ਲੋਕਾਂ ਵੱਲੋਂ ਸੁਣਵਾਈ ਨਾ ਹੋਣ ’ਤੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ
(ਰਾਜਨ ਮਾਨ) ਅੰਮ੍ਰਿਤਸਰ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਿਕਾਸ ਮੰਚ, ਹਰਿਆਵਲ ਪੰਜਾਬ ਸੰਸਥਾ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਲੰਘਦੇ ਤੁੰਗ ਢਾਬ ਨਾਲੇ (Tung Dhab Nale) ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਨੂੰ ਬੰਦ ਕਰਵਾਉਣ ਲਈ ਹਵਾਈ ਅੱਡਾ ਰੋਡ ’ਤੇ ਗੁਮਟਾਲਾ ਬਾਈਪਾਸ ’ਤੇ ਸਰਕਾਰ ਤੇ ਪ੍ਰਸਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਿੱਚ ਫੈਕਟਰੀਆਂ ਵੱਲੋਂ ਪਾਏ ਜਾਂਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਹਵਾਈ ਅੱਡਾ ਰੋਡ ਪੱਕੇ ਤੌਰ ’ਤੇ ਜਾਮ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ।
ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂ ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਜੋਗੇਸ ਕਾਮਰਾ, ਡਾਕਟਰ ਅਵਤਾਰ ਸਿੰਘ ਉੱਪਲ, ਵਿਕਾਸ ਮੰਚ ਦੇ ਪ੍ਰਧਾਨ ਹਰਪਾਲ ਸਿੰਘ ਚਾਹਲ, ਹਰਿਆਵਲ ਪੰਜਾਬ ਸੰਸਥਾ ਦੇ ਆਗੂ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਤੁੰਗ ਢਾਬ ਨਾਲੇ ਨੇ ਵੇਰਕਾ, ਮਜੀਠਾ ਬਾਈਪਾਸ ਤੋਂ ਗੁਮਟਾਲਾ, ਮਾਹਲ ਪਿੰਡ, ਰਾਮ ਤੀਰਥ ਤੇ ਆਲੇ-ਦੁਆਲੇ ਰਹਿਣ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਲੇ ਵਿੱਚ ਪੈ ਰਿਹਾ ਗੰਦਾ ਕੈਮੀਕਲ ਯੁਕਤ ਪਾਣੀ ਸ਼ਹਿਰ ਬਣ ਕੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰ ਬਣਾ ਰਿਹਾ ਹੈ ਅਤੇ ਖਤਰਨਾਕ ਗੈਸਾਂ ਦੇ ਰਿਸਾਵ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਕੁਝ ਵੱਡੀਆਂ ਫੈਕਟਰੀਆਂ ਵਾਲੇ ਸਿਆਸੀ ਪਹੁੰਚ ਰੱਖਣ ਕਾਰਨ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗੀ ਫਿਰਦੇ ਹਨ। ਹਰ ਵਾਰ ਵੋਟਾਂ ਦੇ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸਦੇ ਤੁਰੰਤ ਹੱਲ ਕੱਢਣ ਦੇ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਪਰ ਸੱਤਾ ’ਤੇ ਕਾਬਜ ਹੋਣ ਤੋਂ ਬਾਅਦ ਰਫੂਚੱਕਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਲੋਕਾਂ ਦੀਆਂ ਵੱਡੀਆਂ ਆਸਾਂ-ਉਮੀਦਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਜੁਮਲੇ ਬਾਜ ਹੀ ਨਜ਼ਰ ਆ ਰਹੀ ਹੈ ਜਿਸਨੇ ਵੀ ਲੋਕਾਂ ਦੀ ਬਾਂਹ ਨਹੀਂ ਫੜੀ।
ਤੁੰਗ ਢਾਬ ਗੰਦੇ ਨਾਲੇ ਨੂੰ ਸਾਫ ਕਰਕੇ ਸਾਫ ਪਾਣੀ ਛੱਡਿਆ ਜਾਵੇ
ਉਹਨਾਂ ਕਿਹਾ ਕਿ ਨਿਵੇਕਲੀ ਤਕਨੀਕ ਨਾਲ ਇਸ ਤੁੰਗ ਢਾਬ ਗੰਦੇ ਨਾਲੇ (Tung Dhab Nale) ਨੂੰ ਪੂਰੀ ਤਰ੍ਹਾਂ ਸਾਫ ਕਰਕੇ ਵਧੀਆ ਕੀਤਾ ਜਾਵੇ, ਨਾਲੇ ਵਿੱਚ ਦੋਵੇਂ ਪਾਸੇ ਪਾਈਪ ਪਾ ਕੇ ਫੈਕਟਰੀਆਂ ਦੇ ਸੀਵਰੇਜ ਦਾ ਪਾਣੀ ਸ਼ਹਿਰ ਤੋਂ ਬਾਹਰ ਟਰੀਟਮੈਂਟ ਪਲਾਂਟ ਵਿੱਚ ਲਿਜਾਇਆ ਜਾਵੇ ਅਤੇ ਇਸ ਵਿੱਚ ਸਾਫ ਪਾਣੀ ਛੱਡਿਆ ਜਾਵੇ, ਆਲੇ-ਦੁਆਲੇ ਹਰਿਆਵਲ ਨੂੰ ਵਿਕਸਿਤ ਕੀਤਾ ਜਾਵੇ ਤਾਂ ਇਹ ਨਰਕ ਬਣਿਆ ਨਾਲਾ ਭਵਿੱਖ ਵਿੱਚ ਸੈਰ-ਸਪਾਟਾ ਕੇਂਦਰ ਵੀ ਬਣ ਸਕਦਾ ਹੈ। ਇਸ ਮੌਕੇ ਵਿਜੇ ਸਰਮਾ, ਡਾਕਟਰ ਬਿਕਰਮਜੀਤ ਸਿੰਘ ਬਾਜਵਾ, ਜਗਜੀਤ ਸਿੰਘ ਰੰਧਾਵਾ,ਦਰਸਨ ਸਿੰਘ ਬਾਠ, ਗੁਰਪ੍ਰੀਤ ਸਿੰਘ ਸਿੱਧੂ ਦਿਲਬਾਗ ਸਿੰਘ ਸੰਧੂ, ਪੰਕਜ ਅਰੋੜਾ, ਕਰਨ ਸਿੰਘ , ਰਾਜਬੀਰ ਸਿੰਘ ਸੰਧੂ, ਡਾਕਟਰ ਡੀ ਪੀ ਸਿੰਘ , ਹਰਚਰਨ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ