾਲ ਵਾਸੀ ਤਿ੍ਰਪੜੀ ਪਟਿਆਲਾ, ਸਜੀਤਾ ਪਤਨੀ ਜਕਸਮੁੱਖੀਆ ਪਿੰਡ ਬੀਸਵਾਰੀ ਘਾਟ ਜ਼ਿਲ੍ਹਾ ਮਾਧੇਪੁਰ (ਬਿਹਾਰ) ਹਾਲਅਬਾਦ ਸੁਨਾਮ, ਹਰਪ੍ਰੀਤ ਸਿੰਘ ਪੁੱਤਰ ਮਿੰਟੂ ਸਿੰਘ ਵਾਸੀ ਪਿੰਡ ਸੰਗੇੜਾ ਫੇਰੋਪੱਤੀ ਜ਼ਿਲ੍ਹਾ ਬਰਨਾਲਾ ਇਨੋਵਾ ਅਬੁੂਲੈਸ ਕਾਰ ਵਿੱਚ ਸਵਾਰ ਹੋ ਕੇ ਆਪਣੇ ਹੋਰ ਮੇਲ ਮਿਲਾਪ ਵਾਲੇ ਵਿਅਕਤੀਆਂ ਨਾਲ ਮਿਲਕੇ ਨਵਜੰਮੇ ਬੱਚੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।
ਇਹ ਅੱਜ ਵੀ ਦੋ ਨਵਜੰਮੇ ਬੱਚੇ ਵੱਖ ਵੱਖ ਥਾਵਾਂ ਤੋਂ ਖਰੀਦ ਕੇ ਸੁਖਵਿੰਦਰ ਸਿੰਘ ਉਰਫ ਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ ਹਾਲ ਅਬਾਦ ਕੱਚੀ ਕਲੋਨੀ ਧਨਾਸ ਚੰਡੀਗੜ੍ਹ ਆਪਣੀ ਕਾਰ ਵਿੱਚ ਲੈਣ ਲਈ ਆ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਨਮਾਦਾ ਗੁੱਗਾ ਮਾੜੀ ਗਰਾਉਡ ਵਿੱਚੋਂ ਕਾਬੂ ਕਰਕੇ ਸੁਖਵਿੰਦਰ ਸਿੰਘ ਪਾਸੋਂ 4 ਲੱਖ ਰੁਪਏ ਅਤੇ ਕਾਰ, ਹਰਪ੍ਰੀਤ ਸਿੰਘ ਕੋਲੋਂ ਇਨੋਵਾ ਕਾਰ ਆਦਿ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਨੇ ਮੰਨਿਆ ਹੈ ਕਿ ਉਹ ਹੁਣ ਤੱਕ ਅੱਧੀ ਦਰਜ਼ਨ ਬੱਚਿਆਂ ਦੀ ਖਰੀਦ ਵੇਚ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਲੋਕ ਗਰੀਬ ਪਰਿਵਾਰਾਂ ਨੂੰ ਭਲੋ ਕੇ ਉੁਨ੍ਹਾਂ ਨੂੰ ਘੱਟ ਪੈਸੇ ਦੇ ਕੇ ਬੱਚੇ ਖਰੀਦ ਲੈਂਦੇ ਸਨ ਅਤੇ ਅੱਗੇ ਵੱਡੇ ਪਰਿਵਾਰਾਂ ਤੋਂ ਮੋਟੀ ਰਕਮ ਲੈ ਕੇ ਬੱਚੇ ਗੈਰ-ਕਾਨੂੰਨੀ ਢੰਗ ਨਾਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਕਾਨੂੰਨ ਅਨੁਸਾਰ ਇਹ ਆਡਪਸ਼ਨ ਦੀ ਪ੍ਰਕਿਰਿਆ ਵੀ ਫਾਲੋਂ ਨਹੀਂ ਕਰਦੇ ਸਨ। ਇਨ੍ਹਾਂ ਕੋਲੋਂ ਦੋਂ ਮਾਸੂਮ ਬੱਚੇ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅਦਾਲਤ ਚੋਂ ਇਨ੍ਹਾਂ ਦਾ ਰਿਮਾਂਡ ਲੈ ਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਵੇਚਣ-ਖਰੀਦਣ ਸਮੇਤ ਦਲਾਲਾਂ ਖਿਲਾਫ਼ ਵੀ ਹੋਵੇਗੀ ਕਾਰਵਾਈ
ਐਸਐਸਪੀ ਅਨੁਸਾਰ ਪੁਲਿਸ ਵੱਲੋਂ ਬੱਚਿਆਂ ਦੀ ਖਰੀਦ ਕਰਨ ਵਾਲਿਆਂ ਸਮੇਤ ਵੇਚਣ ਵਾਲੇ ਅਤੇ ਦਲਾਲਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਗਿਰੋਹ ਤੋਂ ਪਿਛਲੇ ਦਿਨੀਂ ਬਠਿੰਡਾ ਦੇ ਹਸਪਤਾਲ ਚੋਂ ਬੱਚਾ ਚੋਰੀ ਹੋਣ ਦੀ ਵਾਪਰੀ ਘਟਨਾ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੋਂ ਪਿਛਲੀਆਂ ਘਟਨਾਵਾਂ ਵੀ ਵਾਪਰੀਆਂ ਹਨ, ਉਨ੍ਹਾਂ ਸਬੰਧੀ ਵੀ ਡੁੰਘਾਈ ਨਾਲ ਪੁਛਗਿੱਛ ਹੋਵੇਗੀ। ਵਰੁਣ ਸ਼ਰਮਾ ਨੇ ਕਿਹਾ ਕਿ ਲੀਗਲ ਐਕਸਪਰਟ ਤੋਂ ਵੀ ਰਾਇ ਲਈ ਜਾ ਰਹੀ ਹੈ ਤਾ ਜੋਂ ਅਜਿਹੇ ਲੋਕਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ