ਮਨੁੱਖੀ ਹੋਂਦ ਤੇ ਜੀਵ-ਜਗਤ ਗੰਭੀਰ ਖ਼ਤਰੇ ’ਚ

ਮਨੁੱਖੀ ਹੋਂਦ ਤੇ ਜੀਵ-ਜਗਤ ਗੰਭੀਰ ਖ਼ਤਰੇ ’ਚ

ਅਜੋਕੇ ਮਨੁੱਖ ਨੇ ਆਧੁਨਿਕਤਾ ਅਤੇ ਵਿਕਾਸ ਦੀ ਦੌੜ ਵਿਚ ਵਾਤਾਵਰਨ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਤੇ ਧਰਤੀ ਉੱਤੇ ਸਮੁੱਚੇ ਜੀਵ ਸੰਸਾਰ ਤੇ ਬਨਸਪਤੀ ਦੀ ਹੋਂਦ ਨੂੰ ਗੰਭੀਰ ਖਤਰੇ ਵਿਚ ਪਾ ਦਿੱਤਾ ਹੈ ਮਨੁੱਖਾਂ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਤੱਕ ਹੀ ਸੰਭਵ ਹੈ, ਜੇਕਰ ਧਰਤੀ ਉੱਤੇ ਮਨੁੱਖ ਅਤੇ ਵਾਤਾਵਰਨ ਦਾ ਆਪਸੀ ਤਾਲਮੇਲ ਸੰਤੁਲਿਤ ਮਾਤਰਾ ਵਿੱਚ ਬਣਿਆ ਰਹੇ। ਮਨੁੱਖ ਦੀਆਂ ਵਿਗਿਆਨਕ ਗਤੀਵਿਧੀਆਂ, ਵਧਦੇ ਉਦਯੋਗੀਕਰਨ, ਮਸ਼ੀਨੀਕਰਨ, ਵਧਦੀ ਅਬਾਦੀ ਆਦਿ ਅਤੇ ਪਦਾਰਥਵਾਦੀ ਸੋਚ ਕਾਰਨ ਧਰਤੀ ਦੀ ਉੱਪਰਲੀ ਮਿੱਟੀ, ਪਾਣੀ, ਖੁਰਾਕ, ਹਵਾ, ਸਮੁੱਚੇ ਵਾਤਾਵਰਨ ਨੂੰ ਪਲੀਤ ਕਰ ਦਿੱਤਾ ਹੈ, ਜਿਸ ਕਾਰਨ ਅੱਜ ਧਰਤੀ ਉੱਤਲੀ ਸਮੁੱਚੀ ਜੈਵਿਕ ਹੋਂਦ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ।

ਸਨਅਤੀ ਇਕਾਈਆਂ, ਪੈਟਰੋਲ ਤੇ ਡੀਜ਼ਲ ਦੇ ਸਾਧਨਾਂ, ਕੀਟਨਾਸ਼ਕ ਦਵਾਈਆਂ, ਪਰਮਾਣੂ ਵਿਸਫੋਟਾਂ ਦੇ ਤਜ਼ਰਬਿਆਂ, ਪਾਵਰ ਹਾਊਸਾਂ ਦੀਆਂ ਚਿਮਨੀਆਂ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਧੂੰਏਂ ਕਾਰਨ ਪੈਦਾ ਹੋਏ ਜਹਿਰੀਲੇ ਕਣਾਂ, ਕਾਰਬਨ ਡਾਇਆਕਸਾਈਡ, ਸਲਫ਼ਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਸਿੱਕਾ, ਅਲਫਾ, ਬੀਟਾ, ਗਾਮਾ ਕਿਰਨਾਂ ਨਾਲ ਹਵਾ ਤੇ ਸਮੁੱਚੇ ਵਾਤਾਵਰਣ ਨੂੰ ਏਨਾ ਗੰਧਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ ਕਿ ਮਨੁੱਖ, ਜੀਵ ਤੇ ਬਨਸਪਤੀ ਨੂੰ ਸਾਹ ਲੈਣਾ ਤੇ ਆਪਣੀ ਹੋਂਦ ਬਚਾਉਣਾ ਮੁਸ਼ਕਲ ਹੋ ਗਿਆ ਹੈ। ਸ਼ੁੱਧ ਹਵਾ ਤੇ ਆਕਸੀਜਨ ਦੀ ਅਣਹੋਂਦ ਕਾਰਨ ਹਰ¿; ਸਾਲ ਜੀਵ-ਜਗਤ ਦੀਆਂ ਕਾਫੀ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ।

ਧਰਤੀ ਉਤਲਾ ਪਾਣੀ ਜੋ ਕਿ ਸਮੁੱਚੇ ਜੀਵ ਜਗਤ ਦੀ ਜੀਵਨਰੇਖਾ ਹੈ, ਵੀ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਾ ਹੈ। ਕਾਰਖਾਨਿਆਂ ਵਿੱਚੋਂ ਨਿੱਕਲਦਾ ਜਹਿਰੀਲਾ ਤਰਲ ਮਾਦਾ, ਸੀਵਰੇਜ ਦਾ ਸਮੁੱਚਾ ਗੰਦ, ਪਰਮਾਣੂ ਤਜ਼ਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ ਐਕਟਿਵ ਕਚਰਾ ਆਦਿ ਦਰਿਆਵਾਂ ਤੇ ਝੀਲਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ।

ਨਤੀਜੇ ਵਜੋਂ ਦਰਿਆਵਾਂ, ਝੀਲਾਂ ਤੇ ਸਮੁੰਦਰੀ ਜੀਵਾਂ ਅਤੇ ਮਨੁੱਖੀ ਜਾਤੀ ਲਈ ਭਿਆਨਕ ਖਤਰਾ ਪੈਦਾ ਹੋ ਗਿਆ ਹੈ, ਤੇ ਧਰਤੀ ਹੇਠਲਾ ਪਾਣੀ ਮਨੁੱਖ ਤੇ ਜੀਵਾਂ ਦੀ ਵਰਤੋਂ ਦੇ ਯੋਗ ਨਹੀਂ ਰਿਹਾ। ਦੁਨੀਆਂ ਦੇ ਹਰ ਖਿੱਤੇ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ। ਬੇਸ਼ਕੀਮਤੀ ਪਾਣੀ ਸਾਡੀ ਲਾਪਰਵਾਹੀ ਤੇ ਜਾਗਰੂਕਤਾ ਦੀ ਘਾਟ ਕਾਰਨ ਰੋਜ਼ਾਨਾ ਬਰਬਾਦ ਕੀਤਾ ਜਾ ਰਿਹਾ ਹੈ। ਪਾਣੀ ਸਮੁੱਚੇ ਜੀਵ-ਜਗਤ ਦੀਆਂ ਕਿਰਿਆਕਲਾਪਾਂ ਦਾ ਅਧਾਰ ਹੈ। ਕੁੁਦਰਤ ਦੀ ਇਸ ਵਡਮੁੱਲੀ ਦਾਤ ਦੀ ਵੱਧ ਤੋਂ ਵੱਧ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ।

ਧਰਤੀ ਉੱਤੇ ਵਧ ਰਹੀ ਤਪਸ਼ ਦਾ ਸਭ ਤੋਂ ਬੁਰਾ ਅਸਰ ਪੌਣ-ਪਾਣੀ ਉੱਤੇ ਪਿਆ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮੌਸਮਾਂ ਤੇ ਰੁੱਤਾਂ ਵਿੱਚ ਬਹੁਤ ਸਾਰੇ ਵਿਗਾੜ ਆਮ ਦੇਖਣ ਨੂੰ ਮਿਲਦੇ ਹਨ ਜਿਸ ਨਾਲ ਫਸਲੀ ਚੱਕਰ ਵਿੱਚ ਗੜਬੜ ਪੈ ਗਈ ਹੈ। ਅੰਟਾਰਕਟਿਕਾ ਦੀ ਬਰਫ ਅਤੇ ਹੋਰ ਖੇਤਰਾਂ ਦੇ ਗਲੇਸ਼ੀਅਰ ਪਿਘਲ ਰਹੇ ਹਨ।

ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਤੇ ਹੋਰ ਜ਼ਹਿਰੀਲੀਆਂ ਗੈਸਾਂ ਕਾਰਨ ਧਰਤੀ ਦਾ ਤਾਪਮਾਨ ਹਰ ਸਾਲ ਵਧ ਰਿਹਾ ਹੈ ਤੇ ਸਰਦੀ ਦੇ ਮੌਸਮ ਦਾ ਅਰਸਾ ਘਟਿਆ ਹੈ। ਸੰਸਾਰ ਵਿੱਚ ਜੰਗਲ, ਪਾਣੀ, ਵਾਹੀਯੋਗ ਜ਼ਮੀਨ ਆਦਿ ਦਾ ਪਸਾਰਾ ਘਟਿਆ ਹੈ। ਧਰਤੀ ਉੱਤੇ ਜਿੰਨਾ ਤਾਪਮਾਨ ਵਧੇਗਾ, ਓਨੀਆਂ ਹੀ ਗਰਮ ਲਹਿਰਾਂ ਵਧਣਗੀਆਂ, ਸੋਕੇ ਪੈਣਗੇ, ਵਾਸ਼ਪੀਕਰਨ ਗੜਬੜਾ ਜਾਵੇਗਾ ਤੇ ਜੰਗਲਾਂ ਨੂੰ ਭਿਆਨਕ ਅੱਗਾਂ ਲੱਗਣਗੀਆਂ। ਮੋਹਲੇਧਾਰ ਵਰਖਾ, ਤੂਫਾਨ ਤੇ ਹੜ੍ਹ, ਅੰਨ ਅਤੇ ਪਾਣੀ ਦੀ ਥੁੜ, ਲੋਕਾਂ ਦੇ ਉਜਾੜੇ, ਓਜ਼ੋਨ ਪੱਟੀ ਵਿਚ ਵਧ ਰਹੇ ਸੁਰਾਖਾਂ ਕਾਰਨ ਭਿਆਨਕ ਬਿਮਾਰੀਆਂ ਵਧ ਸਕਦੀਆਂ ਹਨ।

ਮਨੁੱਖ ਦੇ ਗੈਰ-ਕੁਦਰਤੀ ਕਿਰਿਆਕਲਾਪਾਂ ਕਾਰਨ ਧਰਤੀ ਦੀ ਉੱਪਰਲੀ ਉਪਜਾਊ ਪਰਤ ਵੀ ਬੁਰੀ ਤਰ੍ਹਾਂ ਖ਼ਾਤਮੇ ਦੇ ਕੰਢੇ ਵੱਲ ਵਧ ਰਹੀ ਹੈ। ਘਰੇਲੂ ਕੂੜਾ ਕਰਕਟ, ਪਲਾਸਟਿਕ ਦੇ ਲਿਫਾਫੇ, ਬੋਤਲਾਂ, ਲੋਹੇ, ਕੱਚ, ਚੀਨੀ ਤੇ ਇਲੈਕਟ੍ਰੋਨਿਕ ਕਚਰਾ, ਤੇਲ ਸੋਧਕ ਕਾਰਖਾਨੇ, ਢਲਾਈ ਤੇ ਲੋਹੇ ਦੇ ਕਾਰਖਾਨਿਆਂ ਦੇ ਰਸਾਇਣ ਮਿਲਿਆ¿; ਕਚਰਾ, ਡਿਸਪੋਜ਼ਲ ਤੇ ਸੁਆਹ ਆਦਿ ਧਰਤੀ ’ਤੇ ਸੁੱਟਣ ਕਾਰਨ ਧਰਤੀ ਉੱਤੇ ਗੰਦਗੀ ਤੇ¿; ਪ੍ਰਦੂਸ਼ਣ ਦਾ ਪਸਾਰਾ ਹੋ ਗਿਆ ਹੈ। ਸੜਕਾਂ, ਪੁਲਾਂ ਤੇ ਵਿਸ਼ੇਸ਼ ਆਰਥਿਕ ਜੋਨਾਂ ਅਤੇ ਵਧਦੀ ਆਬਾਦੀ ਦੇ ਵਸੇਬੇ ਦੀਆਂ ਲੋੜਾਂ ਪੂਰੀਆਂ ਕਰਨ ਹਿੱਤ ਹਰ ਸਾਲ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਜਿਸ ਕਾਰਨ ਜੰਗਲਾਂ ਦਾ ਰਕਬਾ ਘਟ ਗਿਆ ਹੈ ਅਤੇ ਭੋਇੰ-ਖੋਰ ਵਧ ਰਿਹਾ ਹੈ। ਉਪਜਾਊ ਮਿੱਟੀ ਰੁੜ੍ਹ ਕੇ ਦਰਿਆਵਾਂ ਤੇ ਸਮੁੰਦਰਾਂ ਵਿੱਚ ਜਾ ਰਹੀ ਹੈ। ਨਾੜ, ਪਰਾਲੀ ਆਦਿ ਨੂੰ ਅੱਗ ਲਾਉਣ ਨਾਲ ਧਰਤੀ ਸੜਦੀ ਹੈ ਤੇ ਮਿੱਤਰ ਕੀੜੇ ਮਰ ਰਹੇ ਹਨ।

ਆਓ! ਵਾਤਾਵਰਨ ਨੂੰ ਬਚਾਈਏ ਅਤੇ ਵੱਧ ਤੋਂ ਵੱਧ ਰੁੱਖ ਲਾਈਏ। ਵਿਆਹ ਤੇ ਹੋਰ ਖ਼ੁਸ਼ੀ ਭਰੇ ਸਮਾਗਮਾਂ ਮੌਕੇ ਵੱਧ ਤੋਂ ਵੱਧ ਰੁੱਖ ਲਾਈਏ ਤੇ ਇਨ੍ਹਾਂ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਈਏ। ਵਰਖਾ ਦੇ ਪਾਣੀ ਨੂੰ ਸਟੋਰ ਕਰਕੇ ਵਰਤਣਾ ਚਾਹੀਦਾ ਹੈ। ਸਵਦੇਸ਼ੀ ਵਸਤੂਆਂ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰੋ। ਪਾਣੀ ਵਿੱਚ ਗੰਦ ਨਾ ਪਾਓ ਤੇ ਪਾਣੀ ਦੀ ਵਰਤੋਂ ਲੋੜ ਮੁਤਾਬਕ ਕਰੋ। ਮਨੁੱਖ ਨੂੰ ਆਪਣੀਆਂ ਜਰੂਰਤਾਂ ਨੂੰ ਘਟਾਉਣਾ ਹੋਵੇਗਾ। ਕੁਦਰਤੀ ਜ਼ਿੰਦਗੀ ਅਪਣਾਓ।

ਪਦਾਰਥਕ ਦੌੜ ਛੱਡ ਕੇ ਅਧਿਆਤਮ ਪੱਖ ਦੀ ਮਜਬੂਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ¿; ਪਹਿਲਾਂ ਸਾਨੂੰ ਵਧਦੀ ਆਬਾਦੀ ’ਤੇ ਕਾਬੂ ਪਾਉਣਾ ਹੋਵੇਗਾ ਅਤੇ ਲੋਕਾਂ ਨੂੰ ਵਾਤਾਵਰਣ ਦੇ ਪ੍ਰਤੀ ਜਾਗਰੂਕ ਵੀ ਕਰਨਾ ਹੋਵੇਗਾ। ਕੁਦਰਤੀ ਸੋਮਿਆਂ ਦੀ ਧਿਆਨ ਤੇ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਪਲਾਸਟਿਕ, ਪੋਲੀਥੀਨ ਲਿਫ਼ਾਫ਼ੇ, ਡਿਸਪੋਜ਼ਲ ਵਸਤੂਆਂ, ਇਕਹਿਰੀ ਵਰਤੋਂ ਵਾਲੀਆਂ ਚੀਜਾਂ ਦੇ ਨਿਰਮਾਣ ਤੇ ਵਿਕਰੀ ’ਤੇ ਸਰਕਾਰ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ।

ਨਿੱਜੀ ਕਾਰ ਦੀ ਥਾਂ ਪਬਲਿਕ ਟਰਾਂਸਪੋਰਟ ਤੇ ਬੱਲਬਾਂ ਦੀ ਥਾਂ ਸੀ. ਐਫ. ਐਲ. ਦੀ ਵਰਤੋਂ ਕਰੋ। ਫਾਈਵ ਸਟਾਰ ਰੇਟਿੰਗ ਵਾਲੇ ਤੇ ਘੱਟ ਊਰਜਾ ਖਪਤ ਵਾਲੇ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰਵਾਇਤੀ ਫ਼ਸਲੀ ਚੱਕਰ ਛੱਡ ਕੇ ਫਲ, ਫੁੱਲ, ਸਬਜ਼ੀਆਂ, ਦਾਲਾਂ, ਹਰਬਲ ਪੌਦੇ ਆਦਿ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਹੋਵੇਗਾ। ਏਅਰ ਕੰਡੀਸ਼ਨਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਹੋਵੇਗੀ। ਕਾਗਜ ਦਰੱਖਤ ਕੱਟਣ ਨਾਲ ਬਣਦੇ ਹਨ, ਇਸ ਲਈ ਕਾਗਜ਼ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ। ਬੈਟਰੀ, ਸੋਲਰ ਆਦਿ ਨਾਲ ਚੱਲਣ ਵਾਲੀਆਂ ਵਸਤੂਆਂ ਅਤੇ ਸਾਧਨਾਂ ਦੀ ਵਰਤੋਂ ਕਰਣੀ ਚਾਹੀਦੀ ਹੈ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਆਪਣੇ ਆਲੇ-ਦੁਆਲੇ ਸਫ਼ਾਈ ਰੱਖੋ। ਪਸ਼ੂ ਪੰਛੀ ਆਦਿ ਹਰ ਤਰ੍ਹਾਂ ਦੇ ਜੀਵ ਦੀ ਰੱਖਿਆ ਕਰੋ। ਕੁਦਰਤ ਨਾਲ ਪਿਆਰ ਤੇ ਮੇਲਜੋਲ ਵਧਾਈਏ।
ਮੋ. 98550-01512

ਬਲਕਾਰ ਸਿੰਘ ਖਨੌਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ