ਸਰਕਾਰ ਖ਼ਿਲਾਫ਼ ਹੱਕਾਂ ਦੀ ਲੜਾਈ ਜਾਰੀ ਰਹੇਗੀ, ਪਿਆਰ ਜਾਂ ਤਕਰਾਰ ਦੋਹੇ ਹਥਿਆਰ ਹੋਣਗੇ ਇਸਤੇਮਾਲ : ਰੰਧਾਵਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੀ ਕਮਾਨ ਹੁਣ ਜਸਪ੍ਰੀਤ ਰੰਧਾਵਾ ਦੇ ਹੱਥਾਂ ਵਿੱਚ ਆ ਗਈ ਹੈ। ਬੀਤੇ ਦਿਨੀਂ ਜਸਪ੍ਰੀਤ ਸਿੰਘ ਰੰਧਾਵਾ ਨੂੰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਜਸਪ੍ਰੀਤ ਰੰਧਾਵਾ ਪਹਿਲੀਵਾਰ ਐਸੋਸੀਏਸ਼ਨ ਦੇ ਅਹੁਦੇਦਾਰ ਨਹੀਂ ਬਣੇ ਹਨ ਇਸ ਤੋਂ ਪਹਿਲਾਂ ਵੀ ਉਸ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਸਨ ਪਰ ਹੁਣ ਉਨਾਂ ਨੂੰ ਮੁਕੰਮਲ ਕਮਾਨ ਦੇ ਦਿੱਤੀ ਗਈ ਹੈ ਤਾਂ ਕਿ ਸਰਕਾਰੀ ਕਰਮਚਾਰੀਆਂ ਦੀ ਲਟਕ ਰਹੀ ਮੰਗਾਂ ਨੂੰ ਸਰਕਾਰ ਤੱਕ ਲੈ ਕੇ ਜਾਣ ਦੇ ਨਾਲ ਹੀ ਅਗਲੇ ਸੰਘਰਸ਼ ਬਾਰੇ ਰਣਨੀਤੀ ਹੁਣ ਤੋਂ ਬਾਅਦ ਜਸਪ੍ਰੀਤ ਰੰਧਾਵਾ ਆਪਣੇ ਪੱਧਰ ’ਤੇ ਹੀ ਤਿਆਰ ਕਰਨ।
ਜਸਪ੍ਰੀਤ ਰੰਧਾਵਾ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਉਹ ਸਰਕਾਰੀ ਕਰਮਚਾਰੀ ਜਰੂਰ ਹਨ ਪਰ ਕਿਸੇ ਵੀ ਦਬਾਅ ਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਨਹੀਂ ਹਨ, ਕਿਉਂਕਿ ਹਰ ਕਰਮਚਾਰੀ ਇੱਜ਼ਤ ਅਤੇ ਹੱਕ ਨਾਲ ਹੀ ਕੰਮ ਕਰਦਾ ਹੈ। ਉੱਚ ਅਧਿਕਾਰੀ ਅਤੇ ਸਰਕਾਰ ਇੱਜ਼ਤ ਦਿੰਦੇ ਹੋਏ ਉਨਾਂ ਤੋਂ 24 ਘੰਟੇ ਵੀ ਲੈ ਸਕਦੀ ਹੈ ਪਰ ਉਨਾਂ ਦੇ ਹੱਕਾਂ ਦਾ ਖੋਹਣ ਦੀ ਇਜਾਜ਼ਤ ਉਹ ਨਹੀਂ ਦੇਣਗੇ। ਜਸਪ੍ਰੀਤ ਰੰਧਾਵਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਮੰਗਾਂ ਨੂੰ ਖ਼ੁਦ ਸਰਕਾਰ ਵੱਲੋਂ ਮੰਨਦੇ ਹੋਏ ਐਲਾਨ ਨਹੀਂ ਕੀਤਾ ਗਿਆ ਹੈ, ਸਗੋਂ ਕਰਮਚਾਰੀ ਐਸੋਸੀਏਸ਼ਨ ਨੂੰ ਸੰਘਰਸ਼ ਕਰਨਾ ਪਿਆ ਹੈ, ਜਿਸ ਤੋਂ ਬਾਅਦ ਹੀ ਸਰਕਾਰਾਂ ਵੱਲੋਂ ਮੀਟਿੰਗ ਕਰਦੇ ਹੋਏ ਜਾਇਜ਼ ਮੰਗਾਂ ਨੂੰ ਮੰਨਿਆ ਗਿਆ ਹੈ।
ਕਰਮਚਾਰੀਆਂ ਦੇ ਹੱਕਾਂ ਲਈ ਹਰ ਲੜਾਈ ਲੜਨ ਨੂੰ ਤਿਆਰ ਹਾਂ : ਰੰਧਾਵਾ
ਜਸਪ੍ਰੀਤ ਰੰਧਾਵਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਰਕਾਰੀ ਕਰਮਚਾਰੀ ਕਾਫ਼ੀ ਜਿਆਦਾ ਵਿਸ਼ਵਾਸ ਰੱਖਦੇ ਹਨ ਕਿ ਉਨਾਂ ਵੱਲੋਂ ਸਰਕਾਰੀ ਕਰਮਚਾਰੀਆਂ ਦੇ ਹੱਕਾਂ ’ਤੇ ਡਾਕਾ ਨਹੀਂ ਮਾਰਿਆ ਜਾਏਗਾ। ਉਨਾਂ ਕਿਹਾ ਕਿ ਜੇਕਰ ਇਸ ਸਰਕਾਰ ਨੇ ਵੀ ਪਿਛਲੀ ਸਰਕਾਰਾਂ ਵਾਂਗ ਕਰਮਚਾਰੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਤਾਂ ਪਹਿਲਾਂ ਸਰਕਾਰ ਨਾਲ ਪਿਆਰ ਨਾਲ ਗੱਲ ਕੀਤੀ ਜਾਏਗੀ ਪਰ ਪਿਆਰ ਨਾਲ ਗੱਲ ਨਹੀਂ ਬਣੀ ਤਾਂ ਸੰਘਰਸ਼ ਦੇ ਹਥਿਆਰ ਨੂੰ ਵਰਤਿਆ ਜਾਏਗਾ। ਉਨਾਂ ਕਿਹਾ ਕਿ ਕਰਮਚਾਰੀਆਂ ਦੇ ਹੱਕਾਂ ਲਈ ਉਹ ਹਰ ਲੜਾਈ ਲੜਨ ਨੂੰ ਤਿਆਰ ਹਨ।
ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਆਫਿਸਰਜ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਮੀਤ ਪ੍ਰਧਾਨ ਪਰਮਜੀਤ ਮੁੰਧੋ, ਜਨਰਲ ਸਕੱਤਰ ਅਜੀਤ ਸਿੰਘ, ਨਿੱਜੀ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਸਿੰਘ ਔਜਲਾ,ਭੁਪਿੰਦਰ ਝੱਜ,ਦਵਿੰਦਰ ਜੂੰਗਨੀ,ਜਨਰਲ ਸਕੱਤਰ ਸੁਸੀਲ ਕੁਮਾਰ, ਇੰਦਰਪਾਲ ਭੰਗੂ, ਮਨਦੀਪ ਚੌਧਰੀ, ਦਲਜੀਤ ਸਿੰਘ, ਸਤਵਿੰਦਰ ਸਿੰਘ ਟੌਹੜਾ, ਹਰਦੀਪ ਸਿੰਘ ਡੇਰਾਬੱਸੀ, ਮਨਪ੍ਰੀਤ ਸਿੰਘ,ਗੁਰਵਿੰਦਰ ਸਿੰਘ, ਕਮਲ ਸ਼ਰਮਾ, ਗੁਰਿੰਦਰ ਬੈਦਵਾਣ, ਜਸਵਿੰਦਰ ਸਿੰਘ ਪ੍ਰਾਹੁਣਚਾਰੀ ਸੁਪਰਵਾਈਜ਼ਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।