ਪ੍ਰੇਮੀ ਮਹਾਂਵੀਰ ਇੰਸਾਂ ਬਣੇ ਬਲਾਕ ਸੁਨਾਮ ਦੇ 27ਵੇਂ ਸਰੀਰਦਾਨੀ

ਐਸ‌ਐਚਓ ਸਿਟੀ ਨੇ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਕੀਤਾ ਰਵਾਨਾ

ਸੁਨਾਮ ਊਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ / ਕਰਮ‌ ਥਿੰਦ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ’ਤੇ ਚੱਲਦਿਆਂ ਅੱਜ ਸੁਨਾਮ ਸ਼ਹਿਰ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਮੌਕੇ 25 ਮੈਂਬਰ ਰਾਜੇਸ਼ ਕੁਮਾਰ ਬਿੱਟੂ ਅਤੇ ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਮਹਾਂਵੀਰ ਇੰਸਾਂ (71) ਵਾਸੀ ਇੰਦਰਾ ਬਸਤੀ ਸੁਨਾਮ ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਸਿਲਾ ਦੇਵੀ ਇੰਸਾਂ, ਪੁੱਤਰੀ ਕਿਰਨ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਗੋਤਮ ਬੁੱਧ ਚਿਕਿਤਸਾ ਮਹਾਂਵਿਦਿਆਲਾ ਦੇਹਰਾਦੂਨ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਮੌਕੇ ਸੁਨਾਮ ਸਿਟੀ ਦੇ ਐਸਐਚਓ ਸੁਖਦੇਵ ਸਿੰਘ ਨੇ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਉਨ੍ਹਾਂ ਵੱਲੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਾਂਵੀਰ ਇੰਸਾਂ ਹਮੇਸ਼ਾਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਇਸ ਮੌਕੇ ਬਲਾਕ ਗੁਲਜਾਰ ਇੰਸਾਂ ਭੰਗੀਦਾਸ ਸ਼ਹਿਰੀ, 15 ਮੈਂਬਰ ਅਵਤਾਰ ਇੰਸਾਂ , 15 ਮੈਂਬਰ ਗਗਨ ਇੰਸਾਂ , 15 ਮੈਂਬਰ ਰਾਮੇਸ਼ ਇੰਸਾਂ , 15 ਮੈਂਬਰ ਸਹਿਯੋਗੀ ਸਤਨਾਮ ਇੰਸਾਂ, ਸੁਜਾਨ ਭੈਣਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਸੇਵਾਦਾਰ ਮੌਜੂਦ ਸਨ। ਇਸ ਮੌਕੇ ਬੇਨਤੀ ਅਰਦਾਸ ਬੋਲਣ ਤੋਂ ਬਾਅਦ ‘ਸਰੀਰਦਾਨੀ ਮਹਾਂਵੀਰ ਇੰਸਾਂ ਅਮਰ ਰਹੇ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ।

ਇਸ ਮੌਕੇ ਐਸਐਚਓ ਸਿਟੀ ਸੁਖਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ।‌ ਉਨ੍ਹਾਂ ਕਿਹਾ ਕਿ ਇਹ ਇਨਸਾਨੀਅਤ ਅਤੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਉਨ੍ਹਾਂ ਕਿਹਾ ਕਿ ਸਰੀਰਦਾਨ ਮੈਡੀਕਲ ਕਾਲਜਾਂ ਵਿੱਚ ਪੜ੍ਹ ਰਹੇ ਡਾਕਟਰਾਂ ਲਈ ਰਿਸਰਚ ਵਿੱਚ ਮੱਦਦ ਕਰਨ ਦਾ ਕੰਮ ਕਰਦੇ ਹਨ ਅਤੇ ਇਹ ਸਮਾਜ ਭਲਾਈ ਲਈ ਇਕ ਉੱਤਮ ਕਦਮ ਹੈ । ਉਨ੍ਹਾਂ ਇਸ ਨਵੇਕਲੇ ਅਤੇ ਮਹਾਨ ਉਪਰਾਲੇ ਲਈ ਡੇਰਾ ਸੱਚਾ ਸੌਦਾ ਦੀ‌ ਸੰਸਥਾ ਅਤੇ ਪਰਿਵਾਰ ਦੀ‌ ਸ਼ਲਾਘਾ ਕੀਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ