ਭਾਰਤ ਕੋਲ ਲੜੀ ਜਿੱਤਣ ਦਾ ਮੌਕਾ ( India vs South Africa Match )
- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੁਕਾਬਲਾ
ਸਪੋਰਟਸ ਡੈਸਕ। ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਗੁਹਾਟੀ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲਾ ਮੁਕਾਬਲਾ ਜਿੱਤ ਕੇ ਲੜੀ ’ਚ ਚ 1-0 ਨਾਲ ਅੱਗੇ ਹੈ। ਅੱਜ ਦਾ ਮੈਚ ਫਸਵਾਂ ਹੋਣ ਦੀ ਸੰਭਾਵਨਾ ਹੈ। (India vs South Africa Match ) ਦੱਖਣੀ ਅਫਰੀਕਾ ਜਿੱਤ ਨਾਲ ਲੜੀ ’ਚ ਵਾਪਸੀ ਕਰਨਾ ਚਾਹੇਗੀ ਤੇ ਭਾਰਤੀ ਟੀਮ ਲੜੀ ਜਿੱਤਣਾ ਚਾਹੇਗੀ। ਇਸ ਲਈ ਦੋਵਾਂ ਟੀਮਾਂ ਮੈਚ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਇੱਕ ਵਾਰੀ ਫਿਰ ਭਾਰਤ ਦੇ ਉਭਰਦੇ ਤੇਜ਼ ਗੇਂਦਬਾਜ਼ ਅਰਸ਼ਦੀਪ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਜਿਸ ਨੇ ਪਹਿਲੇ ਮੈਚ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਕਦੇ ਵੀ ਦੱਖਣੀ ਅਫਰੀਕਾ ਦੇ ਖਿਲਾਫ ਆਪਣੀ ਧਰਤੀ ‘ਤੇ ਟੀ-20 ਸੀਰੀਜ਼ ਨਹੀਂ ਜਿੱਤੀ ਹੈ। ਕ੍ਰਿਕਟ ਸੀਰੀਜ਼ ਦਾ ਸਭ ਤੋਂ ਛੋਟਾ ਫਾਰਮੈਟ 2015 ਵਿੱਚ ਪਹਿਲੀ ਵਾਰ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ ਅਤੇ ਜਿਸ ਵਿੱਚ ਟੀਮ ਇੰਡੀਆ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ 2019 ‘ਚ ਹੋਈ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ। ਇਸ ਦੇ ਨਾਲ ਹੀ ਇਸ ਸਾਲ ਜੂਨ ‘ਚ ਵੀ ਸੀਰੀਜ਼ ਖੇਡੀ ਗਈ ਸੀ ਅਤੇ ਇਹ ਸੀਰੀਜ਼ ਵੀ 2-2 ਨਾਲ ਬਰਾਬਰ ਰਹੀ ਸੀ। ਭਾਵ ਪਿਛਲੇ 7 ਸਾਲਾਂ ‘ਚ ਭਾਰਤ ‘ਚ ਦੋਵਾਂ ਟੀਮਾਂ ਵਿਚਾਲੇ 3 ਟੀ-20 ਸੀਰੀਜ਼ ਹੋਈ ਅਤੇ ਇਕ ਵਾਰ ਵੀ ਟੀਮ ਇੰਡੀਆ ਨਹੀਂ ਜਿੱਤ ਸਕੀ।
ਭਾਰਤ ਨੇ ਲੜੀ ਦਾ ਪਹਿਲਾ ਮੁਕਾਬਲਾ ਜਿੱਤਿਆ ਸੀ
ਭਾਰਤ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਦੱਖਣੀ ਅਫਰੀਕਾ ਦੀ ਪਾਰੀ ਨੂੰ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 106 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਅਰਸ਼ਦੀਪ ਸਿੰਘ ਨੇ ਤਿੰਨ, ਦੀਪਕ ਚਾਹਰ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇੱਕ ਸਫਲਤਾ ਅਕਸ਼ਰ ਪਟੇਲ ਨੂੰ ਮਿਲੀ।
ਇਸ ਤੋਂ ਬਾਅਦ ਭਾਰਤੀ ਟੀਮ ਨੇ 16.4 ਓਵਰਾਂ ‘ਚ 2 ਵਿਕਟਾਂ ‘ਤੇ 110 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਸ਼ੁਰੂਆਤ ‘ਚ ਅਫਰੀਕੀ ਟੀਮ ਨੇ ਟੀਮ ਇੰਡੀਆ ਨੂੰ 2 ਵੱਡੇ ਝਟਕੇ ਦਿੱਤੇ। ਕਪਤਾਨ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦੇ ਬੱਲੇ ਤੋਂ 9 ਗੇਂਦਾਂ ‘ਤੇ ਸਿਰਫ 3 ਦੌੜਾਂ ਹੀ ਨਿਕਲੀਆਂ। ਰੋਹਿਤ ਦਾ ਵਿਕਟ ਰਬਾਡਾ ਨੇ ਲਿਆ ਅਤੇ ਕੋਹਲੀ ਦੀ ਵਿਕਟ ਨੌਰਤਿਯਾ ਨੇ ਲਈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਵਾਪਸ ਪਰਤਿਆ ਗਾਇਕ ਮਨਕੀਰਤ ਔਲਖ
ਸੂਰਿਆਕੁਮਾਰ ਯਾਦਵ ਅਤੇ ਕੇਐਲ ਰਾਹੁਲ ਨੇ ਦੋ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਭਾਰਤੀ ਪਾਰੀ ਨੂੰ ਸੰਭਾਲਿਆ। ਸੂਰਿਆ ਕੁਮਾਰ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 33 ਗੇਂਦਾਂ ‘ਚ 50 ਦੌੜਾਂ ਬਣਾਈਆਂ। ਉਸ ਨੇ 151 ਦੇ ਸਟਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਓਪਨਰ ਬੱਲੇਬਜ਼ਾ ਕੇਐਲ ਰਾਹੁਲ ਦੇ ਬੱਲੇ ਤੋਂ 51 ਦੌੜਾਂ ਨਿਕਲੀਆਂ।
ਕਿੱਥੇ ਦੇਖ ਸਕਦਾ ਹੋ ਮੈਚ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਤੁਸੀਂ ਸਟਾਰ ਸਪੋਰਟਸ ਚੈਨਲਾਂ ‘ਤੇ ਮੈਚ ਲਾਈਵ ਦੇਖ ਸਕਦੇ ਹੋ। ਇਸ ਦੇ ਨਾਲ ਹੀ ਡਿਜ਼ਨੀ ਹੌਟਸਟਾਰ ‘ਤੇ ਆਨਲਾਈਨ ਲਾਈਵ ਸਟ੍ਰੀਮਿੰਗ ਨੂੰ ਦੇਖਿਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ