ਫੌਜਾਂ ਸਿੰਘ ਸਰਾਰੀ ਨੂੰ ਲੈ ਕੇ ਕਾਂਗਰਸ ਦਾ ਸਦਨ ’ਚ ਜਬਰਦਸਤ ਹੰਗਾਮਾ, ਲਗਾਤਾਰ 4 ਘੰਟੇ ਕੀਤਾ ਹੰਗਾਮਾ (Punjab Vidhan Sabha)
- ਇੱਕ ਵਾਰ ਅੱਧੇ ਘੰਟੇ ਲਈ ਸਦਨ ਹੋਇਆ ਮੁਲਤਵੀ ਪਰ ਬਾਅਦ ਵਿੱਚ ਹੰਗਾਮੇ ’ਚ ਚਲਾਇਆ ਗਿਆ ਸਦਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕੈਬਨਿਟ ਮੰਤਰੀ ਫੌਜਾਂ ਸਿੰਘ ਸਰਾਰੀ ਦੇ ਮੁੱਦੇ ’ਤੇ ਲੈ ਕੇ ਵਿਧਾਨ ਸਭਾ ਸਦਨ ਦੇ ਅੰਦਰ ਕਾਂਗਰਸੀ ਵਿਧਾਇਕਾਂ ਵੱਲੋਂ ਇਤਿਹਾਸਕ ਜਬਰਦਸਤ ਹੰਗਾਮਾ ਕੀਤਾ ਗਿਆ। (Punjab Vidhan Sabha) ਸਦਨ ਦੇ ਅੰਦਰ ਸ਼ਾਇਦ ਹੀ ਹੋਇਆ ਹੋਵੇਗਾ ਕਿ ਸਦਨ ਦੀ ਮੁਕੰਮਲ ਕਾਰਵਾਈ ਦੌਰਾਨ ਲਗਾਤਾਰ 4 ਘੰਟੇ ਤੱਕ ਕਿਸੇ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ ਹੋਵੇ। ਕਾਂਗਰਸ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਬਰਖ਼ਾਸਤ ਕਰਨ ਅਤੇ ਉਨਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਰਕਾਰ ਤੋਂ ਜੁਆਬ ਲੈਣ ’ਤੇ ਅੜਿਆ ਹੋਇਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਨਹੀਂ ਹੋਣ ਕਰਕੇ ਵਾਰ-ਵਾਰ ਸਪੀਕਰ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਦਨ ਵਿੱਚ ਨਹੀਂ ਹਨ ਅਤੇ ਜਦੋਂ ਆਉਣਗੇ, ਉਸ ਸਮੇਂ ਗੱਲਬਾਤ ਕੀਤੀ ਜਾਵੇ।
ਕਾਂਗਰਸੀ ਵਿਧਾਇਕਾਂ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ (Punjab Vidhan Sabha)
ਇਸ ਲਈ ਉਹ ਬੈਠ ਜਾਣ ਪਰ ਸਦਨ ਦੇ ਅੰਦਰ ਕਾਂਗਰਸੀ ਵਿਧਾਇਕ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ ਸਨ। ਜਿਸ ਕਾਰਨ ਉਹ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ ਹੀ ਨਜ਼ਰ ਆਏ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਹੰਗਾਮਾ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਬਿਠਾਉਣ ਲਈ ਕਿਹਾ ਪਰ ਕਾਂਗਰਸੀ ਵਿਧਾਇਕਾਂ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ। ਸਦਨ ਵਿੱਚ ਸ਼ੁਰੂ ਹੋਈ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਕਰਕੇ ਇੱਕ ਵਾਰ 30 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਵੀ ਕਰਨਾ ਪਿਆ ਕਾਂਗਰਸੀ ਵਿਧਾਇਕਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਸਦਨ ਦੀ ਕਾਰਵਾਈ ਵੀਰਵਾਰ ਨੂੰ ਦੁਪਹਿਰ 2 ਵਜੇ ਸ਼ੁਰੂ ਹੋਈ ਸੀ ਤਾਂ ਪ੍ਰਸ਼ਨਕਾਲ ਨਹੀਂ ਹੋਣ ਕਰਕੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਸਦਨ ’ਚ ਜੀਰੋਕਾਲ ਦੀ ਸ਼ੁਰੂਆਤ ਕੀਤੀ। ਜਿਸ ’ਤੇ ਪ੍ਰਤਾਪ ਬਾਜਵਾ ਨੂੰ ਜੀਰੋਕਾਲ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ। ਪ੍ਰਤਾਪ ਬਾਜਵਾ ਨੇ ਸਦਨ ਵਿੱਚ ਕਿਹਾ ਕਿ ਫੌਜਾਂ ਸਿੰਘ ਸਰਾਰੀ ਦੀ ਆਡੀਓ ਵਾਈਰਲ ਹੋਈ ਸੀ। ਜਿਸ ਤੋਂ ਬਾਅਦ ਖ਼ੁਦ ਫੌਜਾਂ ਸਿੰਘ ਸਰਾਰੀ ਵਲੋਂ ਆਡੀਓ ਨੂੰ ਮੰਨਦੇ ਹੋਏ ਤਸਦੀਕ ਕੀਤਾ ਸੀ ਕਿ ਉਹ ਆਵਾਜ਼ ਉਨਾਂ ਦੀ ਹੀ ਪਰ ਹੁਣ ਤੱਕ ਉਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਾਣੋ, ਬੈਂਗਣ ਦੀ ਖੇਤੀ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ। Baigan Ki Kheti Kaise Karen
ਸਦਨ ਦੀ ਵੈਲ ਵਿੱਚ ਆ ਕੇ ਕੀਤਾ ਹੰਗਾਮਾ
ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਬਾਹਰ ਕਰਦੇ ਹੋਏ ਉਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ’ਤੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਉਹ ਆਪਣੀ ਗੱਲ ਕਰਕੇ ਬੈਠ ਸਕਦੇ ਹਨ ਪਰ ਪ੍ਰਤਾਪ ਬਾਜਵਾ ਸਣੇ ਸਾਰੀ ਕਾਂਗਰਸ ਦੇ ਵਿਧਾਇਕ ਸਰਕਾਰ ਤੋਂ ਜੁਆਬ ਲੈਣ ਲਈ ਅੜ ਗਏ। ਇਸ ਮੰਗ ਨੂੰ ਲੈ ਕੇ ਹੰਗਾਮਾ ਕਰਨ ਲਗ ਪਏ ਅਤੇ ਸਦਨ ਦੀ ਵੈਲ ਵਿੱਚ ਆ ਕੇ ਹੰਗਾਮਾ। ਸਪੀਕਰ ਕੁਲਤਾਰ ਸੰਧਵਾ ਨੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਉਹ ਹੰਗਾਮਾ ਕਰ ਰਹੇ ਹਨ। ਇਸ ਦੌਰਾਨ ਅੱਧੇ ਘੰਟੇ ਲਈ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਤਾਂ ਕਿ ਕਾਂਗਰਸੀ ਵਿਧਾਇਕ ਸ਼ਾਂਤ ਹੋ ਕੇ ਬੈਠ ਜਾਣਗੇ ਪਰ ਸਦਨ ਦੀ ਕਾਰਵਾਈ 30 ਮਿੰਟ ਬਾਅਦ ਮੁੜ ਤੋਂ ਸ਼ੁਰੂ ਹੋਈ ਤਾਂ ਕਾਂਗਰਸੀ ਵਿਧਾਇਕਾਂ ਨੇ ਮੁੜ ਤੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ ਸਦਨ ਦੀ ਕਾਰਵਾਈ ਦੇ ਅੰਤ ਤੱਕ ਹੀ ਹੰਗਾਮਾ ਕਰਦੇ ਰਹੇ।
ਹੰਗਾਮੇ ਦੌਰਾਨ ਫੌਜਾ ਸਿੰਘ ਸਰਾਰੀ ਰਹੇ ਸਦਨ ਮੌਜੂਦ
ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਜਿਸ ਸਮੇਂ ਕਾਂਗਰਸੀ ਵਿਧਾਇਕਾਂ ਵਲੋਂ 4 ਘੰਟੇ ਦੇ ਲਗਭਗ ਫੌਜਾਂ ਸਿੰਘ ਸਰਾਰੀ ਦੇ ਅਸਤੀਫ਼ੇ ਨੂੰ ਲੈ ਕੇ ਹੰਗਾਮਾ ਕੀਤਾ ਤਾਂ ਉਸ ਸਮੇਂ ਸਦਨ ਅੰਦਰ ਕੈਬਨਿਟ ਮੰਤਰੀ ਫੌਜਾਂ ਸਿੰਘ ਸਰਾਰੀ ਮੌਜੂਦ ਰਹੇ। ਇਸ ਮਾਮਲੇ ਵਿੱਚ ਫੌਜਾਂ ਸਿੰਘ ਸਰਾਰੀ ਵਲੋਂ ਇੱਕ ਵਾਰ ਵੀ ਆਪਣੀ ਸੀਟ ਤੋਂ ਖੜੇ ਹੋ ਕੇ ਵਿਰੋਧ ਨਹੀਂ ਕੀਤਾ, ਸਗੋਂ ਨਰਮੀ ਨਾਲ ਬੈਠ ਕੇ ਸਦਨ ਦੀ ਮੁਕੰਮਲ ਕਾਰਵਾਈ ਦੌਰਾਨ ਆਪਣੇ ਖ਼ਿਲਾਫ਼ ਬੋਲੇ ਜਾ ਰਹੇ ਸ਼ਬਦਾਂ ਨੂੰ ਹੀ ਸੁਣਿਆ।
ਇਨਾਂ ਕੋਲ ਨਹੀਂ ਐ ਕੋਈ ਮੁੱਦਾ, ਹੰਗਾਮੇ ਲਈ ਬਣਾ ਰਹੇ ਹਨ ਬਹਾਨਾ : ਹਰਪਾਲ ਚੀਮਾ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸਦਨ ਅੰਦਰ ਕਿਹਾ ਕਿ ਕਾਂਗਰਸੀ ਵਿਧਾਇਕਾਂ ਕੋਲ ਕੋਈ ਵੀ ਮੁੱਦਾ ਨਹੀਂ ਹੈ, ਜਿਸ ਕਾਰਨ ਹੀ ਉਹ ਸਦਨ ਵਿੱਚ ਫੌਜਾਂ ਸਿੰਘ ਸਰਾਰੀ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਕਰ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਅਤੇ ਉਨਾਂ ਦੇ ਸਾਥੀ ਕਾਂਗਰਸੀ ਵਿਧਾਇਕ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੇ ਹੋਏ ਲੋਕਾਂ ਦਾ ਪੈਸਾ ਖਰਾਬ ਕਰ ਰਹੇ ਹਨ। ਪੰਜਾਬ ਦੀ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਇਹ ਕੋਈ ਦਲੀਲ ਨਹੀਂ ਹੈ ਕਿ ਉਨਾਂ ਨੂੰ ਜੁਆਬ ਦਿੱਤਾ ਜਾਵੇ। ਉਨਾਂ ਕਿਹਾ ਕਿ ਇਹ ਪੰਜਾਬ ਦੀ ਜਨਤਾ ਨਾਲ ਵਿਸ਼ਵਾਸਘਾਤ ਹੈ ਕਿ ਵਿਧਾਨ ਸਭਾ ਵਿੱਚ ਜਨਤਾ ਦੀ ਗੱਲ ਕਰਨ ਦੀ ਥਾਂ ਹੰਗਾਮਾ ਕਰ ਰਹੇ ਹਨ।
ਜਿਨਾਂ ਨੇ ਪੰਜਾਬ ਦੇ ਪੈਸੇ ਦੀ ਕੀਤੀ ਲੁੱਟ, ਉਹ ਕਰ ਰਹੇ ਹਨ ਹੰਗਾਮਾ : ਅਮਨ ਅਰੋੜਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਦਨ ਵਿੱਚ ਉਹ ਕਾਂਗਰਸੀ ਵਿਧਾਇਕ ਹੰਗਾਮਾ ਕਰ ਰਹੇ ਹਨ। ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਲਗਾਤਾਰ ਲੁੱਟ ਕਰਦੇ ਆਏ ਹਨ। ਅਮਨ ਅਰੋੜਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫੌਜਾਂ ਸਿੰਘ ਸਰਾਰੀ ਵਲੋਂ ਅਖ਼ਬਾਰਾਂ ਵਿੱਚ ਆਪਣੀ ਸਟੇਟਮੈਂਟ ਦੇ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਪਾਰਟੀ ਵਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਕਿਹੜੀ ਗੱਲ ਦਾ ਜੁਆਬ ਭਾਲ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸੀ ਤੋਂ ਬਾਹਰੋਂ ਹੀ ਅੱਖਾਂ ਮਾਰਦੇ ਹੋਏ ਆਏ ਸਨ ਕਿ ਸਦਨ ਵਿੱਚ ਇਹ ਕੁਝ ਕਰਨਾ ਹੈ।
ਅਫ਼ਸੋਸ ਸਦਨ ਦਾ ਕੀਮਤੀ ਸਮਾਂ ਖ਼ਰਾਬ ਕਰ ਰਹੇ ਐ ਕਾਂਗਰਸ : ਸਪੀਕਰ ਕੁਲਤਾਰ ਸੰਧਵਾ
ਸਪੀਕਰ ਕੁਲਤਾਰ ਸੰਧਵਾ ਵਲੋਂ ਸਦਨ ਅੰਦਰ ਕਾਂਗਰਸੀ ਵਿਧਾਇਕਾਂ ਨੂੰ ਤਾੜਨਾ ਪਾਉਂਦੇ ਹੋਏ ਕਿਹਾ ਕਿ ਉਨਾਂ ਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਪੰਜਾਬ ਦੀ ਜਨਤਾ ਨਾਲ ਧੋਖਾ ਤੇ ਵਿਸ਼ਵਾਸਘਾਤ ਕਰਦੇ ਹੋਏ ਪੈਸਾ ਖਰਾਬ ਕਰ ਰਹੇ ਹਨ, ਕਿਉਂਕਿ ਇਸ ਕੀਮਤੀ ਸਮੇਂ ਵਿੱਚ ਜਨਤਾ ਦੀ ਗੱਲ ਕੀਤੀ ਜਾ ਸਕਦੀ ਸੀ। ਕੁਲਤਾਰ ਸੰਧਵਾ ਨੇ ਕਿਹਾ ਕਿ ਜਦੋਂ ਪ੍ਰਤਾਪ ਬਾਜਵਾ ਸਦਨ ਦਾ ਸਮਾਂ ਵਧਵਾਉਣ ਲਈ ਆਏ ਸਨ ਤਾਂ ਉਨਾਂ ਨੂੰ ਸਕੂਨ ਮਿਲਿਆ ਸੀ ਕਿ ਸਦਨ ਵਿੱਚ ਆਮ ਲੋਕਾਂ ਦੀ ਗੱਲ ਹੋਈ ਸੀ, ਜਿਹੜਾ ਕੁਝ ਇਹ ਕਰ ਰਹੇ ਹਨ, ਉਸ ਨੂੰ ਦੇਖ ਕੇ ਅਫ਼ਸੋਸ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ