ਉਡਦਾ ਧੂੰਆਂ

ਉਡਦਾ ਧੂੰਆਂ

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭੱਜਦਿਆਂ ਨੂੰ ਖੇਤ ਇੱਕੋ ਜਿਹੇ। ਇਹ ਕਹਾਵਤ ਪਿਛਲੇ ਦਿਨੀਂ ਸਾਡੇ ਨਾਲ ਵਾਪਰੀ ਇੱਕ ਹਸਰਸ ਘਟਨਾ ਵੇਲੇ ਮੈਨੂੰ ਸੱਚ ਲੱਗੀ ਹੋਇਆ ਇੰਝ ਕਿ ਰੋਜਾਨਾ ਵਾਂਗ ਉਸ ਦਿਨ ਵੀ ਮੈਂ ਪਿੰਡੋਂ ਬਠਿੰਡੇ ਜਾਣ ਲਈ ਸਾਡੇ ਇਲਾਕੇ ਦੀ ਸਭ ਤੋਂ ਖਟਾਰਾ ਬੱਸ ’ਤੇ ਜਾ ਸਵਾਰ ਹੋਇਆ ਉਸ ’ਤੇ ਜਾਣ ਦੇ ਕਈ ਕਾਰਨ ਨੇ ਇੱਕ ਤਾਂ ਭੀੜ ਘੱਟ ਹੁੰਦੀ ਹੈ, ਦੂਜਾ ਅਸੀਂ ਕਈ ਯਾਰ-ਦੋਸਤ ਜੋ ਅਲੱਗ ਅਲੱਗ ਜਗ੍ਹਾ ਪੜ੍ਹਦੇ ਹਾਂ ਬੱਸ ’ਚ ਇਕੱਠੇ ਹੋ ਜਾਂਦੇ ਹਾਂ ਤੇ ਤੀਜਾ ਕਾਰਨ ਸੀ ਕਿ ਪੁਰਾਣੀ ਹੋਣ ਕਰਕੇ ਬੱਸ ਅਕਸਰ ਲੇਟ ਹੋ ਜਾਂਦੀ ਸੀ, ਜਿਸ ਕਰਕੇ ਬੱਸਾਂ ਵਾਲਿਆਂ ਦਾ ਆਪਸ ’ਚ ਕੁੱਤਕਲੇਸ਼ ਹੁੰਦਾ, ਫਿਰ ਸਾਰੇ ਰਾਹ ਡਰਾਈਵਰ ਤੇ ਕੰਡਕਟਰ ਨੂੰ ਪੰਪ ਦੇਈ ਜਾਣੇ ਤੇ ਬਾਕੀਆਂ ’ਤੇ ਤੰਜ ਕਸੀ ਜਾਣੇ, ਕੁਲ ਮਿਲਾ ਕੇ ਸਾਡੇ ਹੱਸਣ ਖੇਡਣ ਤੇ ਟਾਈਮ ਪਾਸ ਲਈ ਵਧੀਆ ਬੱਸ ਹੈ ਉਹ।

ਉਸ ਦਿਨ ਵੀ ਮੈਂ ਬੱਸ ਦੇ ਵਿਚਕਾਰ ਜਿਹੇ ਬੈਠੇ ਇੱਕ ਮਿੱਤਰ ਪਿਆਰੇ ਨਾਲ ਜਾ ਬੈਠਾ, ਤਦ ਵੀ ਬੱਸ ਕੁਝ ਮਿੰਟ ਲੇਟ ਸੀ, ਇਸੇ ਕਰਕੇ ਕੰਡਕਟਰ ਸਵਾਰੀਆਂ ਛੇਤੀ ਛੇਤੀ ਚੜ੍ਹਾਉਂਦਾ ਤੇ ਉਤਾਰਦਾ। ਇੱਕ ਪਿੰਡ ਦੇ ਅੱਡੇ ’ਤੇ ਬੱਸ ਰੁਕੀ ਕੁਝ ਸਵਾਰੀਆਂ ਉਤਰੀਆਂ ਤੇ ਕਝ ਚੜ੍ਹਨ ਲੱਗੀਆਂ, ਕੰਡਕਟਰ ਨੂੰ ਇੱਕ ਬਜ਼ੁਰਗ ਮਾਤਾ ਬੱਸ ਵੱਲ ਆਉਂਦੀ ਦਿਸੀ। ਲੇਟ ਹੁੰਦਿਆਂ ਵੀ ਉਸਨੇ ਇਨਸਾਨੀਅਤ ਨਾਤੇ ਬੱਸ ਰੁਕਵਾ ਲਈ।

ਆਜਾ ਬੇਬੇ ! ਮਿੰਟ ਮਾਰ ਕਰਾਂ, ਛੇਤੀ ਹੱਥ ਪਾ ਅਸੀਂ ਤਾਂ ਅੱਜ ਪਹਿਲਾਂ ਹੀ ਬੜੇ ਲੇਟ ਹਾਂ ਕੰਡਕਟਰ ਨੇ ਉਸ ਨੂੰ ਜਲਦੀ ਆਉਣ ਲਈ ਕਿਹਾ।
ਜੈ ਵੱਢੀਦਿਆਂ ਬੁੜੀ ਨੂੰ ਮਾਰਨਾ ਕੇ, ਗੋਡੇ ਮੁੜਦੇ ਨੀ ਅਖੇ ਛੇਤੀ ਚੜ੍ਹਜਾ, ਵੇ ਭਾਈ ਮੈਨੂੰ ਬੈਠ ਜਾਣਦੀ ਕਿਤੇ ਪਹਿਲਾਂ ਹੀ ਤੋਰਕੇ ਡੇਗਦੇਂ ਬੁੜੀ ਨੂੰ, ਹੁਣ ਦੇ ਟੁੱਟੇ ਹੱਡ ਜੁੜਨੇ ਵੀ ਨਹੀਂ। ਨਾਲੇ ਜੇ ਟੈਮ ਨਾਲ ਆਇਆ ਕਰੋਂ ਤਾਂ ਕਾਹਨੂੰ ਲੇਟ ਹੋਵੋ ਤੁਸੀਂ ਬੇਬੇ ਨੇ ਸ਼ਾਇਦ ਆਪਣੀ ਆਦਤ ਅਨੁਸਾਰ ਇੱਕ ਦੀਆਂ ਦਸ ਸੁਣਾ ਦਿੱਤੀਆਂ ਸਨ ਕੰਡਕਟਰ ਵੀ ਕੰਨ ਜਿਹੇ ਝਾੜਕੇ ਟਿਕਟਾਂ ਕੱਟਣ ਲੱਗ ਪਿਆ ਸੀ। ਬੱਸ ਹਾਲੇ ਪੰਜ ਕੁ ਮਿੰਟ ਚੱਲੀ ਹੋਵੇਗੀ ਕਿ ਡਰਾਈਵਰ ਨੂੰ ਪਿੱਛੇ ਉਡਦਾ ਧੂੰਆਂ ਨਜ਼ਰ ਆਇਆ, ਸ਼ਇਦ ਬੱਸ ਗਰਮ ਹੋ ਗਈ ਸੀ। ਉਸਨੇ ਇੱਕ ਪਾਸੇ ਖੜ੍ਹਾਕੇ ਇੰਜਣ ਦਾ ਕਵਰ ਖੋਲ੍ਹਿਆ, ਕੁਝ ਉਤਸੁਕ ਸਵਾਰੀਆਂ ਉਸ ਦੇ ਆਲੇ ਦੁਆਲੇ ਜਾ ਖੜ੍ਹੀਆਂ।

ਨਾਲ ਬੈਠਾ ਦੋਸਤ ਫੋਨ ’ਤੇ ਮਸ਼ਰੂਫ ਸੀ ਤੇ ਮੈਂ ਵੀ ਆਪਣੇ ਹੀ ਖਿਆਲਾਂ ’ਚ ਖੇਤਾਂ ਦੀ ਹਰਿਆਲੀ ਵੇਖ ਰਿਹਾ ਸੀ, ਅਸੀਂ ਕੋਈ ਜਿਆਦਾ ਧਿਆਨ ਨਾ ਦਿੱਤਾ ਕਿਉਂਕਿ ਉਹ ਬੱਸ ਪਹਿਲਾਂ ਵੀ ਕਈ ਵਾਰ ਰਾਹਾਂ ਵਿੱਚ ਖਰਾਬ ਹੋ ਚੁਕੀ ਸੀ। ਅਚਾਨਕ ਇੰਜਣ ’ਚੋਂ ਇੱਕ ਅੱਗ ਵਾਂਗ ਪਾਣੀ ਦਾ ਜੋਰਦਾਰ ਫੁਹਾਰਾ ਉੱਠਿਆ। ਬਾਹਰ ਨਿਕਲੋ ਉਏ, ਬੱਸ ਨੂੰ ਅੱਗ ਪੈਗੀ ਕਿਸੇ ਬਾਹਲੇ ਹੀ ਤੱਤੇ ਬੰਦੇ ਨੇ ਬਿਨਾਂ ਸੋਚਿਆਂ ਜੋਰ ਦੀ ਅਵਾਜ਼ ਮਾਰੀ। ਸਾਰੀਆਂ ਸਵਾਰੀਆਂ ਬਾਹਰ ਵੱਲ ਭੱਜਣ ਲੱਗੀਆਂ, ਕਾਹਲੀ ਵਿੱਚ ਮੈਂ ਵੀ ਨਾਲ ਬੈਠੇ ਦੋਸਤ ਨੂੰ ਉਠਾਇਆ ਤੇ ਬਾਰੀ ਵੱਲ ਜਾਣ ਲੱਗਾ।

ਪਰ ਅੱਗ ਕਿਤੇ ਦਿਸਦੀ ਤਾਂ ਹੈਨੀ ਮੈਂ ਰੁਕ ਕੇ ਬੱਸ ’ਚ ਵੇਖਿਆ ਤੇ ਕੰਡਕਟਰ ਨੇ ਦੱਸਿਆ ਕਿ ਉਹ ਸਿਰਫ ਪਾਣੀ ਦਾ ਉਬਾਲਾ ਸੀ। ਫਿਰ ਕਿਤੇ ਜਾਕੇ ਸਾਹ ’ਚ ਸਾਹ ਪਿਆ ਤਦ ਤੱਕ ਲਗਭਗ ਪੂਰੀ ਬੱਸ ਉਤਰ ਗਈ ਸੀ। ਜੋ ਵੇਖਕੇ ਮੈਂ ਹੈਰਾਨ ਸੀ ਉਹ ਇਹ ਸੀ ਕਿ ਜਿਹੜੀ ਬੇਬੇ ਨੇ ਬੱਸ ਚੜ੍ਹਨ ਵੇਲੇ ਤਿੰਨ ਚਾਰ ਮਿੰਟ ਲਾਏ ਸੀ ਉਹੀ ਸਭ ਤੋਂ ਪਹਿਲਾਂ ਪਲਾਂ ’ਚ ਹੀ ਬੱਸ ਤੋਂ ਉਤਰ ਗਈ ਕਿਸੇ ਨੂੰ ਵੀ ਪਤਾ ਨਾ ਲੱਗਾ। ਖੈਰ ਸਭ ਵਾਂਗ ਬੇਬੇ ਨੂੰ ਵੀ ਆਪਣੀ ਜਾਨ ਪਿਆਰੀ ਸੀ।
ਸੁਖਵਿੰਦਰ ਚਹਿਲ, ਸੰਗਤ ਕਲਾਂ (ਬਠਿੰਡਾ)
ਮੋ. 85590-86235

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ