ਗੁਰੂ ਕਾਸ਼ੀ ’ਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਗਾਜ਼
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਤਲਵੰਡੀ ਸਾਬੋ ਵਿਖੇ ਖੇਤੀ ਪੱਤ੍ਰਿਕਾ ‘ਜਸਟ ਐਗਰੀਕਲਚਰ’ ਦੇ ਸਹਿਯੋਗ ਨਾਲ ‘ਖੋਜ, ਨਵੀਨਤਾ, ਟਿਕਾਊ ਵਿਕਾਸ ਅਤੇ ਹੋਰ ਵਿਗਿਆਨਿਕ ਵਿਸ਼ਿਆਂ’ ਉੱਪਰ ਪਹਿਲੀ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਗਾਜ਼ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਉਪ ਕੁਲਪਤੀ ਡਾ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਡਾ. ਜਤਿੰਦਰ ਸਿੰਘ ਬੱਲ (ਉਪ ਕੁਲਪਤੀ, ਜੀ.ਕੇ.ਯੂ) ਨੇ ਸੰਦੇਸ਼ ਸਾਂਝੇ ਕੀਤੇ।
ਕਾਨਫਰੰਸ ’ਚ ਉੱਘੇ ਖੇਤੀ ਵਿਗਿਆਨੀ ਡਾ. ਗੁਰਬਚਨ ਸਿੰਘ ਸਰਾਂ (ਸਾਬਕਾ ਚੇਅਰਮੈਨ, ਏ.ਐਸ.ਆਰ.ਬੀ, ਨਵੀਂ ਦਿੱਲੀ) ਮੁੱਖ ਮਹਿਮਾਨ ਵਜੋਂ, ਜਦ ਕਿ ਡਾ. ਮਨਜੀਤ ਸਿੰਘ ਕੰਗ (ਸਾਬਕਾ ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਅਡਜੰਕਟ ਪ੍ਰੋਫੈਸਰ ਕੈਨਸਾਸ ਸਟੇਟ ਯੂਨੀਵਰਸਿਟੀ, ਮੈਨਹਟਨ, ਅਮੇਰੀਕਾ), ਡਾ. ਜਗਤਾਰ ਸਿੰਘ ਧੀਮਾਨ (ਰਜਿਸਟਰਾਰ, ਜੀ.ਕੇ.ਯੂ), ਡਾ. ਪੁਸ਼ਪਿੰਦਰ ਸਿੰਘ ਔਲਖ (ਡੀਨ ਅਕਾਦਮਿਕ, ਜੀ.ਕੇ.ਯੂ) ਮੁੱਖ ਵਕਤਾ ਵਜੋਂ ਸ਼ਾਮਲ ਹੋਏ।
ਸਮਾਗਮ ਦੇ ਸ਼ੁਰੂ ’ਚ ਡਾ. ਦੀਪੇਂਦਰ ਪਾਲ ਸਿੰਘ (ਡੀਨ) ਅਤੇ ਡਾ. ਬਹਾਦਰਜੀਤ ਸਿੰਘ (ਡਿਪਟੀ ਡੀਨ) ਵੱਲੋਂ ਸਭਨਾਂ ਦਾ ਸੁਆਗਤ ਕੀਤਾ ਗਿਆ ਤੇ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨਗੀ ਭਾਸ਼ਣ ’ਚ ਡਾ. ਸਰਾਂ ਨੇ ਕਿਹਾ ਕਿ ਸਮਾਰਟ ਆਧੁਨਿਕ ਵਿਧੀਆਂ ਰਾਹੀਂ ਭਵਿੱਖ ਦੀ ਖੇਤੀ ਵਿੱਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਭਾਰਤੀ ਖੇਤੀਬਾੜੀ ਦੇ ਰਾਸ਼ਟਰੀ ਢਾਂਚੇ ਦਾ ਜਿਕਰ ਕਰਦਿਆਂ ਕਿਹਾ ਕਿ ਅਜੋਕੀ ਖੇਤੀ ਵਿੱਚ ਬਹੁਤ ਸਾਰੀਆਂ ਔਕੜਾਂ ਹਨ ਜਿਨ੍ਹਾਂ ਦੇ ਹੱਲ ਲਈ ਯੂਨੀਵਰਸਿਟੀਆਂ ਅਤੇ ਸਰਕਾਰਾਂ ਵੱਲੋਂ ਯਤਨ ਕੀਤੇ ਜਾਣੇ ਚਾਹੀਦੇ ਹਨ।
ਖੇਤੀ ’ਚ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਹੱਲ ਲਈ ਨਵੀਆਂ ਖੋਜਾਂ ਅਤੇ ਕਾਢਾਂ ਬਾਰੇ ਜਾਣਕਾਰੀ ਦਿੱਤੀ
ਡਾ. ਕੰਗ ਨੇ ਕਿਹਾ ਕਿ ਘੱਟ ਰਿਹਾ ਧਰਤੀ ਹੇਠਲਾ ਪਾਣੀ ਅਤੇ ਮੌਸਮੀ ਬਦਲਾਵ ਵੱਡ-ਆਕਾਰੀ ਮੁੱਦੇ ਹਨ ਜਿਨ੍ਹਾਂ ਨੂੰ ਯੋਗ ਨੀਤੀਆਂ, ਖੋਜ ਕਾਰਜਾਂ ਅਤੇ ਲੋੜ ਮੁਤਾਬਿਕ ਨਵੀਨਤਮ ਤਰੀਕਿਆਂ ਨਾਲ ਹੱਲ ਕਰਨਾ ਜ਼ਰੂਰੀ ਹੈ। ਡਾ. ਧੀਮਾਨ ਨੇ ਕਿਹਾ ਕਿ ਘੱਟ ਰਹੇ ਪਾਣੀ ਦੀ ਸਮੱਸਿਆ ਨੂੰ ਮੱਦੇਨਜ਼ਰ ਰਾਸ਼ਟਰੀ ਪਾਣੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਪਾਣੀ ਦੀ ਸਾਂਭ-ਸੰਭਾਲ, ਸੁਚੱਜੀ ਵਰਤੋਂ ਤੇ ਰਾਜਾਂ ਵਿੱਚ ਪਾਣੀ ਦੀ ਸਹੀ ਵੰਡ ਤੇ ਇਸ ਦੇ ਸਰੋਤਾਂ ਦੇ ਪ੍ਰਬੰਧਨ ’ਤੇ ਗੌਰ ਕਰਨ ਦੀ ਲੋੜ ਹੈ।
ਡਾ. ਔਲਖ ਨੇ ਖੇਤੀ ਵਿੱਚ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਹੱਲ ਲਈ ਨਵੀਆਂ ਖੋਜਾਂ ਅਤੇ ਕਾਢਾਂ ਬਾਰੇ ਜਾਣਕਾਰੀ ਦਿੱਤੀ। ਜਸਟ ਐਗਰੀਕਲਚਰ ਪਤਿ੍ਰਕਾ ਦੇ ਬਾਨੀ ਸੰਪਾਦਕ ਡੀ.ਪੀ.ਐਸ ਬਦਵਾਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉੱਘੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਡਾ. ਦਿਨੇਸ਼ ਸ਼੍ਰੀਧਰ ਨੇ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ