ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਨੱਚੀ ਸਾਧ ਸੰਗਤ
ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਨਾਮ-ਸ਼ਬਦ
ਪਰਾਗਪੁਰ/ ਕਾਂਗੜਾ (ਐੱਮ ਕੇ ਸ਼ਾਇਨਾ)। ਹਿਮਾਚਲ ਪ੍ਰਦੇਸ਼ ਦੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਰਸ਼ਨਾਂ ਦਾ ਲਾਹਾ ਖੱਟਿਆ। ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਨ ਲਈ ਪਰਾਗਪੁਰ ( ਨੱਕੀ ਗਰਾਊਂਡ) ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁੰਮਾ ਕੇ ਪੁੱਜੀ। ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ’ਚ ਹਿਮਾਚਲ ਪ੍ਰਦੇਸ਼ ਦੇ ਪਰਾਗਪੁਰ ਦੇ ਨਾਲ-ਨਾਲ ਹਰਿਆਣਾ ਦੇ ਜੀਂਦ, ਪੰਜਾਬ ਦੇ ਬਠਿੰਡਾ, ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ, ਰਾਜਸਥਾਨ ਦੇ ਕੋਟਾ ਤੇ ਦਿੱਲੀ ਦੇ ਕੰਝਾਵਲਾ ਆਦਿ ਸਥਾਨਾਂ ਤੇ ਲੱਖਾਂ ਦੀ ਤਾਦਾਦ ਵਿਚ ਲੋਕਾਂ ਤੋਂ ਨਸ਼ੇ ਅਤੇ ਹੋਰ ਬੁਰਾਈਆਂ ਦਾ ਤਿਆਗ ਕਰਵਾ ਕੇ ਉਨ੍ਹਾਂ ਨੂੰ ਗੁਰਮੰਤ੍ਰ ਦਿੱਤਾ।
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਅਨੰਤ ਖ਼ੁਸ਼ੀਆਂ ਦੇ ਕੇ ਨਿਹਾਲ ਕੀਤਾ। ਪਰਾਗਪੁਰ ਵਿਖੇ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਜਿਸ ਦੀਆਂ ਤਿਆਰੀਆਂ ’ਚ ਸੇਵਾਦਾਰ ਪਿਛਲੇ ਦੋ ਦਿਨਾਂ ਤੋਂ ਜੁਟੇ ਹੋਏ ਸਨ। ਸਾਧ-ਸੰਗਤ ਦੇ ਬੈਠਣ ਲਈ ਜੋ ਪੰਡਾਲ ਤਿਆਰ ਕੀਤਾ ਗਿਆ ਸੀ ਸਾਧ-ਸੰਗਤ ਦੇ ਵੱਡੇ ਇਕੱਠ ਅੱਗੇ ਸਭ ਛੋਟੇ ਪੈ ਗਏ। ਸਤਿਸੰਗ ਪੰਡਾਲ਼ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ’ਤੇ ਗੱਡੀਆਂ ਹੀ ਗੱਡੀਆਂ ਨਜ਼ਰ ਆਈਆਂ। ਇਸ ਮੌਕੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੇਵਾਦਾਰਾਂ ਨਾਲ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਰਿਹਾ। ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।
ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਸਟੇਜ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਸਤਿਸੰਗ ਪੰਡਾਲ਼ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਤੇ ਸਮਾਜ ਦੇ ਨੁੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਗੁਰੂ ਜੀ ਨੇ ਸਭਨਾਂ ਨੂੰ ਹਰ ਧਰਮ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ।
ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਸਾਧ ਸੰਗਤ ਨੂੰ ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਰਹਿ ਕੇ ਦੀਵਾਲੀ ਮਨਾਉਣ ਅਤੇ ਬਰਨਾਵਾ ਨਾ ਆਉਣ ਦੇ ਬਚਨ ਫ਼ਰਮਾਏ। ਗੁਰੂ ਜੀ ਨੇ ਇਹੀ ਵੀ ਫ਼ਰਮਾਇਆ ਕਿ ਆਪ ਜੀ ਦੀਵਾਲੀ ਦੀ ਰਾਤ ਯੂਟਿਊਬ ’ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਣਗੇ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਪਰਾਗਪੁਰ ’ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ’ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਦਾਤ ਬਖ਼ਸਿਸ਼ ਕੀਤੀ। ਸਤਿਸੰਗ ਤੋਂ ਬਾਅਦ ਸਾਧ ਸੰਗਤ ਨੂੰ ਕੁਝ ਹੀ ਮਿੰਟਾਂ ਵਿਚ ਲੰਗਰ ਭੋਜਨ ਛਕਾ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ