ਮਿਤਾਲੀ ਦਾ ਕਿ੍ਰਕਟ ਦਾ ਸੁਨਹਿਰਾ ਸਫ਼ਰ
ਭਾਰਤੀ ਮਹਿਲਾ ਕਿ੍ਰਕਟ ਦੀ ਮਹਾਨ ਖਿਡਾਰਨ ਮਿਤਾਲੀ ਰਾਜ ਨੇ ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਨੇ ਆਪਣੇ ਕਿ੍ਰਕਟ ਦੇ 23 ਸਾਲ ਦੇ ਕੈਰੀਅਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਸ ਨੇ ਆਪਣੇ ਖੇਡ ਕੈਰੀਅਰ ਦੌਰਾਨ ਅਨੇਕ ਰਿਕਾਰਡ ਸਥਾਪਿਤ ਕੀਤੇ ਹਨ। ਮਿਤਾਲੀ ਰਾਜ ਦਾ ਪੂਰਾ ਨਾਂਅ ਮਿਤਾਲੀ ਦੋਰਾਈ ਰਾਜ ਹੈ। ਭਾਰਤੀ ਮਹਿਲਾ ਕਿ੍ਰਕਟ ਵਿੱਚ ਉਸ ਨੂੰ ਲੇਡੀ ਸਚਿਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਮਿਤਾਲੀ ਰਾਜ ਦਾ ਜਨਮ 3 ਦਸੰਬਰ 1982 ਨੂੰ ਜੋਧਪੁਰ (ਰਾਜਸਥਾਨ) ਵਿੱਚ ਹੋਇਆ ਪਰ ਉਸ ਦਾ ਗ੍ਰਹਿ ਨਗਰ ਹੈਦਰਾਬਾਦ ਹੈ। ਉਸ ਦੀ ਮਾਂ ਲੀਲਾ ਰਾਜ ਇੱਕ ਅਧਿਕਾਰੀ ਸਨ ਜਦੋਕਿ ਪਿਤਾ ਧੀਰਜ ਰਾਜ ਦੋਰਾਈ ਹਵਾਈ ਫੌਜ ਵਿੱਚ ਅਧਿਕਾਰੀ ਸਨ, ਬਾਅਦ ਵਿੱਚ ਉਨ੍ਹਾਂ ਨੇ ਬੈਂਕ ਵਿੱਚ ਨੌਕਰੀ ਕੀਤੀ। ਮਿਤਾਲੀ ਦੇ ਮਾਤਾ-ਪਿਤਾ ਨੇ ਹੀ ਉਸ ਨੂੰ ਕਿ੍ਰਕਟਰ ਬਣਨ ਲਈ ਹੌਂਸਲਾ ਤੇ ਸਹਿਯੋਗ ਦਿੱਤਾ।
ਮਿਤਾਲੀ ਰਾਜ ਇੱਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਕਿ੍ਰਕਟਰ ਹੈ ਅਤੇ ਮਹਿਲਾ ਵਰਲਡ ਕੱਪ ਦੇ ਸਭ ਤੋਂ ਜ਼ਿਆਦਾ ਮੈਚਾਂ ਵਿੱਚ ਕਪਤਾਨੀ ਕਰਨ ਦਾ ਰਿਕਾਰਡ ਵੀ ਉਸ ਦੇ ਨਾਂਅ ਹੈ।
ਮਿਤਾਲੀ ਰਾਜ ਨੇ ਸੰਨ 1999 ਵਿੱਚ 16 ਸਾਲ ਦੀ ਉਮਰ ਵਿੱਚ ਭਾਰਤੀ ਮਹਿਲਾ ਕਿ੍ਰਕਟ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਜ਼ਲਦੀ ਹੀ ਆਪਣੀ ਬਿਹਤਰੀਨ ਖੇਡ ਕਾਰਨ ਦੁਨੀਆ ਦੀ ਵਧੀਆ ਖਿਡਾਰਨ ਬਣ ਗਈ। ਉਸ ਨੇ ਆਪਣਾ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਮੈਚ ਆਇਰਲੈਂਡ ਦੇ ਖ਼ਿਲਾਫ਼ ਖੇਡਿਆ ਜਿਸ ਵਿੱਚ ਉਸ ਨੇ ਸੈਂਕੜਾ ਲਾਇਆ ਅਤੇ ਆਪਣੇ ਕਿ੍ਰਕਟ ਜੀਵਨ ਦਾ ਆਖਰੀ ਮੈਚ ਦੱਖਣੀ ਅਫ਼ਰੀਕਾ ਖ਼ਿਲਾਫ਼ ਇਸੇ ਸਾਲ ਨਿਊਜ਼ੀਲੈਂਡ ਵਿਖੇ ਖੇਡਿਆ ਹੈ।
ਮਿਤਾਲੀ ਰਾਜ ਨੂੰ ਭਾਰਤੀ ਮਹਿਲਾ ਕਿ੍ਰਕਟ ਦੀ ਸਚਿਨ ਤੇਂਦੂਲਕਰ ਕਿਹਾ ਜਾਂਦਾ ਹੈ। ਆਪਣੇ ਕਿ੍ਰਕਟ ਜੀਵਨ ਦੌਰਾਨ ਉਸ ਨੇ ਅਨੇਕ ਰਿਕਾਰਡ ਸਥਾਪਿਤ ਕੀਤੇ ਹਨ। ਉਹ ਭਾਰਤੀ ਮਹਿਲਾ ਕਿ੍ਰਕਟ ਲਈ ਇੱਕ ਰੋਜ਼ਾ ਅਤੇ ਟੀ-20 ਮੈਚਾਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ। ਸਾਲ 2017 ਦੇ ਮਹਿਲਾ ਕਿ੍ਰਕਟ ਵਿਸ਼ਵ ਕੱਪ ਵਿੱਚ ਉਹ ਲਗਾਤਾਰ ਸੱਤ ਅਰਧ ਸੈਂਕੜੇ ਬਣਾਉਣ ਵਿੱਚ ਸਫ਼ਲ ਰਹੀ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਕਿ੍ਰਕਟਰ ਹੈ।
ਸੰਨ 2001-02 ਵਿੱਚ ਇੰਗਲੈਂਡ ਖ਼ਿਲਾਫ਼ ਆਪਣਾ ਪਹਿਲਾ ਟੈਸਟ ਮੈਚ ਖੇਡਦਿਆਂ ਮਿਤਾਲੀ ਰਾਜ ਭਾਵੇਂ ਜ਼ੀਰੋ ’ਤੇ ਹੀ ਆਊਟ ਹੋ ਗਈ ਸੀ ਪਰ ਆਪਣੀ ਮਿਹਨਤ ਦੇ ਬਲਬੂਤੇ ਉਸ ਨੇ ਟੈਸਟ ਵਿੱਚ 214 ਦੌੜਾਂ ਬਣਾ ਕੇ ਨਵਾਂ ਰਿਕਾਰਡ ਕਾਇਮ ਕੀਤਾ।
ਮਿਤਾਲੀ ਰਾਜ ਮਹਿਲਾ ਵਿਸ਼ਵ ਕੱਪ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੀ ਪੰਜਵੀਂ ਮਹਿਲਾ ਕਿ੍ਰਕਟਰ ਹੈ। ਉਸ ਨੇ 232 ਇੱਕ ਰੋਜ਼ਾ ਮੈਚਾਂ ਵਿੱਚ 7805 ਦੌੜਾਂ ਬਣਾਈਆਂ ਹਨ ਜੋ ਇੱਕ ਰਿਕਾਰਡ ਹੈ। ਉਹ ਕੌਮਾਂਤਰੀ ਟੀ-20 ਮੈਚਾਂ ਵਿੱਚ ਦੋ ਹਜ਼ਾਰ ਦੌੜਾਂ ਬਣਾਉਣ ਵਾਲੀ ਪਹਿਲੀ ਕਿ੍ਰਕਟਰ ਹੈ ਅਤੇ 20 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਕਿ੍ਰਕਟ ਖੇਡਣ ਵਾਲੀ ਪਹਿਲੀ ਮਹਿਲਾ ਕਿ੍ਰਕਟਰ ਹੈ। 200 ਤੋਂ ਜ਼ਿਆਦਾ ਇੱਕ ਰੋਜ਼ਾ ਮੈਚ ਖੇਡਣ ਦਾ ਰਿਕਾਰਡ ਵੀ ਉਸ ਦੇ ਨਾਂਅ ਹੈ।
ਮਿਤਾਲੀ ਰਾਜ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ 24 ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਮਹਿਲਾ ਕਿ੍ਰਕਟਰ ਹੈ। ਉਹ 6 ਵਿਸ਼ਵ ਕੱਪ ਖੇਡਣ ਵਾਲੀ ਵੀ ਇਕਲੌਤੀ ਮਹਿਲਾ ਖਿਡਾਰਨ ਹੈ। ਉਹ ਸਾਲ 2000, 2005, 2009, 2013, 2017 ਤੇ 2022 ਦੇ ਮਹਿਲਾ ਵਿਸ਼ਵ ਕੱਪਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੀ ਹੈ।
ਪੁਰਸ਼ਾਂ ਦੀ ਟੀਮ ਵਿੱਚ ਭਾਰਤ ਵੱਲੋਂ ਇਹ ਰਿਕਾਰਡ ਸਚਿਨ ਤੇਂਦੂਲਕਰ ਦੇ ਨਾਂਅ ਹੈ। ਉਸ ਨੇ ਭਾਰਤ ਵੱਲੋਂ 12 ਟੈਸਟ ਮੈਚ ਖੇਡਦਿਆਂ 43.68 ਦੀ ਔਸਤ ਨਾਲ 699 ਦੌੜਾਂ ਬਣਾਈਆਂ ਹਨ ਜਦੋਕਿ 232 ਇੱਕ ਰੋਜ਼ਾ ਮੈਚਾਂ ਵਿੱਚ 50.68 ਦੀ ਔਸਤ ਨਾਲ 7805 ਦੌੜਾਂ ਬਣਾਉਣ ਦਾ ਰਿਕਾਰਡ ਵੀ ਉਸ ਦੇ ਨਾਂਅ ਹੈ। 89 ਟੀ-20 ਮੈਚਾਂ ਵਿੱਚ 37.52 ਦੀ ਔਸਤ ਨਾਲ ਉਸ ਨੇ 2364 ਦੌੜਾਂ ਬਣਾਈਆਂ ਹਨ। ਇੱਕ ਰੋਜ਼ਾ ਮੈਚਾਂ ਵਿੱਚ ਮਿਤਾਲੀ ਰਾਜ ਦੇ ਨਾਂਅ 7 ਸੈਂਕੜੇ ਅਤੇ 64 ਅਰਧ ਸੈਂਕੜੇ ਹਨ।
ਇਸ ਤੋਂ ਇਲਾਵਾ ਉਸ ਨੇ ਟੈਸਟ ਵਿੱਚ 12, ਇੱਕ ਰੋਜ਼ਾ ਮੈਚਾਂ ਵਿੱਚ 63 ਅਤੇ ਟੀ-20 ਮੈਚਾਂ ਵਿੱਚ 19 ਨੀਮ ਸੈਂਕੜੇ ਵੀ ਬਣਾਏ ਹਨ। ਮਹਿਲਾ ਟੈਸਟ ਕਿ੍ਰਕਟ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲੀ ਮਿਤਾਲੀ ਰਾਜ ਇਕਲੌਤੀ ਮਹਿਲਾ ਬੱਲੇਬਾਜ਼ ਹੈ। ਸਾਲ 2002 ਵਿੱਚ ਇੰਗਲੈਂਡ ਖ਼ਿਲਾਫ਼ ਖੇਡਦਿਆਂ ਮਿਤਾਲੀ ਰਾਜ ਨੇ 214 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਇਹ ਮਹਿਲਾ ਕਿ੍ਰਕਟ ਵਿੱਚ ਦੂਸਰਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ।
ਮਿਤਾਲੀ ਰਾਜ ਨੂੰ ਉਸਦੀ ਬਿਹਤਰੀਨ ਖੇਡ ਪ੍ਰਾਪਤੀ ਲਈ ਸਾਲ 2003 ਵਿੱਚ ਅਰਜੁਨ ਪੁਰਸਕਾਰ ਅਤੇ ਸਾਲ 2017 ਵਿੱਚ ਵਿਜਡਨ ਲੀਡਿੰਗ ਵੋਮੈਨ ਕਿ੍ਰਕਟਰ ਇਨ ਦ ਵਰਲਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿਤਾਲੀ ਰਾਜ ਨੂੰ ਸਾਲ 2015 ਵਿੱਚ ਪਦਮਸ੍ਰੀ ਐਵਾਰਡ ਵੀ ਮਿਲ ਚੁੱਕਾ ਹੈ ਅਤੇ ਸਾਲ 2021 ਵਿੱਚ ਮਿਤਾਲੀ ਰਾਜ ਨੂੰ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਭਾਵੇਂ ਉਸ ਨੇ ਕਿ੍ਰਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਉਸ ਵੱਲੋਂ ਭਾਰਤੀ ਮਹਿਲਾ ਕਿ੍ਰਕਟ ਨੂੰ ਦਿੱਤੀ ਵੱਡੀ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ