ਸ਼ੂਟਰ ਸੰਤੋਸ਼ ਨੂੰ ਗੁਜਰਾਤ ਤੋਂ ਕੀਤਾ ਕਾਬੂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਕਾਤਲਾਂ ਨੂੰ ਫੜਨ ਲਈ ਪੂਰਾ ਜ਼ੋਰ ਲਾ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ’ਚ ਇੱਕ ਹੋਰ ਸਫਲਤਾ ਹੱਥੀ ਲੱਗੀ ਹੈ। ਮਹਾਂਰਾਸ਼ਟਰ ਦੇ ਪੁਣੇ ਤੋਂ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਸਾਥੀ ਨਵਨਾਥ ਸੂਰਿਆਵੰਸ਼ੀ ਸਮੇਤ ਗੁਜਰਾਤ ਤੋਂ ਫੜਿਆ ਗਿਆ ਸੀ। ਪੁਣੇ ਪੁਲਿਸ ਦੀ ਟੀਮ ਨੂੰ ਇਹ ਕਾਮਯਾਬੀ ਮਿਲੀ ਹੈ। ਉਸ ਨੂੰ 20 ਜੂਨ ਤੱਕ ਰਿਮਾਂਡ ‘ਤੇ ਲਿਆ ਗਿਆ ਹੈ।
ਸੰਤੋਸ਼ ਜਾਧਵ ਬਦਨਾਮ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਸਰਗਨਾ ਹੈ। ਦਿੱਲੀ ਪੁਲਿਸ ਨੇ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਦੱਸਿਆ ਸੀ। ਜਿਸ ਤੋਂ ਬਾਅਦ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ 2021 ‘ਚ ਪੁਣੇ ‘ਚ ਦਰਜ ਹੋਏ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਜਿਕਰਯੋਗ ਹੈ ਕਿਪੁਣੇ ਪੁਲਿਸ ਨੇ ਇਸ ਤੋਂ ਪਹਿਲਾਂ ਸ਼ਾਰਪ ਸ਼ੂਟਰ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਂਕਾਲ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਜੋ ਵੀ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਸੀ। ਹਾਲਾਂਕਿ ਉਸ ਤੋਂ ਪੁੱਛਗਿੱਛ ਕਰਨ ‘ਤੇ ਦਿੱਲੀ ਪੁਲਿਸ ਨੇ ਕਿਹਾ ਕਿ ਉਹ ਇਸ ਕਤਲ ‘ਚ ਸ਼ਾਮਲ ਨਹੀਂ ਸੀ। ਉਸ ਨੇ ਸ਼ੂਟਰ ਜ਼ਰੂਰ ਦਿੱਤੇ ਸਨ।
ਗੋਲਡੀ ਬਰਾੜ ਨਾਲ 13 ਵਾਰ ਕੀਤੀ ਸੀ ਗੱਲਬਾਤ
ਸਿੱਧੂ ਮੂਸੇਵਾਲਾ (Sidhu MooseWala) ਕਤਲ ਕਾਂਡ ’ਚ ਰੇਕੀ ਕਰਨ ਵਾਲੇ ਕੇਕੜਾ ਨੇ ਪੁਲਿਸ ਵੱਲੋਂ ਰਿਮਾਂਡ ’ਤੇ ਲੈ ਕੇ ਕੀਤੀ ਜਾ ਰਹੀ ਪੁਛਗਿੱਛ ’ਚ ਕਈ ਅਹਿਮ ਖੁਲਾਸੇ ਕੀਤੇ ਹਨ। ਕੇਕੜਾ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਲਈ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ। ਉਸ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇਗਾ। ਮੇਰੇ ਤੋਂ ਸਿਰਫ਼ ਮੂਸੇਵਾਲਾ ਦੀ ਰੇਕੀ ਕਰਵਾਈ ਜਾ ਰਹੀ ਸੀ। ਪੁਲਿਸ ਪੁਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਤਲ ਵਾਲੇ ਦਿਨ 13 ਵਾਰੀ ਫੋਨ ’ਤੇ ਗੱਲਬਾਤ ਹੋਈ ਸੀ। ਉਸ ਨੇ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਮੂਵਮੈਂਟ ਦੀ ਜਾਣਕਾਰੀ ਦਿੱਤੀ।
ਕੇਕੜਾ ਨੇ ਹੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ (Sidhu MooseWala) ਬਿਨਾ ਗੰਨਮੈਨਾਂ ਦੇ ਥਾਰ ਜੀਪ ’ਚ ਜਾ ਰਿਹਾ ਹੈ। ਉਸ ਦੇ ਨਾਲ ਦੋ ਸਾਥੀ ਹਨ ਤੇ ਜੀਪ ਖੁਦ ਮੂਸੇਵਾਲਾ ਚਲਾ ਰਿਹਾ ਹੈ। ਇਹ ਸਾਰੀ ਜਾਣਕਾਰੀ ਕੇਕੜਾ ਫੋਨ ਰਾਹੀਂ ਗੋਲਡੀ ਬਰਾੜ ਨੂੰ ਦਿੰਦਾ ਰਿਹਾ। ਕੇਕੜਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਐਨਾ ਵੱਡਾ ਗੈਂਗਸਟਰ ਹੈ ਤੇ ਉਹ ਮੂਸੇਵਾਲਾ ਦਾ ਕਤਲ ਕਰਨਾ ਚਾਹੁੰਦਾ ਹੈ। ਪੁਲਿਸ ਹਾਲੇ ਕੇਕੜਾ ਤੋਂ ਹੋਰ ਵੀ ਪੁਛਗਿੱਛ ਕਰ ਰਹੀ ਹੈ। ਹਾਲੇ ਹੋਰ ਵੀ ਕਈ ਰਾਜ ਖੁੱਲ੍ਹਣੇ ਬਾਕੀ ਹਨ। ਜਿਕਰਯੋਗ ਹੈ ਕਿ ਸੰਦੀਪ ਕੇਕੜਾ ਹਰਿਆਣਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ ਤੇ ਉਹ ਨਸ਼ੇ ਦਾ ਆਦਿ ਹੈ। ਸਿੱਧ ਮੂਸੇਵਾਲਾ ਦੀ ਰੇਕੀ ਲਈ ਉਸ ਨੇ ਸਿਰਫ 15 ਹਜ਼ਾਰ ਰੁਪਏ ਲਏ ਸਨ।
ਸਿੱਧੂ ਮੂਸੇਵਾਲਾ ਹੱਤਿਆਕਾਂਡ ’ਤੇ ਦਿੱਲੀ ਪੁਲਿਸ ਦਾ ਵੱਡਾ ਖੁਲਾਸਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਮਾਸਟਰਮਾਈਂਡ ਦੱਸਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਹਰਗੋਬਿੰਦਰ ਸਿੰਘ ਧਾਲੀਵਾਲ ਦੇ ਅਨੁਸਾਰ ਮੂਸੇ ਵਾਲਾ ’ਤੇ ਗੋਲੀ ਚਲਾਉਣ ਵਾਲੇ ਇੱਕ ਸ਼ੂਟਰ ਦੇ ਕਰੀਬੀ ਸਿਧੇਸ਼ ਹੀਰਾਮਨ ਕਾਂਬਲੇ ਉਰਫ ਮਹਾਕਾਲ ਨੂੰ ਪੁਣੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਮਹਾਰਾਸ਼ਟਰ ਪੁਲਿਸ ਨੇ ਉਸਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਪੁਲਿਸ ਮੁਤਾਬਕ ਮਹਾਕਾਲ ਸਿੱਧੂ ਮੂਸੇ ਵਾਲਾ ’ਤੇ ਗੋਲੀਆਂ ਚਲਾਉਣ ਵਾਲੇ ਲੋਕਾਂ ’ਚੋਂ ਇਕ ਦਾ ਕਰੀਬੀ ਸਾਥੀ ਹੈ
ਪਰ ਉਹ ਇਸ ਕਤਲ ’ਚ ਸ਼ਾਮਲ ਨਹੀਂ ਸੀ। ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਮਹਾਕਾਲ ਦੋਵਾਂ ਸ਼ੂਟਰਾਂ ਦੇ ਸੰਪਰਕ ਵਿੱਚ ਸੀ। ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਹੋਰ ਵਿਅਕਤੀਆਂ ਦੀ ਵੀ ਸ਼ਨਾਖਤ ਕੀਤੀ ਗਈ ਹੈ। ਉਸ ਨੇ ਅੱਗੇ ਕਿਹਾ, ਬਿਸ਼ਨੋਈ ਇਸ ਕਤਲ ਦਾ ਮਾਸਟਰ ਮਾਈਂਡ ਹੈ, ਜਿਸ ਨੂੰ ਕਥਿਤ ਤੌਰ ’ਤੇ ਸਚਿਨ ਬਿਸ਼ਨੋਈ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਕੰਮ ਕਰ ਰਹੀਆਂ ਹਨ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ’ਚ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇ ਵਾਲਾ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੰਜਾਬ ਵਿੱਚ ਕਾਤਲਾਂ ਦੇ ਖਿਲਾਫ ਧਾਰਾਵਾਂ 302, 302 ਅਤੇ 341 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ