ਲੌਂਗੋਵਾਲ, (ਹਰਪਾਲ)। ਮਸਤੂਆਣਾ ਸਾਹਿਬ ਵਿਖੇ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕਾਲਜ ਵਾਲੀ ਜ਼ਮੀਨ ‘ਤੇ ਆਪਣਾ ਦਾਅਵਾ ਜਤਾਉਣ ਤੋਂ ਬਾਅਦ ਅਪਣਾਈ ਕੀਤੀ ਗਈ ਅਦਾਲਤੀ ਪ੍ਰਕਿਰਿਆ ਦੇ ਖ਼ਿਲਾਫ਼ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ਼ ਉੱਤਰ ਆਈਆਂ ਹਨ ਅਤੇ ਇਸੇ ਜ਼ਮੀਨ ‘ਤੇ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਪਿੰਡ ਪਿੰਡ ਜਾ ਕੇ ਸੰਘਰਸ਼ ਦਾ ਐਲਾਨ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਵੱਖ-ਵੱਖ ਪਿੰਡਾ ‘ਚ ਪ੍ਰਚਾਰ ਕਰਨ ਤੋਂ ਬਾਅਦ ਪਿੰਡ ਸ਼ੇਰੋਂ ਪੁੱਜੇ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਮਾ, ਅਜੈਬ ਸਿੰਘ ਬਹਾਦਰਪੁਰ, ਭੂਰਾ ਸਿੰਘ ਸ਼ੇਰੋਂ, ਬਿੱਕਰ ਸਿੰਘ, ਮਨਜਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਲਿਦੜਾਂ, ਮਾਲਵਿੰਦਰ ਸਿੰਘ, ਗੁਰਦੀਪ ਸਿੰਘ ਲਿੱਦੜਾਂ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਕਰੋੜੀ ਮੈਡੀਕਲ ਕਾਲਜ ਬਣਾਉਣ ਦੀ ਕਵਾਇਦ ਆਰੰਭੀ ਹੈ।
ਜਿਸ ਦੇ ਲਈ ਮੁੱਖ ਮੰਤਰੀ ਨੇ ਬੀਤੀ ਅਗਸਤ ਨੂੰ ਬਾਕਾਇਦਾ ਨੀਂਹ ਪੱਥਰ ਰੱਖਿਆ ਹੈ ਅਤੇ ਨਿਰਮਾਣ ਲਈ 71 ਕਰੋੜ ਦੀ ਪਹਿਲੀ ਕਿਸ਼ਤ ਵੀ ਜ਼ਾਰੀ ਕੀਤੀ ਹੈ। ਪ੍ਰੰਤੂ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਲਜ ਨੂੰ ਰੋਕਣ ਲਈ ਜਾਣ-ਬੁੱਝ ਕੇ ਅਦਾਲਤੀ ਅੜਿੱਕੇ ਡਾਹੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜ਼ਗਾਰੀ ਦੇ ਖ਼ਿਲਾਫ਼ 55 ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਪਾਇਆ ਹੈ ਅਤੇ ਲੋਕਾਂ ਵੱਲੋਂ 7 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਸਾ. ਪ੍ਰਧਾਨ ਭਾਈ ਗੋਬਿੰਦ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ