ਪੁਲਿਸ ਨੇ ਮਾਂ ਦੇ ਬਿਆਨਾਂ ’ਤੇ ਵੱਡੇ ਪੁੱਤਰ ਸਣੇ ਉਸਦੇ ਦੋ ਸਾਥੀਆਂ ਖਿਲਾਫ ਕੀਤਾ ਹੱਤਿਆ ਦਾ ਮਾਮਲਾ ਦਰਜ
(ਸੁਨੀਲ ਚਾਵਲਾ) ਸਮਾਣਾ। ਨਜਦੀਕੀ ਪਿੰਡ ਚੌਂਹਠ ਵਿਖੇ ਰਿਸਤਿਆਂ ਨੂੰ ਤਾਰ-ਤਾਰ ਕਰਦਿਆਂ ਸਕੇ ਭਰਾ ਵੱਲੋਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਛੋਟੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਮ੍ਰਿਤਕ ਦੇ ਵੱਡੇ ਭਰਾ ਸਣੇ ਉਸਦੇ 2 ਸਾਥੀਆਂ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। (Crime)
ਸਦਰ ਥਾਣਾ ਮੁੱਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਲਾਲ ਸਿੰਘ ਉਰਫ ਲਾਲਾ ਵਾਸੀ ਪਿੰਡ ਚੌਂਹਠ ਦੀ ਮਾਤਾ ਸੁਰਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਚੌਂਹਠ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ 18 ਜੁਲਾਈ ਨੂੰ ਉਸ ਦਾ ਵੱਡਾ ਪੁੱਤਰ ਪਰਮਜੀਤ ਸਿੰਘ ਉਰਫ ਗੋਪਾ ਆਪਣੇ 2 ਸਾਥੀਆਂ ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਅਤੇ ਹਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਚੁਪਕੀ ਨਾਲ ਕਾਰ ਵਿੱਚ ਸਵਾਰ ਹੋ ਕੇ ਘਰ ਆਏ ਤੇ ਗੁਰਲਾਲ ਸਿੰਘ ਨੂੰ ਨਹਿਰ ਵਿੱਚ ਨਹਾਉਣ ਤੇ ਖਾਣ-ਪੀਣ ਦੀ ਗੱਲ ਕਹਿ ਕੇ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਲੈ ਗਏ,ਜੋ ਦੇਰ ਰਾਤ ਤੱਕ ਵੀ ਘਰ ਵਾਪਿਸ ਨਹੀਂ ਪਰਤੇ। (Crime)
ਉਸਨੇ ਦੱਸਿਆ ਕਿ ਅਗਲੀ ਤੜਕ ਸਵੇਰੇ ਉਸਦਾ ਵੱਡਾ ਲੜਕਾ ਪਰਮਜੀਤ ਸਿੰਘ ਇੱਕਲਾ ਹੀ ਘਰ ਵਾਪਿਸ ਆ ਗਿਆ ਤੇ ਗੁਰਲਾਲ ਬਾਰੇ ਪੁੱਛਣ ’ਤੇ ਉਹ ਟਾਲ-ਮਟੋਲ ਕਰਦਾ ਰਿਹਾ ਪਰ ਕੁੱਝ ਨਹੀਂ ਦੱਸਿਆ। 19 ਜੁਲਾਈ ਦੀ ਰਾਤ ਨੂੰ ਉਸਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਦੀ ਲਾਸ਼ ਸਮਾਣਾ-ਪਟਿਆਲਾ ਸੜਕ ’ਤੇ ਪ੍ਰੀਮੀਅਰ ਸਕੂਲ ਦੇ ਨਜਦੀਕ ਤੋਂ ਮਿਲੀ ਹੈ, ਜਿਸ ਨੂੰ ਅਣਪਛਾਤੀ ਹੋਣ ਕਾਰਨ ਪੁਲਿਸ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਜਦੋਂ ਉਹਨਾਂ ਸਿਵਲ ਹਸਤਪਾਲ ਹਸਪਤਾਲ ਪਹੁੰਚ ਕੇ ਦੇਖਿਆ ਤਾਂ ਉਹ ਲਾਸ ਉਸਦੇ ਪੁੱਤਰ ਗੁਰਲਾਲ ਦੀ ਸੀ।
ਮ੍ਰਿਤਕ ਦੇ ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ
ਉਸਨੇ ਦੱਸਿਆ ਕਿ ਉਸ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ । ਸੁਰਜੀਤ ਕੌਰ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸਦੇ ਪੁੱਤਰ ਗੁਰਲਾਲ ਸਿੰਘ ਨੂੰ ਉਸਦੇ ਵੱਡੇ ਪੁੱਤਰ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਹਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਨਾਲ ਮਿਲ ਕੇ ਜਾਨੋ ਮਾਰਿਆ ਹੈ ਤੇ ਕੋਈ ਵਾਹਨ ਉਸਦੇ ਉਪਰੋਂ ਲੰਘਾ ਕੇ ਐਕਸੀਡੈਂਟ ਕੇਸ ਦਿਖਾਉਣ ਦਾ ਯਤਨ ਕਰ ਰਹੇ ਹਨ। ਪੁਲਿਸ ਨੇ ਮ੍ਰਿਤਕ ਦੀ ਮਾਂ ਸੁਰਜੀਤ ਕੋਰ ਦੇ ਬਿਆਨਾਂ ’ਤੇ ਵੱਡੇ ਪੁੱਤਰ ਸਮੇਤ ਉਸ ਦੇ ਸਾਥੀਆਂ ’ਤੇ ਧਾਰਾ 302,34 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ