Breaking News : ਮਮਤਾ ਬੈਨਰਜੀ ਕੈਬਨਿਟ ਮੰਤਰੀ Partha Chatterjee ਗ੍ਰਿਫ਼ਤਾਰ

ਮਮਤਾ ਬੈਨਰਜੀ ਕੈਬਨਿਟ ਮੰਤਰੀ Partha Chatterjee ਗ੍ਰਿਫ਼ਤਾਰ

ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੇ ਸੀਨੀਅਰ ਮੰਤਰੀ ਅਤੇ ਤਿ੍ਰਣਮੂਲ ਕਾਂਗਰਸ ਦੇ ਸੀਨੀਅਰ ਆਗੂ ਪਾਰਥਾ ਚੈਟਰਜੀ ਦੇ ਸਕੂਲ ਸੇਵਾ ਕਮਿਸ਼ਨ (ਐਸਐਸਸੀ) ਅਤੇ ਪੱਛਮੀ ਬੰਗਾਲ ਬੋਰਡ ਆਫ਼ ਪ੍ਰਾਇਮਰੀ ਐਜੂਕੇਸ਼ਨ ਬੋਰਡ ਭਰਤੀ ਘੁਟਾਲੇ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਜਾਰੀ ਰੱਖੀ। ਸੂਤਰਾਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਨਕਟਲਾ ਖੇਤਰ ਵਿੱਚ ਵਣਜ ਅਤੇ ਉਦਯੋਗ ਮੰਤਰੀ ਦੀ ਰਿਹਾਇਸ਼ ’ਤੇ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਏ ਛਾਪੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਜਾਰੀ ਹਨ। ਈਡੀ ਨੇ ਸ਼ੁੱਕਰਵਾਰ ਰਾਤ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਰਿਹਾਇਸ਼ੀ ਅਹਾਤੇ ਤੋਂ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਹ ਰਕਮ ਐਸਐਸਸੀ ਘੁਟਾਲੇ ਨਾਲ ਜੁੜੀ ਹੋਣ ਦਾ ਸ਼ੱਕ ਹੈ।

ਅਧਿਕਾਰੀ ਚੈਟਰਜੀ ਦੇ ਘਰ ਦੀ ਤਲਾਸ਼ੀ ਲਈ

ਰਾਜ ਦੇ ਸਿੱਖਿਆ ਮੰਤਰੀ ਵਜੋਂ ਚੈਟਰਜੀ ਦੇ ਕਾਰਜਕਾਲ ਦੌਰਾਨ ਗੈਰ-ਅਧਿਆਪਨ ਅਤੇ ਅਧਿਆਪਨ ਸਟਾਫ ਦੀਆਂ ‘ਗੈਰ-ਕਾਨੂੰਨੀ ਨਿਯੁਕਤੀਆਂ’ ਨਾਲ ਸਬੰਧਤ ਘੁਟਾਲੇ ਵਿੱਚ ਹਵਾਲਾ ਕਾਰੋਬਾਰ ਦੀ ਜਾਂਚ ਕਰ ਰਹੇ ਈਡੀ ਦੇ ਘੱਟੋ-ਘੱਟ ਨੌਂ ਅਧਿਕਾਰੀ ਚੈਟਰਜੀ ਦੇ ਘਰ ਦੀ ਤਲਾਸ਼ੀ ਲੈ ਰਹੇ ਹਨ। ਈਡੀ ਨੇ ਉੱਤਰੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਮੇਖਲੀਗੰਜ ਵਿੱਚ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਦੇ ਘਰ ਦੀ ਤਲਾਸ਼ੀ ਮੁਹਿੰਮ ਵੀ ਚਲਾਈ। ਇਸ ਤੋਂ ਇਲਾਵਾ, ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਵਿਧਾਇਕ ਮਾਨਿਕ ਭੱਟਾਚਾਰੀਆ, ਪੱਛਮੀ ਬੰਗਾਲ ਬੋਰਡ ਆਫ ਪ੍ਰਾਇਮਰੀ ਐਜੂਕੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਕਈ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੇ ਘਰਾਂ ’ਤੇ ਵੀ ਘੁਟਾਲੇ ਨਾਲ ਕਥਿਤ ਸਬੰਧਾਂ ਲਈ ਛਾਪੇ ਮਾਰੇ ਗਏ।

ਈਡੀ ਅਨੁਸਾਰ ਅਰਪਿਤਾ ਮੁਖਰਜੀ ਕੋਲੋਂ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਕਰਨ ਤੋਂ ਇਲਾਵਾ 20 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਮਕਸਦ ਅਤੇ ਵਰਤੋਂ ਦਾ ਪਤਾ ਲਗਾਇਆ ਜਾ ਰਿਹਾ ਹੈ। ਈਡੀ ਨੇ ਮੀਡੀਆ ਨੂੰ ਦੱਸਿਆ, ‘‘ਸਰਚ ਟੀਮ ਕੈਸ਼ ਕਾਊਂਟਿੰਗ ਮਸ਼ੀਨ ਰਾਹੀਂ ਬਰਾਮਦ ਹੋਏ ਪੈਸੇ ਦੀ ਗਿਣਤੀ ਕਰਨ ਲਈ ਬੈਂਕ ਅਧਿਕਾਰੀਆਂ ਦੀ ਮਦਦ ਲੈ ਰਹੀ ਹੈ। ਈਡੀ ਨੇ ਕਿਹਾ, ‘ਇਸ ਤੋਂ ਇਲਾਵਾ, ਘੁਟਾਲੇ ਨਾਲ ਜੁੜੇ ਵਿਅਕਤੀਆਂ ਦੇ ਵੱਖ-ਵੱਖ ਸਥਾਨਾਂ ਤੋਂ ਕਈ ਹੋਰ ਅਪਰਾਧਕ ਦਸਤਾਵੇਜ਼, ਰਿਕਾਰਡ, ਸ਼ੱਕੀ ਕੰਪਨੀਆਂ ਦੇ ਵੇਰਵੇ, ਇਲੈਕਟ੍ਰਾਨਿਕ ਉਪਕਰਣ, ਵਿਦੇਸ਼ੀ ਕਰੰਸੀ ਅਤੇ ਸੋਨਾ ਵੀ ਬਰਾਮਦ ਕੀਤਾ ਗਿਆ ਹੈ’।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਨੇ ਅਪ੍ਰੈਲ ’ਚ ਕਈ ਰਿੱਟ ਪਟੀਸ਼ਨਾਂ ’ਤੇ ਸੁਣਵਾਈ ਕਰਦੇ ਹੋਏ ਗਰੁੱਪ ‘ਸੀ’ ਅਤੇ ‘ਡੀ’ ਦੇ ਕਰਮਚਾਰੀਆਂ, ਨੌਵੀਂ-ਬਾਰ੍ਹਵੀਂ ਜਮਾਤ ਦੇ ਸਹਾਇਕ ਅਧਿਆਪਕਾਂ ਅਤੇ ਪ੍ਰਾਇਮਰੀ ਅਧਿਆਪਕਾਂ ਦੇ ਭਰਤੀ ਘੁਟਾਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ। ਈਡੀ ਨੇ ਕਿਹਾ, ‘‘ਈਡੀ ਮਨੀ ਲਾਂਡਰਿੰਗ ਰੋਕੂ ਕਾਨੂੰਨ, 2002 ਦੇ ਤਹਿਤ ਗੈਰ-ਅਧਿਆਪਨ ਸਟਾਫ (ਗਰੁੱਪ ਸੀ ਐਂਡ ਡੀ), ਕਲਾਸ ਏ-ਏਏ ਦੇ ਸਹਾਇਕ ਅਧਿਆਪਕਾਂ ਅਤੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਗੈਰ-ਕਾਨੂੰਨੀ ਨਿਯੁਕਤੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰ ਰਹੀ ਹੈ’’। ਇਸ ਤੋਂ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚੈਟਰਜੀ ਅਤੇ ਅਧਿਕਾਰੀ ਤੋਂ ਪੁੱਛਗਿੱਛ ਕੀਤੀ ਸੀ। ਹਾਈਕੋਰਟ ਦੇ ਹੁਕਮਾਂ ਅਨੁਸਾਰ ਅਧਿਕਾਰੀ ਦੀ ਬੇਟੀ ਨੂੰ ਮੈਰਿਟ ਸੂਚੀ ਨੂੰ ਅਣਗੌਲਿਆਂ ਕਰਕੇ ਨੌਕਰੀ ਦਿਵਾਉਣ ਦੇ ਦੋਸ਼ ਹੇਠ ਸਕੂਲ ਅਧਿਆਪਕ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਨਾਲ ਹੀ, ਉਸਨੂੰ ਉਸਦੀ ਨੌਕਰੀ ਤੋਂ ਉਸਦੀ ਪੂਰੀ ਤਨਖਾਹ ਵਾਪਸ ਕਰਨ ਲਈ ਕਿਹਾ ਗਿਆ ਅਤੇ ਸਕੂਲ ਦੇ ਅਹਾਤੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ