ਕਿਹਾ : ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਇਨਸਾਫ ਲਈ ਸੜਕਾਂ ’ਤੇ ਆਉਣਾ ਪੈਣਾ ਹੈ
ਮਾਨਸਾ, (ਸੁਖਜੀਤ ਮਾਨ)। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਭਾਵੇਂ ਹੀ ਪੁਲਿਸ ਨੇ ਕਈ ਗੈਂਗਸਟਰਾਂ ਤੇ ਸ਼ੂਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੋਇਆ ਹੈ ਪਰ ਹਾਲੇ ਤੱਕ ਕਤਲ ਮਾਮਲੇ ’ਚ ਪੂਰਾ ਇਨਸਾਫ ਨਾ ਮਿਲਣ ਕਾਰਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੀ ਮੋਹਲਤ ਦਿੱਤੀ ਹੈ। ਉਨਾਂ ਇਨਸਾਫ ਲੈਣ ਲਈ ਸੜਕਾਂ ’ਤੇ ਉੱਤਰਨ ਲਈ ਕਿਹਾ ਹੈ।
ਵੇਰਵਿਆਂ ਮੁਤਾਬਿਕ ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਉਸਦੇ ਮਾਪਿਆਂ ਨੂੰ ਮਿਲਣ ਲਈ ਪਿੰਡ ਮੂਸਾ ਵਿਖੇ ਆਉਂਦੇ ਹਨ। ਇਸ ਮੌਕੇ ਸਿੱਧੂ ਦੇ ਮਾਪੇ ਬਕਾਇਦਾ ਪ੍ਰਸੰਸਕਾਂ ਨਾਲ ਖੁੱਲਕੇ ਗੱਲਬਾਤ ਕਰਦੇ ਹਨ। ਇਸੇ ਤਰਾਂ ਅੱਜ ਵੀ ਜਦੋਂ ਵੱਡੀ ਗਿਣਤੀ ਪ੍ਰਸੰਸਕ ਉਨਾਂ ਦੇ ਘਰ ਪੁੱਜੇ ਤਾਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੀਆਂ ਭਾਵੁਕ ਤਕਰੀਰਾਂ ਰਾਹੀਂ ਕਿਹਾ ਕਿ ਬਿਨਾਂ ਰੋਏ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਇਸ ਲਈ ਹੁਣ ਇਨਸਾਫ ਦੀ ਖਾਤਰ ਤੁਰਨਾ ਪਵੇਗਾ। ਉਨਾਂ ਕਿਹਾ ਕਿ ਹੁਣ ਚੁੱਪ ਕਰਕੇ ਨਹੀਂ ਬੈਠਾਂਗੇ ਇਨਸਾਫ ਲਈ ਸੜਕਾਂ ’ਤੇ ਆਉਣਾ ਪੈਣਾ ਹੈ। ਉਨਾਂ ਆਪਣੇ ਪੁੱਤ ਦੇ ਕਤਲ ’ਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਹਫ਼ਤੇ ਦੀ ਮੋਹਲਤ ਦਿੱਤੀ ਹੈ।
ਉਨਾਂ ਕਿਹਾ ਕਿ ਇਸ ਮਾਮਲੇ ’ਚ ਇਕੱਲੇ ਗੋਲੀਆਂ ਚਲਾਉਣ ਵਾਲੇ ਹੀ ਨਹੀਂ ਉਨਾਂ ਨੂੰ ਸ਼ਹਿ ਦੇਣ ਵਾਲੇ ਵੀ ਦੋਸ਼ੀ ਨੇ, ਜੋ ਸਫੈਦਪੋਸ਼ ਨੇ ਕਿਉਂਕਿ ਸਿੱਧੂ ਨੂੰ ਮਾਰਨ ਲਈ ਜੋ ਹਥਿਆਰ ਖ੍ਰੀਦੇ ਸੀ ਉਸ ਲਈ ਪੈਸੇ ਕਿਸਨੇ ਦਿੱਤੇ ਸੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨਸਾਫ ਲਈ ਉਸ ਨੂੰ ਸਹਿਯੋਗ ਦਿੱਤਾ ਜਾਵੇ। ਉਨਾਂ ਸਿੱਧੂ ਦੇ ਪ੍ਰਸੰਸਕਾਂ ਨੂੰ ਆਪੋ-ਆਪਣੇ ਪਿੰਡਾਂ ’ਚ ਕੈਂਡਲ ਮਾਰਚ ਕੱਢਣ ਦੀ ਅਪੀਲ ਵੀ ਕੀਤੀ। ਉਨਾਂ ਆਪਣੇ ਘਰ ’ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਅੱਗੇ ਆਖਿਆ ਕਿ ਗੈਂਗਸਟਰ ਸ਼ਬਦ ਨਾ ਵਰਤਿਆ ਜਾਵੇ ਬਲਕਿ ਗੁੰਡੇ ਜਾਂ ਬਦਮਾਸ਼ ਕਿਹਾ ਜਾਵੇ, ਕਿਉਂਕਿ ਜਿਹੋ-ਜਿਹੇ ਕੰਮ ਨੇ ਉਹੋ ਜਿਹਾ ਨਾਂਅ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ