ਬਠਿੰਡਾ ਦਾ ਦੌਰਾ ਕਰਕੇ ਗਏ ਮੰਤਰੀ ਹਰਦੀਪ ਪੁਰੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
- ਨਿਤਿਨ ਗਡਕਰੀ ਨੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਦਿਵਾਇਆ ਵਿਸਵਾਸ਼
(ਸੁਖਜੀਤ ਮਾਨ) ਬਠਿੰਡਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਹਰਦੀਪ ਸਿੰਘ ਪੁਰੀ ਨੇ ਬੀਤੇ ਦਿਨੀਂ ਕੀਤੇ ਆਪਣੇ ਦੌਰੇ ਉਪਰੰਤ ਬਠਿੰਡਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਸੜਕੀ ਤੇ ਆਵਾਜਾਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਸ੍ਰੀ ਗਡਕਰੀ ਨੇ ਬਠਿੰਡਾ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੜਕੀ ਤੇ ਆਵਾਜਾਈ ਮੰਤਰੀ ਨੂੰ ਇਹ ਵੀ ਦੱਸਿਆ ਕਿ ਲੋਕ ਸਭਾ ਪ੍ਰਵਾਸ ਯੋਜਨਾ ਦੇ ਹਿੱਸੇ ਵਜੋਂ ਸਥਾਨਕ ਪ੍ਰਸ਼ਾਸਨ, ਸਾਰੀਆਂ ਪਾਰਟੀਆਂ ਦੇ ਜਨਤਕ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਤੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਬਰਨਾਲਾ ਬਾਈਪਾਸ ਫਲਾਈਓਵਰ ਸਬੰਧੀ ਬੇਨਤੀਆਂ ਪ੍ਰਾਪਤ ਕੀਤੀਆਂ ਸਨ ਪੁਰੀ ਨੇ ਕੇਂਦਰੀ ਮੰਤਰੀ ਗਡਕਰੀ ਨੂੰ ਇਹ ਵੀ ਦੱਸਿਆ ਕਿ ਬਰਨਾਲਾ ਬਾਈਪਾਸ ’ਤੇ ਪ੍ਰਸਤਾਵਿਤ ਓਵਰ ਬ੍ਰਿਜ ਦੇ ਡਿਜ਼ਾਈਨ ਨੂੰ ਰੇਤ ਨਾਲ ਭਰੇ ਪੁਲ ਤੋਂ ਪਿਲਰਡ ਐਲੀਵੇਟਿਡ ਬ੍ਰਿਜ ’ਚ ਤਬਦੀਲ ਕੀਤਾ ਜਾਵੇ ਤਾਂ ਜੋ ਪੁਲ ਦੇ ਹੇਠਾਂ ਜਗ੍ਹਾ ਸ਼ਹਿਰ ਦੀ ਵਰਤੋਂ ਲਈ ਉਪਲਬਧ ਕਰਵਾਈ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਮੌਜ਼ੂਦਾ ਡਿਜ਼ਾਇਨ ਦੇ ਤਹਿਤ, ਜ਼ਰੂਰੀ ਸੇਵਾਵਾਂ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਹੁੰਦੇ ਹਨ ਅਤੇ ਸ਼ਹਿਰ ਦੇ ਆਮ ਕੰਮ-ਕਾਜ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਨਿਵਾਸੀਆਂ ਲਈ 10-12 ਕਿਲੋਮੀਟਰ ਦੇ ਵਾਧੂ ਦੌਰੇ ਦਾ ਕਾਰਨ ਬਣਦੇ ਹਨ ਮੀਟਿੰਗ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਮੈਂਬਰ (ਪ੍ਰੋਜੈਕਟਸ) ਮਨੋਜ ਕੁਮਾਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ