ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ

ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ-ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾਂ ’ਚੋਂ ਇੱਕ ਹੈ। ਜ਼ਿੰਦਗੀ ਦੇ ਵੱਖੋ-ਵੱਖਰੇ ਪੜਾਵਾਂ ’ਤੇ ਬਹੁਤ ਲੋਕਾਂ ਨਾਲ ਵਾਹ ਪੈਂਦਾ ਹੈ ਜਿੱਥੇ ਮਾੜੇ ਲੋਕਾਂ ਦਾ ਮਾੜਾ ਅਨੁਭਵ ਕਠੋਰ ਸਬਕ ਦਿੰਦਾ ਹੈ, ਉੱਥੇ ਹੀ ਚੰਗੇ ਲੋਕਾਂ ਨਾਲ ਚੰਗਾ ਅਨੁਭਵ ਜਿੰਦਗੀ ਤੇ ਇਨਸਾਨੀਅਤ ਨੂੰ ਆਸਵੰਦ ਬਣਾਉਂਦਾ ਹੈ ਅਤੇ ਘੋਰ ਕਾਲ-ਕੋਠੜੀ ਵਿੱਚ ਚਿਰਾਗ ਵਾਂਗ ਚਮਕਦਾ ਹੈ।

ਜੋ ਲੋਕ ਆਪਣੇ ਯੋਗ ਉੱਦਮਾਂ ਰਾਹੀਂ ਮੁਕਾਮ ਹਾਸਲ ਕਰਦੇ ਹਨ ਉਨ੍ਹਾਂ ਦਾ ਸਲੀਕਾ ਮੁਹੱਬਤ ਨਾਲ ਲਬਰੇਜ ਅਤੇ ਨਿਮਰ ਹੁੰਦਾ ਹੈ ਕਿਉਂਕਿ ਉਹ ਆਪਣੀ ਜਮੀਨ ਨਹੀਂ ਭੁੱਲਦੇ ਤੇ ਉਹ ਤੱਥ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ ਕਿ ਰੁੱਖ ਦੇ ਜਿੰਨੇ ਜਿਆਦਾ ਫਲ ਲੱਗੇ ਹੋਣ, ਉਹ ਉਨਾਂ ਹੋਰ ਝੁਕਦਾ ਜਾਂਦਾ ਹੈ, ਹੰਕਾਰ ਨੂੰ ਤਿਆਗ ਛੱਡਦਾ ਹੈ। ਜਿਨ੍ਹਾਂ ਨੂੰ ਬਿਨਾਂ ਹੱਥ-ਪੈਰ ਮਾਰੇ ਸੰਪੰਨਤਾ ਮਿਲਦੀ ਹੈ ਉਨ੍ਹਾਂ ਦਾ ਸੁਭਾਅ ਹੰਕਾਰੀ, ਲੋਭੀ ਅਤੇ ਕਠੋਰ ਵਿਹਾਰ ਵਾਲਾ ਵੇਖਣ ਨੂੰ ਮਿਲਦਾ ਹੈ। ਉਹ ਆਪਣੇ-ਆਪ ਨੂੰ ਉੱਚਤਾ ਦੀ ਮਾਨਸਿਕਤਾ ਵਿੱਚ ਲਿਪਤ ਰੱਖਦੇ ਹਨ ਅਤੇ ਇਹੋ ਮਾਨਸਿਕਤਾ ਉਨ੍ਹਾਂ ਤੋਂ ਜਾਣੇ-ਅਣਜਾਣੇ ਵਿਚ ਪਤਾ ਨਹੀਂ ਕਿੰਨੇ ਗੁਨਾਹ ਕਰਾ ਦਿੰਦੀ ਹੈ ਅਤੇ ਕਿੰਨੇ ਹੀ ਲੋਕਾਂ ਦੇ ਦਿਲ ਨੂੰ ਠੇਸ ਪਹੁਚਾਉਂਦੀ ਹੈ ਅਤੇ ਕਿੰਨੀਆਂ ਹੀ ਮਜ਼ਬੂਰ ਲੋਕਾਂ ਦੀਆਂ ਬਦਅਸੀਸਾਂ ਖੱਟਦੀ ਹੈ।

ਸਮੇਂ ਦਾ ਯਥਾਰਥ ਹੈ ਕਿ ਇੱਕਦਮ ਲੋਕਾਂ ’ਤੇ ਅੱਖਾਂ ਮੀਟ ਕੇ ਯਕੀਨ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਹਾਡੇ ਪਿਆਰ ਅਤੇ ਭਰੋਸੇ ਦਾ ਚੀਰਹਰਨ ਹੁੰਦਾ ਹੈ ਤਾਂ ਉਸ ਦੀ ਆਤਮਿਕ ਪੀੜ ਅਸਹਿ ਹੁੰਦੀ ਹੈ। ਕਿਸੇ ਨੂੰ ਇੱਕਦਮ ਆਪਣਾ ਮੰਨ ਕੇ ਆਪਣਾ ਦਿਲ ਖੋਲ੍ਹ ਦੇਣਾ, ਸਾਹਮਣੇ ਵਾਲੇ ਨੂੰ ਤੁਹਾਡਾ ਨੁਕਸਾਨ ਕਰਨ ਦਾ ਮੌਕਾ ਵੀ ਸਿੱਧ ਹੋ ਸਕਦਾ ਹੈ। ਸਮਾਜ ਵਿੱਚ ਹਰ ਕੋਈ ਤੁਹਾਡੇ ਭਰੋਸੇ ਦੇ ਕਾਬਲ ਨਹੀਂ, ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ। ਸਿੱਧੇ-ਸਾਦੇ, ਭੋਲੇ ਮਨਾਂ ਵਾਲੇ ਇਨਸਾਨਾਂ ਦਾ ਚਾਲਾਕ ਲੋਕ ਅਕਸਰ ਫਾਇਦਾ ਚੁੱਕ ਜਾਂਦੇ ਹਨ ਤੇ ਲੋੜ ਪੈਣ ’ਤੇ ਭੋਲੇ ਲੋਕਾਂ ਨੂੰ ਅਧਵਾਟੇ ਛੱਡ ਜਾਂਦੇ ਹਨ, ਧੋਖਾ ਦੇ ਜਾਂਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਜੰਗਲ ਵਿੱਚ ਪਹਿਲਾਂ ਸਿੱਧੇ ਰੁੱਖ ਹੀ ਕੱਟੇ ਜਾਂਦੇ ਹਨ ਉਦਾਂ ਹੀ ਭੋਲੇ ਅਤੇ ਛਲ-ਕਪਟ ਤੋਂ ਰਹਿਤ ਸਿੱਧੇ-ਸਾਦੇ ਲੋਕਾਂ ਨਾਲ ਹੁੰਦਾ ਹੈ।

ਦੂਜਿਆਂ ਨੂੰ ਆਪਣੇ ਵਾਂਗ ਚੰਗਾ ਮੰਨਣਾ, ਭੋਲਾ ਮੰਨਣਾ ਕੋਈ ਗੁਨਾਹ ਨਹੀਂ ਹੈ, ਉਹ ਤੁਹਾਡੀ ਖੂਬਸੂਰਤੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਅਹਿਮ ਗੁਣ ਹੈ ਪਰੰਤੂ ਸਮਾਂ ਸੁਚੇਤ ਹੋਣ ਦਾ ਹੈ ਕਿ ਕੋਈ ਤੁਹਾਡੇ ਨਾਲ ਚੰਗੇ ਹੋਣ ਦਾ ਨਾਟਕ ਕਰਕੇ ਤੁਹਾਡਾ ਸ਼ਿਕਾਰ ਤਾਂ ਨਹੀਂ ਕਰਨਾ ਚਾਹੁੰਦਾ। ਤੁਹਾਨੂੰ ਕਿਸੇ ਨਾਲ ਖੁੱਲ੍ਹਣ ਲਈ ਸਮਾਂ ਲੈਣਾ ਚਾਹੀਦਾ ਹੈ ਅਤੇ ਜਦੋਂ ਤੁਹਾਡਾ ਦਿਮਾਗ ਸਹਿਮਤੀ ਭਰੇ ਉਦੋਂ ਹੀ ਕਿਸੇ ਨੂੰ ਆਪਣੇ ਦਿਲ ਵਿੱਚ ਥਾਂ ਦੇਣੀ ਚਾਹੀਦੀ ਹੈ।

ਸਾਹਮਣੇ ਵਾਲੇ ਦਾ ਮੋਹ, ਫਿਕਰ ਸੱਚਾ ਹੈ ਜਾਂ ਝੂਠਾ ਇਹ ਤੁਸੀਂ ਫੈਸਲਾ ਕਰਨਾ ਹੈ। ਜੇਕਰ ਕੋਈ ਤੁਹਾਡੇ ਕੋਲ ਕਿਸੇ ਦੂਜੇ ਬਾਰੇ ਗੈਰ-ਜ਼ਰੂਰੀ ਮਾੜਾ ਆਖਦਾ ਹੈ ਤਾਂ ਇਸ ਤਰ੍ਹਾਂ ਦੇ ਬੰਦਿਆਂ ਤੋਂ ਦੂਰੀ ਜਿਆਦਾ ਬਿਹਤਰ ਹੈ। ਦੁਨੀਆਂ ਵਿੱਚ ਬਹੁਤ ਚੰਗੇ ਲੋਕ ਹਨ ਅਤੇ ਹੋਰ ਚੰਗੇ ਲੋਕਾਂ ਦੀ ਵੀ ਬਹੁਤ ਜਰੂਰਤ ਹੈ ਤਾਂ ਜੋ ਦੁਨੀਆਂ ਪਿਆਰ, ਖੁਸ਼ਹਾਲੀ, ਅਪਣੱਤ ਅਤੇ ਇਨਸਾਨੀਅਤ ਦੇ ਰੰਗ ਵਿੱਚ ਰੰਗੀ ਜਾਵੇ। ਇੱਕ ਸਮਾਜ ਦੀ ਸਿਰਜਣਾ ਲਈ ਹਰ ਨਾਗਰਿਕ, ਇਨਸਾਨ ਨੂੰ ਆਪਣਾ ਮੈਲਾਪਣ ਛੱਡ ਕੇ ਸੱਚ ਅਤੇ ਇਨਸਾਨੀਅਤ ਨਾਲ ਭਰੇ ਚੰਗੇ ਰਾਹ ’ਤੇ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਦਗੀ ਵਿੱਚ ‘ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ’ ਇਸ ਕਥਨ ਦੀ ਪ੍ਰੋੜਤਾ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਤਾਂ ਜੋ ਤੁਹਾਡਾ ਕੋਈ ਜਾਨੀ, ਮਾਲੀ ਅਤੇ ਆਤਮਿਕ ਤੌਰ ’ਤੇ ਨੁਕਸਾਨ ਨਾ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ