unemployment elimination | ਆਖਰ ਕਦੋਂ ਸਰਕਾਰਾਂ ਦੀ ਪਹਿਲੀ ਤਰਜ਼ੀਹ ਬਣੇਗਾ ਬੇਰੁਜ਼ਗਾਰੀ ਦਾ ਖ਼ਾਤਮਾ?
ਸਾਡੇ ਸਮਾਜ ਨੂੰ ਦਰਪੇਸ਼ ਤਮਾਮ ਚੁਣੌਤੀਆਂ ਵਿੱਚੋਂ ਬੇਰੁਜ਼ਗਾਰੀ (unemployment elimination) ਸਭ ਤੋਂ ਅਹਿਮ ਹੈ। ਰੁਜ਼ਗਾਰ ਦੀ ਤਲਾਸ਼ ਵਿੱਚ ਸਾਡੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਵੱਲ ਕੀਤਾ ਜਾ ਰਿਹਾ ਕੂਚ ਇਸ ਦਾ ਪ੍ਰਤੱਖ ਪ੍ਰਮਾਣ ਹੈ। ਸਾਡੇ ਮੁਲਕ ਵਿੱਚ ਅਬਾਦੀ ਦੇ ਅਨੁਪਾਤ ਨਾਲ ਰੁਜ਼ਗਾਰ ਦੇ ਅਵਸਰਾਂ ਵਿੱਚ ਇਜ਼ਾਫਾ ਤਾਂ ਕੀ ਹੋਣਾ ਹੋਇਆ ਸਗੋਂ ਰੁਜ਼ਗਾਰ ਦੇ ਅਵਸਰ ਦਿਨ-ਪ੍ਰਤੀਦਿਨ ਘਟ ਰਹੇ ਹਨ। ਮਸ਼ੀਨੀਕਰਨ ਅਤੇ ਕੰਪਿਊਟਰੀਕਰਨ ਨਾਲ ਹੁਨਰਮੰਦ ਅਤੇ ਗੈਰ-ਹੁਨਰਮੰਦ ਕਾਮਿਆਂ ਦੇ ਰੁਜ਼ਗਾਰ ਵਿੱਚ ਵੱਡੀ ਪੱਧਰ ’ਤੇ ਕਮੀ ਆਈ ਹੈ। ਸਰਕਾਰੀ ਅਦਾਰਿਆਂ ’ਚ ਅਸਾਮੀਆਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਸਰਕਾਰੀ ਦਫਤਰਾਂ ਦਾ ਤਾਂ ਖਾਤਮਾ ਹੀ ਕਰ ਦਿੱਤਾ ਗਿਆ ਹੈ ਅਤੇ ਕਈਆਂ ’ਤੇ ਖਾਤਮੇ ਦੀ ਤਲਵਾਰ ਲਟਕ ਰਹੀ ਹੈ।
ਸਰਕਾਰਾਂ ਵੱਲੋਂ ਰੁਜ਼ਗਾਰ ਦੀ ਕੀਮਤ ’ਤੇ ਕੀਤੀ ਜਾ ਰਹੀ ਪੈਸੇ ਦੀ ਬੱਚਤ ਉਸਾਰੂ ਸੋਚ ਦਾ ਹਿੱਸਾ ਨਹੀਂ ਸਮਝੀ ਜਾ ਸਕਦੀ। ਬੇਰੁਜ਼ਗਾਰੀ ਨੂੰ ਇਨਸਾਨੀ ਜਿੰਦਗੀ ਦਾ ਸੰਤਾਪ ਕਹਿ ਲੈਣਾ ਵੀ ਗਲਤ ਨਹੀਂ ਹੋਵੇਗਾ। ਸੰਤਾਪ ਇਸ ਲਈ ਕਿਉਂਕਿ ਬੇਰੁਜਗਾਰ ਵਿਅਕਤੀ ਨੂੰ ਮਾਨਸਿਕ, ਆਰਥਿਕ ਅਤੇ ਇੱਥੋਂ ਤੱਕ ਕਿ ਸਮਾਜਿਕ ਪੀੜਾ ਵੀ ਹੰਢਾਉਣੀ ਪੈਂਦੀ ਹੈ। ਕਮਾਉਣ ਤੋਂ ਸੱਖਣੇ ਨੌਜਵਾਨਾਂ ਨੂੰ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਮਹਿੰਗੀਆਂ ਫੀਸਾਂ ਭਰਨੀਆਂ ਪੈਂਦੀਆਂ ਹਨ। ਕਈ-ਕਈ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਮਹਿੰਗੀਆਂ ਫੀਸਾਂ ਭਰਨਾ ਬੇਰੁਜ਼ਗਾਰਾਂ ਲਈ ਚੁਣੌਤੀ ਬਣਿਆ ਹੋਇਆ ਹੈ।
ਕਈ-ਕਈ ਵਾਰ ਤਾਂ ਮਹਿੰਗੀਆਂ ਫੀਸਾਂ ਭਰ ਕੇ ਅਪਲਾਈ ਕਰਨ ਉਪਰੰਤ ਨਿਯੁਕਤੀਆਂ ਦਾ ਆਲਮ ਕਿਸੇ ਤਣ-ਪੱਤਣ ਹੀ ਨਹੀਂ ਲੱਗਦਾ। ਜਾਂ ਕਈ ਵਾਰ ਸਰਕਾਰਾਂ ਬਦਲਣ ਨਾਲ ਦੂਜੀਆਂ ਸਰਕਾਰਾਂ ਵੱਲੋਂ ਨਵੇਂ ਸਿਰੇ ਤੋਂ ਅਰਜੀਆਂ ਦੀ ਮੰਗ ਕਰ ਲਈ ਜਾਂਦੀ ਹੈ। ਰੁਜ਼ਗਾਰ ਤੋਂ ਸੱਖਣੇ ਅਤੇ ਆਰਥਿਕ ਪੱਖੋਂ ਕਮਜੋਰ ਇਨਸਾਨ ਦੀ ਮਾਨਸਿਕਤਾ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ। ਬੇਰੁਜ਼ਗਾਰ ਅਤੇ ਆਰਥਿਕ ਪੱਖੋਂ ਕਮਜੋਰ ਵਿਅਕਤੀ ਨੂੰ ਸਮਾਜ ਵਿੱਚ ਵੀ ਬਣਦਾ ਮਾਣ-ਸਨਮਾਨ ਨਹੀਂ ਮਿਲਦਾ। ਬੇਰੁਜ਼ਗਾਰ ਵਿਅਕਤੀ ਪਰਿਵਾਰ ਵਸਾਉਣ ਦੀ ਤਾਂ ਸੋਚ ਵੀ ਨਹੀਂ ਸਕਦਾ।
ਬੇਰੁਜ਼ਗਾਰੀ ਨੂੰ ਤਮਾਮ ਬੁਰਾਈਆਂ ਦੀ ਜਨਮਦਾਤੀ ਕਹਿ ਲੈਣਾ ਵੀ ਗਲਤ ਨਹੀਂ ਹੋਵੇਗਾ। ਬੇਰੁਜ਼ਗਾਰੀ ਦੀ ਬਦੌਲਤ ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਪੀੜਤ ਨੌਜਵਾਨਾਂ ਦਾ ਨਸ਼ਿਆਂ ਅਤੇ ਜ਼ੁਰਮ ਦੀ ਦੁਨੀਆਂ ਵੱਲ ਚਲੇ ਜਾਣਾ ਸੁਭਾਵਿਕ ਹੈ। ਤਮਾਮ ਤਰ੍ਹਾਂ ਦੀਆਂ ਉਲਝਣਾਂ ’ਚ ਫਸਿਆ ਇਨਸਾਨ ਨਸ਼ਿਆਂ ਅਤੇ ਜ਼ੁਰਮ ਦੀ ਦੁਨੀਆਂ ਵਿੱਚ ਅਜਿਹਾ ਫਸਦਾ ਹੈ ਕਿ ਇਹ ਹੀ ਉਸਦੀ ਜ਼ਿੰਦਗੀ ਬਣ ਕੇ ਰਹਿ ਜਾਂਦੇ ਹਨ।
ਨਸ਼ਿਆਂ ਅਤੇ ਜ਼ੁਰਮ ਦੇ ਸੰਸਾਰ ਵਿੱਚ ਵਿਚਰਦੇ ਨੌਜਵਾਨ ਸਮਾਜ ਲਈ ਚੁਣੌਤੀ ਬਣ ਜਾਂਦੇ ਹਨ। ਸਾਡੇ ਸਮਾਜ ਵਿੱਚ ਨਸ਼ਿਆਂ, ਜ਼ੁਰਮ ਅਤੇ ਗੈਂਗਵਾਦ ਦਾ ਪਸਾਰਾ ਬੇਰੁਜ਼ਗਾਰੀ ਦੇ ਪਸਾਰੇ ਦਾ ਹੀ ਨਤੀਜਾ ਕਿਹਾ ਜਾ ਸਕਦਾ ਹੈ। ਨੌਜਵਾਨਾਂ ਵੱਲੋਂ ਮਹਿੰਗੀਆਂ ਪੜ੍ਹਾਈਆਂ ਉਪਰੰਤ ਇਹਨਾਂ ਬੁਰਾਈਆਂ ਦਾ ਸ਼ਿਕਾਰ ਹੋਣਾ ਸਾਡੀਆਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਹੈ। ਸਾਡੀਆਂ ਸਰਕਾਰਾਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਆਕਰਸ਼ਿਤ ਕਰਨ ਵਿੱਚ ਵੀ ਫੇਲ੍ਹ ਹੀ ਸਾਬਤ ਹੋਈਆਂ ਹਨ। ਇਸ ਖੇਤਰ ’ਚ ਸਫਲਤਾ ਨਾਲੋਂ ਅਸਫਲਤਾ ਦੀਆਂ ਕਹਾਣੀਆਂ ਦੀ ਭਰਮਾਰ ਹੈ।
ਸਾਡੇ ਮੁਲਕ ’ਚ ਯੋਗਤਾ ਅਨੁਸਾਰ ਰੁਜ਼ਗਾਰ ਦੀ ਉਪਲੱਬਧਤਾ ਤਾਂ ਜਿਵੇਂ ਸੁਫ਼ਨਾ ਹੀ ਬਣ ਕੇ ਰਹਿ ਗਈ ਹੋਵੇ। ਬੇਰੁਜ਼ਗਾਰੀ ਦੀ ਝੰਬੀ ਨੌਜਵਾਨੀ ਯੋਗਤਾ ਤੋਂ ਘੱਟ ਰੁਤਬੇ ਵਾਲੀਆਂ ਅਸਾਮੀਆਂ ’ਤੇ ਵੀ ਕੰਮ ਕਰਨ ਲਈ ਤਿਆਰ ਹੈ। ਬਦਕਿਸਮਤੀ ਵੱਸ ਹਜ਼ਾਰਾਂ ਨੌਜਵਾਨਾਂ ਦੀ ਯੋਗਤਾ ਤੋਂ ਕਿਤੇ ਘੱਟ ਪੱਧਰ ਦੀਆਂ ਨੌਕਰੀਆਂ ਪ੍ਰਾਪਤ ਕਰਨ ਦੀ ਤਲਾਸ਼ ਵੀ ਪੂਰੀ ਨਹੀਂ ਹੋ ਰਹੀ। ਪੋਸਟ ਗ੍ਰੈਜੂਏਟ ਨੌਜਵਾਨਾਂ ਦਾ ਚੌਥਾ ਦਰਜਾ ਅਸਾਮੀਆਂ ਲਈ ਅਰਜੀਆਂ ਦੇਣਾ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ? ਤ੍ਰਾਸਦੀ ਦੀ ਹੱਦ ਵੇਖੋ ਬਹੁਤੇ ਨੌਜਵਾਨਾਂ ਨੂੰ ਇਹ ਨੌਕਰੀ ਵੀ ਨਸੀਬ ਨਹੀਂ ਹੁੰਦੀ।
ਬਦਕਿਸਮਤੀ ਵੱਸ ਸਾਡੀਆਂ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਮੌਕੇ ਵਧਾਉਣ ਤਾਂ ਕੀ ਬਚਾਉਣ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਰੁਜ਼ਗਾਰ ਬਾਰੇ ਅਗਵਾਈ ਵੀ ਨਾਂਹ ਦੇ ਬਰਾਬਰ ਹੈ। ਸਰਕਾਰਾਂ ਕੋਲ ਕੋਈ ਯੋਜਨਾ ਨਹੀਂ ਕਿ ਉਸ ਨੂੰ ਕਿਸ ਵਰ੍ਹੇ ਵਿੱਚ ਕਿਸ ਖੇਤਰ ਵਿੱਚ ਕਿੰਨੇ ਮੁਲਾਜ਼ਮਾਂ ਜਾਂ ਕਾਮਿਆਂ ਦੀ ਜਰੂਰਤ ਹੋਵੇਗੀ। ਨੌਜਵਾਨ ਮੁੰਡੇ-ਕੁੜੀਆਂ ਇੱਕ-ਦੂਜੇ ਦੀ ਵੇਖਾ-ਵੇਖੀ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰੀ ਜਾ ਰਹੇ ਹਨ। ਕਿਸ ਖੇਤਰ ਦੀ ਸਿੱਖਿਆ ਵਿੱਚ ਰੁਜ਼ਗਾਰ ਦੇ ਕਿੰਨੇ ਅਵਸਰ ਉਪਲੱਬਧ ਹਨ ਜਾਂ ਹੋਣਗੇ ਬਾਬਤ ਕਿਸੇ ਕਿਸਮ ਦੀ ਕੋਈ ਅਗਵਾਈ ਨਹੀਂ।
ਰੁਜ਼ਗਾਰ ਬਾਰੇ ਅਗਵਾਈ ਦੀ ਘਾਟ ਸਿੱਖਿਅਤ ਨੌਜਵਾਨਾਂ ਦੀਆਂ ਭੀੜਾਂ ਇਕੱਠੀਆਂ ਕਰਨ ਦਾ ਸਬੱਬ ਬਣ ਰਹੀ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਨੌਜਵਾਨਾਂ ਨੂੰ ਰੁਜਗਾਰ ਵਾਲੇ ਖੇਤਰ ਦੀ ਸਮੇਂ ਸਿਰ ਜਾਣਕਾਰੀ ਦਿੱਤੀ ਜਾਵੇ। ਸਰਕਾਰ ਵੱਲੋਂ ਨੌਜਵਾਨਾਂ ਨੂੰ ਧੜਾਧੜ ਬੀ.ਐੱਡ ਅਤੇ ਈਟੀਟੀ ਦੇ ਕੋਰਸ ਕਰਵਾਏ ਜਾ ਰਹੇ ਹਨ। ਪਰ ਅਸਾਮੀਆਂ ਦੀ ਭਰਤੀ ਸਮੇਂ ਅਕਸਰ ਅਸਾਮੀਆਂ ਖਾਲੀ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ। ਜੇਕਰ ਅਧਿਆਪਕਾਂ ਦੀਆਂ ਅਸਾਮੀਆਂ ਹੀ ਨਹੀਂ ਹਨ ਤਾਂ ਨੌਜਵਾਨਾਂ ਨੂੰ ਅਧਿਆਪਕਾਂ ਦੇ ਕੋਰਸ ਕਰਵਾਉਣ ਦੀ ਕੀ ਤੁਕ ਹੈ? ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੀ ਔਲਾਦ ਨੂੰ ਵੇਖ ਮਾਪੇ ਵੀ ਮਾਨਸਿਕ ਪੀੜਾ ਵਿੱਚੋਂ ਗੁਜ਼ਰਨ ਲੱਗਦੇ ਹਨ।
ਬੇਰੁਜ਼ਗਾਰੀ ਦੀ ਬਦੌਲਤ ਕੁਰਾਹੇ ਪਈ ਔਲਾਦ ਦਾ ਦਰਦ ਉਹ ਮਾਪੇ ਹੀ ਜਾਣ ਸਕਦੇ ਹਨ। ਜੇਕਰ ਵੋਟ ਬੈਂਕ ਦੀ ਮਜ਼ਬੂਤੀ ਲਈ ਤਰਕਹੀਣ ਅਤੇ ਸੂਬੇ ਦੀ ਆਰਥਿਕਤਾ ਲਈ ਮਾਰੂ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਬੇਰੁਜ਼ਗਾਰਾਂ ਤੋਂ ਅਸਾਮੀਆਂ ਲਈ ਅਪਲਾਈ ਕਰਨ ਸਮੇਂ ਮੋਟੀਆਂ ਫੀਸਾਂ ਦੀ ਵਸੂਲੀ ਕਿਉਂ ਬੰਦ ਨਹੀਂ ਕੀਤੀ ਜਾ ਸਕਦੀ? ਬੇਰੁਜ਼ਗਾਰਾਂ ਨੂੰ ਗੁਜ਼ਾਰਾ ਭੱਤਾ ਦੇਣ ਬਾਰੇ ਵੀ ਸਰਕਾਰ ਨੂੰ ਬਿਨਾਂ ਦੇਰੀ ਵਿਚਾਰ ਕਰਨਾ ਚਾਹੀਦਾ ਹੈ। ਕਿਉਂਕਿ ਸਮਾਂ ਬੇਰੁਜ਼ਗਾਰੀ ਨੂੰ ਸੰਤਾਪ ਬਣਨ ਤੋਂ ਰੋਕਣ ਦੀ ਮੰਗ ਕਰਦਾ ਹੈ। ਸਮਾਜ ਨੂੰ ਅਸ਼ਾਂਤੀ ਅਤੇ ਅਰਾਜਕਤਾ ਵਾਲੇ ਮਾਹੌਲ ਤੋਂ ਬਚਾਉਣ ਲਈ ਸਰਕਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ