ਤਰੱਕੀ, ਖੁਸ਼ਹਾਲੀ ਤੇ ਉੱਚਾਈ ਨੂੰ ਮਜ਼ਬੂਤ ਪਕੜ ਦਿੰਦੀਆਂ ਜੜ੍ਹਾਂ
ਜੜ੍ਹਾਂ ਸਿਰਫ ਸਿੰਝਦੀਆਂ ਹੀ ਨਹੀਂ, ਸਾਂਭਦੀਆਂ ਵੀ ਹਨ ਰੁੱਖਾਂ ਨੂੰ ਅਡੋਲ ਤੇ ਸਿੱਧਾ ਖੜ੍ਹਾ ਰੱਖਣਾ ਇਨ੍ਹਾਂ ਦਾ ਗੁਣ ਹੈ । ਉੱਚੀਆਂ ਸਿਖਰਾਂ ਤੇ ਅਸਮਾਨੀ ਟੀਸੀਆਂ ਨੂੰ ਛੂਹਣਾ ਵੀ ਕਠੋਰ ਤੇ ਤੰਦਰੁਸਤ ਜੜ੍ਹਾਂ ਸਦਕਾ ਹੀ ਸੰਭਵ ਹੈ ਮੀਂਹ, ਝੱਖੜ, ਤੂਫਾਨ ਤੇ ਵਾਅ-ਵਰੋਲੇ ਇਨ੍ਹਾਂ ਦੀ ਮਜ਼ਬੂਤੀ ਨੂੰ ਪਰਖਦੇ ਹਨ ਇਹ ਜਿੰਨੀਆਂ ਵੱਧ ਡੂੰਘੀਆਂ ਮਿੱਟੀ ਵਿੱਚ ਧਸੀਆਂ ਹੋਣਗੀਆਂ ਪਕੜ ਓਨੀ ਮਜ਼ਬੂਤ ਤੇ ਚਿਰਸਥਾਈ ਹੋਵੇਗੀ ਤੇਜ ਹਵਾਵਾਂ ਤੇ ਹਨ੍ਹੇਰੀਆਂ ਵਿੱਚ ਕਿਸੇ ਰੁੱਖ ਦਾ ਲੜਖੜਾਉਣਾ ਜਾਂ ਡਿੱਗਣਾ ਇਸਦੀਆਂ ਖੋਖਲੀਆਂ ਹੋ ਚੁੱਕੀਆਂ ਜੜ੍ਹਾਂ ਦਾ ਹੀ ਨਤੀਜਾ ਹੁੰਦਾ ਹੈ ਜਕੜ ਬਣਾਈ ਰੱਖਣ ਲਈ ਇਨ੍ਹਾਂ ਨੂੰ ਮਿੱਟੀ ਨਾਲ ਜੁੜ ਕੇ ਅੰਦਰ ਗਹਿਰਾਈ ਵਿੱਚ ਖੁੱਭੇ ਰਹਿਣਾ ਪੈਣਾ ਹੈ ਜੇਕਰ ਇਹ ਸਿਉਂਕੀਆਂ ਤੇ ਕਮਜ਼ੋਰ ਹਨ ਤਾਂ ਦਰੱਖਤ ਦਾ ਉੱਪਰਲਾ ਪਸਾਰਾ ਤੇ ਵਿਰਾਟ ਰੂਪ ਕਿਸੇ ਕਹਿਰ ਤੋਂ ਘੱਟ ਨਹੀਂ ।
ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਵਿੱਚ ਇੱਕ ਵੱਡਾ ਰੁੱਖ ਅਚਾਨਕ ਡਿੱਗ ਪਿਆ। ਛੋਟੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਤੇ ਕਈ ਜਖਮੀ ਹੋ ਗਏ ਤਕਰੀਬਨ ਸਦੀ ਪੁਰਾਣੇ ਤੇ ਕਈ ਮੀਟਰਾਂ ਦੇ ਘੇਰੇ ਵਿੱਚ ਫੈਲੇ ਇਸ ਦਰੱਖਤ ਦੀ ਛਾਂ ਹੇਠ ਬੱਚੇ ਦੁਪਹਿਰ ਦਾ ਖਾਣਾ ਖਾਂਦੇ ਤੇ ਖੇਡਦੇ ਸਨ ਸਕੂਲੀ ਸਟਾਫ ਵੀ ਇਸ ਦੇ ਮੋਹ ਤੋਂ ਅਭਿੱਜ ਨਹੀਂ ਸੀ ਸਾਰੇ ਇਸਦੇ ਵੱਡੇ ਫੈਲਾਅ, ਚੌੜੇ ਤਣੇ, ਸੰਘਣੀ ਤੇ ਠੰਢੀ ਛਾਂ ਦੇ ਮੁਰੀਦ ਸਨ ਸ਼ਾਇਦ ਕਿਸੇ ਨੇ ਵੀ ਇਸਦੀਆਂ ਖੋਖਲੀਆਂ ਤੇ ਬੇਜਾਨ ਹੋ ਚੁੱਕੀਆਂ ਜੜ੍ਹਾਂ ਵੱਲ ਧਿਆਨ ਨਹੀਂ ਦਿੱਤਾ।ਅਣਭੋਲ ਹੀਰਾਕਸੀ ਵੀ ਇਸ ਸੱਚ ਤੋਂ ਅਣਜਾਣ ਹੋਣ ਸਦਕਾ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ।
ਘਰ ਦੀ ਲਾਡਲੀ ਦਾ ਇਸ ਤਰ੍ਹਾਂ ਜਹਾਨੋਂ ਕੂਚ ਕਰਨਾ ਮਾਪਿਆਂ ਲਈ ਗਹਿਰਾ ਸਦਮਾ ਹੈ । ਇਹ ਤ੍ਰਾਸਦੀ ਹੀ ਹੈ ਕਿ ਰਖਵਾਲਿਆਂ ਨੂੰ ਕਿਸੇ ਦੀ ਬਲੀ ਬਾਅਦ ਜੜ੍ਹਾਂ ਦੀ ਅਹਿਮੀਅਤ ਪਤਾ ਚੱਲੀ ਹੈ। ਪੂਰੇ ਪੰਜਾਬ ਦੇ ਸਕੂਲਾਂ ਤੋਂ ਹੁਣ ਕਮਜੋਰ ਜੜ੍ਹਾਂ ਵਾਲੇ, ਸਿਉਂਕੇ, ਸੁੱਕੇ ਤੇ ਉਮਰਾਂ ਹੰਢਾਂ ਚੁੱਕੇ ਪੌਦਿਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਨਿੱਕੀ ਜਿੰਦ ਤਾਂ ਵਾਪਸ ਨਹੀਂ ਪਰਤੇਗੀ ਪਰ ਭਰੋਸਾ ਹੈ ਕਿ ਭਵਿੱਖ ਵਿੱਚ ਹੋਰ ਮਾਸੂਮਾਂ ਦਾ ਅਜਿਹੇ ਕਹਿਰ ਤੋਂ ਬਚਾਅ ਹੋਵੇਗਾ । ਸਰਕਾਰੀ ਸ਼ੁਰੂਆਤ ਚੰਗੀ ਹੈ ਪਰ ਇਸ ਦੀ ਕੀਮਤ ਬਹੁਤ ਭਾਰੀ ਚੁਕਾਉਣੀ ਪਈ ਹੈ।
ਕਿਉਂ ਬੇਜਾਨ ਜੜ੍ਹਾਂ ਤੋਂ ਅਣਜਾਣ ਹੈ ਤੂੰ?
ਲੈ ਖਬਰ ਕਿਉਂ ਖੁਦ ਤੋਂ ਹੀ ਪਰੇਸ਼ਾਨ ਹੈ ਤੂੰ?
ਇਹ ਮਹਿਲ ਮੁਨਾਰੇ ਤੇ ਬਾਗ-ਬਗੀਚੇ ਸਭ ਮਿੱਟੀ ਨੇ,
ਕਿਉਂ ਇਸ ਸੱਚ ਤੋਂ ਬੇਧਿਆਨ ਹੈ ਤੂੰ?
ਅਜੋਕੇ ਸਮਾਜ ਦੀਆਂ ਸਮਾਜਿਕ, ਧਾਰਮਿਕ , ਵਿਹਾਰਕ ਤੇ ਸੱਭਿਆਚਾਰਕ ਜੜ੍ਹਾਂ ਨੂੰ ਵੀ ਘੁਣ ਲੱਗ ਚੁੱਕਾ ਹੈ ਬੁਨਿਆਦੀ ਕਦਰਾਂ-ਕੀਮਤਾਂ ਤੋਂ ਮੁਨਕਰ ਹੁੰਦਿਆਂ ਮਨੁੱਖ ਨੇ ਆਪਣੇ ਪੁਰਾਣੇ ਅਮੀਰ ਸੱਭਿਆਚਾਰ ਤੇ ਆਦਰਸ਼ ਰਹਿਣ-ਸਹਿਣ ਤੋਂ ਪਾਸਾ ਵੱਟ ਲਿਆ ਹੈ ਇਹ ਆਪਣੀਆਂ ਸਮਾਜਿਕ ਜੜ੍ਹਾਂ ਦੀ ਪਕੜ ਤੇ ਕਠੋਰਤਾ ਨੂੰ ਸਮਝੇ ਬਗੈਰ ਪੈਰ ਪਸਾਰ ਰਿਹਾ ਹੈ
ਜਿਸ ਰਫਤਾਰ ਨਾਲ ਇਹ ਅੱਗੇ ਵਧ ਰਿਹਾ ਹੈ ਉਸੇ ਤੇਜੀ ਨਾਲ ਹੀ ਪਿਛੋਕੜ ਵਿਸਾਰ ਰਿਹਾ ਹੈ । ਵਿਗਿਆਨਕ ਯੁੱਗ ਸਦਕਾ ਪੂਰੇ ਸੰਸਾਰ ਨੂੰ ਨੇੜੇ ਕਰਨ ਵਾਲਾ ਆਦਮੀ ਖੁਦ ਤੋਂ ਦੂਰ ਹੋ ਗਿਆ ਹੈ ।
ਭਰੇ ਪਰਿਵਾਰਾਂ ਦੇ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਵਸੇਬਾ, ਟੁੱਟਦੇ ਤੇ ਸੀਮਤ ਹੁੰਦੇ ਘਰ, ਕਰਜ਼ਿਆਂ ਦੇ ਬੋਝ ਕਾਰਨ ਘਰਾਂ ਦੇ ਪੱਖਿਆਂ ਤੇ ਦਰੱਖਤਾਂ ਦੇ ਟਾਹਣਿਆਂ ਨਾਲ ਲਟਕਦੀਆਂ ਲਾਸ਼ਾਂ, ਮਾਨਸਿਕ ਰੋਗਾਂ ਦੇ ਹਸਪਤਾਲਾਂ ’ਚ ਲੰਬੀਆਂ ਲਾਈਨਾਂ, ਔਰਤਾਂ ਦਾ ਵਧ ਰਿਹਾ ਜਿਸਮੀ ਸ਼ੋਸ਼ਣ, ਵਿਆਹਾਂ ਦੇ ਤੁਰੰਤ ਬਾਅਦ ਹੋਣ ਵਾਲੇ ਤਲਾਕਾਂ ਦੇ ਮਾਮਲੇ, ਨੌਜਵਾਨਾਂ ਦੀ ਨਸ਼ਿਆਂ ਵਿੱਚ ਜਕੜਨ, ਵਾਤਾਵਰਣ ਦੀ ਮਲੀਨਤਾ, ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਲੁੱਟ, ਸਿਮਟ ਚੁੱਕੀਆਂ ਸੱਥਾਂ ਦੀਆਂ ਰੌਣਕਾਂ, ਖਤਮ ਹੁੰਦਾ ਹਾਸਾ-ਮਖੌਲ, ਘਟਦੀ ਸਹਿਣਸ਼ੀਲਤਾ, ਰਿਸ਼ਤਿਆਂ ਦੀਆਂ ਟੁੱਟਦੀਆਂ ਤੰਦਾਂ ਆਦਿ ਉਹ ਮਸਲੇ ਹਨ ਜੋ ਇਹ ਗਵਾਹੀ ਭਰਦੇ ਹਨ ਕਿ ਅਜੋਕੇ ਸਮਾਜ ਦੀਆਂ ਜੜ੍ਹਾਂ ਕਮਜ਼ੋਰ ਤੇ ਬਰਬਾਦ ਹੋ ਚੁੱਕੀਆਂ ਹਨ
ਸ਼ਹਿਰਾਂ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਖੇਡੇ ਜਾਂਦੇ ਨੁੱਕੜ ਨਾਟਕਾਂ ਦੀ ਜਿਹੜੀ ਕਹਾਣੀ ਸਮਾਜਿਕ ਸਮੱਸਿਆਵਾਂ ਦੇ ਚਿਤਰਨ ਨੂੰ ਉਜਾਗਰ ਕਰਦੀ ਸੀ ਉਹ ਹੁਣ ਤਕਰੀਬਨ ਹਰੇਕ ਘਰ ਦੀ ਹੋਣੀ ਬਣ ਗਈ ਹੈ ਜਿਸ ਦੇ ਪਾਤਰ ਵੀ ਅਸਲੀ ਹਨ ਤੇ ਕਹਾਣੀ ਵੀ ਮਨਘੜਤ ਜਾਂ ਕਾਲਪਨਿਕ ਨਹੀਂ।
ਔਲਾਦ ਦੀ ਖੁਸ਼ੀ, ਤਰੱਕੀ ਤੇ ਖੁਸ਼ਹਾਲੀ ਲਈ ਸਭ ਕੁੱਝ ਕੁਰਬਾਨ ਕਰ ਚੁੱਕੇ ਮਾਪੇ ਬਦਲੀ ਫਿਜ਼ਾ ਤੋਂ ਤਕਲੀਫ ਹੰਢਾ ਰਹੇ ਹਨ । ਮੱਥੇ ਦੀਆਂ ਝੁਰੜੀਆਂ, ਅੱਖਾਂ ਹੇਠਲੇ ਡੂੰਘੇ ਟੋਏ, ਪੈਰਾਂ ਤੇ ਹੱਥਾਂ ਦੀਆਂ ਉਂਗਲੀਆਂ ਦੇ ਘਸੇ ਹੋਏ ਪੋਟੇ , ਚਿਹਰੇ ਦਾ ਲਟਕਦਾ ਮਾਸ, ਕਮਜੋਰ ਪਈ ਨਜ਼ਰ ਤੇ ਕੰਬਦੇ ਹੱਥਾਂ ’ਚ ਫੜੀ ਸੋਟੀ ਉਨ੍ਹਾਂ ਦੇ ਜ਼ਿੰਦਗੀ ਵਿਚਲੇ ਸੰਘਰਸ਼ ਦੀ ਗਾਥਾ ਦੱਸਦੀ ਹੈ
ਪਰ ਅਜੋਕੀ ਪੀੜ੍ਹੀ ਇਨ੍ਹਾਂ ਸੂਖਮ ਅਹਿਸਾਸਾਂ ਤੋਂ ਪੂਰਨ ਤੌਰ ’ਤੇ ਕੋਰੀ ਹੈ। ਨਿੱਜਤਾ ਇਸ ਕਦਰ ਦਿਮਾਗ ਉੱਪਰ ਭਾਰੀ ਪੈ ਰਹੀ ਕਿ ਸਮਾਜਿਕ ਤੇ ਖੂਨੀ ਰਿਸ਼ਤਿਆਂ ਦਾ ਕਤਲ ਕੀਤਾ ਜਾ ਰਿਹਾ ਹੈ ਗੰਭੀਰ ਬਿਮਾਰੀਆਂ ਨਾਲ ਜੂਝਦਾ ਬੁਢਾਪਾ ਆਪਣੇ ਬੱਚਿਆਂ ਦੇ ਵਿਦੇਸ਼ਾਂ ਤੋਂ ਪਰਤਣ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਪਤਾ ਨਹੀਂ ਕਿਉਂ ਇਹ ਹਵਾਈ ਉਡਾਣਾਂ ਹਰ ਵਾਰ ਰੱਦ ਹੋ ਜਾਂਦੀਆਂ ਹਨ ਤੇ ਉਡੀਕ ਵਿੱਚ ਪਿੰਜਰ ਬਣੇ ਮਾਂ-ਪਿਉ ਦੀਆਂ ਅੰਤਿਮ ਰਸਮਾਂ ਰਿਸ਼ਤੇਦਾਰ, ਗੁਆਂਢੀ ਜਾਂ ਸਮਾਜ-ਸੇਵੀ ਕਰ ਰਹੇ ਹਨ।
ਮੇਰੇ ਇੱਕ ਸਹਿਕਰਮੀ ਨੇ ਪਿਛਲੇ ਹਫਤੇ ਪੁਰਾਣੇ ਪੰਜਾਬ ਦੀ ਰੰਗਲੀ ਤਸਵੀਰ ਸਾਂਝੀ ਕਰਦਿਆਂ ਲੰਘੇ ਵੇਲੇ ਦੇ ਮੁੜ ਪਰਤਣ ਦੀ ਕਾਮਨਾ ਕੀਤੀ । ਉਸ ਨੇ ਨਵੇਂ ਜੀਵਨ ਦੀ ਭੱਜ-ਦੌੜ ਵਿੱਚ ਉਲਝੇ ਲੋਕਾਂ ਦੇ ਭਾਈਚਾਰਕ ਸਾਂਝ ਤੋਂ ਕਿਨਾਰਾ ਕਰਨ ਦੀ ਵੇਦਨਾ ਨੂੰ ਵੀ ਪ੍ਰਗਟ ਕੀਤਾ ਮੰਨਣਾ ਸੀ ਕਿ ਪੰਜਾਬੀਆਂ ਨੇ ਭਾਵੇਂ ਸਬਾਤਾਂ ਤੇ ਸਾਈਕਲਾਂ ਤੋਂ ਕਾਰਾਂ ਤੇ ਕੋਠੀਆਂ ਦਾ ਔਖਾ ਪੈਂਡਾ ਤੈਅ ਕਰ ਲਿਆ ਹੈ ਪਰ ਇਸ ਸਫਰ ਨੇ ਆਪਸੀ ਸਾਂਝ, ਪਿਆਰ ਤੇ ਅਪਣੱਤ ਦੀ ਬਲੀ ਲੈ ਲਈ ਹੈ। ਗੱਡੀਆਂ ਤੇ ਬੰਗਲੇ ਜਿੰਨੇ ਵੱਡੇ ਹੋ ਗਏ ਹਨ, ਦਿਲ ਤੇ ਜਿਗਰਾ ਓਨਾ ਹੀ ਸੁੰਗੜ ਗਿਆ ਹੈ ਪਿੰਡਾਂ ਸ਼ਹਿਰਾਂ ਦੀ ਸੋਚ ਹੀ ਨਹੀਂ ਸੁਆਦ ਵੀ ਬਦਲ ਗਿਆ ਹੈ।
ਇਹ ਮੱਠੀਆਂ-ਗੁਲਗਲਿਆਂ ਨਾਲੋਂ ਪੀਜੇ-ਬਰਗਰਾਂ ਦੇ, ਬੇਬੇ ਦੀਆਂ ਹੱਥੀ ਵੱਟੀਆਂ ਸੇਵੀਆਂ ਨਾਲੋਂ ਨੂਡਲਾਂ ਦੇ, ਹਰ ਵੀਰਵਾਰ ਪੱਕਦੇ ਰੋਟਾਂ ਨਾਲੋਂ ਕੇਕਾਂ ਦੇ, ਸਰੋ੍ਹਂ ਦੇ ਸਾਗ ਤੇ ਮੱਕੀ ਦੀ ਰੋਟੀ ਨਾਲੋਂ ਚੀਨੀ ਪਕਵਾਨਾਂ ਦੇ ਅਤੇ ਦੁੱਧ, ਦਹੀਂ, ਮੱਖਣ ਨਾਲੋਂ ਘਾਤਕ ਤੇ ਜਾਨਲੇਵਾ ਚਿੱਟੇ ਦੇ ਸ਼ੌਕੀਨ ਹੋ ਗਏ ਹਨ ਅੱਸੀਵਿਆਂ ਦੇ ਜੰਮਿਆਂ ਨੂੰ ਸਾਉਣ ਮਹੀਨੇ ਲੱਗਦੀਆਂ ਤੀਆਂ ਦੀਆਂ ਰੌਣਕਾਂ, ਸੁਬ੍ਹਾ-ਸਵੇਰੇ ਚਾਟੀ ਵਿੱਚ ਘੁੰਮਦੀਆਂ ਮਧਾਣੀਆਂ ਦੀਆਂ ਅਵਾਜਾਂ, ਤਿ੍ਰੰਞਣਾਂ ਵਿੱਚਲੇ ਹਾਸਿਆਂ ਤੇ ਚਰਖਿਆਂ ਦੀਆਂ ਗੂੰਜਾਂ ਪੂਰਨ ਤੌਰ ’ਤੇ ਗਾਇਬ ਹੋ ਜਾਣ ਦਾ ਮਲਾਲ ਹੱਦੋਂ ਬੇਹੱਦ ਹੈ ਨਵੇਂ ਬੱਚਿਆਂ ਲਈ ਇਹ ਵਰਤਾਰਾ ਕਿਸੇ ਅਜੂਬੇ ਤੋਂ ਘੱਟ ਨਹੀਂ।
ਅਜਾਇਬ ਘਰਾਂ ਦਾ ਸ਼ਿੰਗਾਰ ਬਣੇ ਤੱਕਲੇ, ਗੱਡੇ, ਬੋਅਟੇ, ਤੁੰਗਲ, ਅੱਟਣ, ਥੱਪਣਾ, ਕਾੜ੍ਹਣੀ, ਨੇਹੀ, ਨੇਤਰਾ, ਚਾਟੀ, ਪੰਜਾਲੀ ਆਦਿ ਖਤਮ ਹੋ ਚੁੱਕੇ ਅਨਮੋਲ ਵਿਰਸੇ ਦੀ ਪੀੜਾ ਦਾ ਅਹਿਸਾਸ ਹਨ।
ਇਹ ਅਸਲ ਸੱਚਾਈ ਵੀ ਬਿਆਨ ਕਰਦੇ ਹਨ ਕਿ ਮਸ਼ੀਨੀ ਯੁੱਗ ਦੀ ਤੇਜ ਗਤੀ ਨੇ ਸਾਡੀਆਂ ਜੜ੍ਹਾਂ ਨੂੰ ਕਿਸ ਕਦਰ ਪੁੱਟ ਕੇ ਮਧੋਲ ਸੁੱਟਿਆ ਹੈ। ਟਾਵੇਂ ਲੋਕ ਹੀ ਹਨ ਜੋ ਹਾਲੇ ਵੀ ਪੁਰਾਣੀਆਂ ਪਿਰਤਾਂ ਨੂੰ ਸੰਭਾਲੀ ਬੈਠੇ ਹਨ ਪਰ ਪੰਜਾਬੀ ਸੱਭਿਅਤਾ ਦੀਆਂ ਇਹ ਸਿਉਂਕੀਆਂ ਜੜ੍ਹਾਂ ਫਿਰ ਹਰੀਆਂ ਹੋਣਗੀਆਂ ਇਹ ਪਹਿਲੀ ਨਜ਼ਰੇ ਸੱਚਾਈ ਤੋਂ ਕੋਹਾਂ ਦੂਰ ਤੇ ਅਸੰਭਵ ਪ੍ਰਤੀਤ ਹੁੰਦਾ ਹੈ ।
ਸੁਲਗਦੇ ਅਹਿਸਾਸਾਂ ਨੂੰ
ਦੱਬੇ ਹੋਏ ਜ਼ਜ਼ਬਾਤਾਂ ਨੂੰ
ਮਨ ਅੰਦਰ ਵੈਰਾਗਾਂ ਨੂੰ
ਵੇਲੇ ਦੇ ਪਰਤਣ ਦੀ ਆਸ ’ਚ, ਜੋ ਉੱਠਦੇ ਨੇ,
ਕਿੰਝ ਰੋਕਾਂ ਓਨਾਂ ਖਿਆਲਾਂ ਨੂੰ।
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਕੇ. ਮਨੀਵਿਨਰ,
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ