ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਨੇ ਜੇਲ੍ਹ ਮੰਤਰੀ ਨੂੰ ਦੱਸਿਆ ਕਿਉਂ ਤੁਰੇ ਇਸ ਰਾਹ

bths, Jail Minister

‘ਸਾਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ’

  • ਗੈਂਗਸਟਰਾਂ ਨੇ ਕਿਹਾ ਉਹ ਸੁਧਰਨਾ ਚਾਹੁੰਦੇ ਹਨ

(ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਦੌਰੇ ’ਤੇ ਪੁੱਜੇ (Jail Minister) ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਬੰਦ ਪੰਜਾਬ ਦੇ ਕਈ ਨਾਮੀ ਗੈਂਗਸਟਰਾਂ ਨਾਲ ਮੁਲਾਕਾਤ ਕੀਤੀ ਅਤੇ ਜੇਲ੍ਹ ਦੇ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ। ਜੇਲ੍ਹ ਮੰਤਰੀ ਨੇ ਦਾਅਵਾ ਕੀਤਾ ਕਿ ਛੇਤੀ ਹੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੂੰ ਮੋਬਾਇਲ ਫਰੀ ਕਰ ਦਿੱਤਾ ਜਾਵੇਗਾ ਤਾਂ ਜੋ ਜੇਲ੍ਹਾਂ ’ਚੋਂ ਬਾਹਰ ਫੋਨ ਨਾ ਜਾਣ।

ਇਸ ਮੌਕੇ ਜੇਲ੍ਹ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਉਹ ਗੈਂਗਸਟਰਾਂ ਨੂੰ ਮਿਲੇ ਤਾਂ ਗੈਂਗਸਟਰਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਰਕੇ ਉਹ ਇੱਥੋਂ ਤੱਕ ਪੁੱਜੇ ਹਨ, ਉਹ ਵੀ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਪਰ ਸਰਕਾਰਾਂ ਨੇ ਉਨਾਂ ਤੋਂ ਅਜਿਹੇ ਕੰਮ ਕਰਵਾਏ ਗਏ ਅਤੇ ਗੈਂਗਸਟਰ ਬਣਾਇਆ ਗਿਆ ਤੇ ਉਹ ਇਸ ਰਾਹ ’ਤੇ ਤੁਰ ਪਏ। ਮੰਤਰੀ ਨੇ ਦੱਸਿਆ ਕਿ ਕਿ ਜਦੋਂ ਗੈਂਗਸਟਰਾਂ ਨੂੰ ਕਿਹਾ ਗਿਆ ਕਿ ਤੁਸੀਂ ਅਜਿਹਾ ਕਰਕੇ ਆਪਣੀ ਜਵਾਨੀ ਕਿਉਂ ਗਾਲ ਰਹੇ ਹੋ ਤਾਂ ਗੈਂਗਸਟਰਾਂ ਨੇ ਕਿਹਾ ਕਿ ਉਹ ਤਾਂ ਸੁਧਰਨਾ ਚਾਹੁੰਦੇ ਹਨ।

ਗੈਂਗਸਟਰਾਂ ਨੇ ਆਪਣੇ ਨਾਲ ਹੋਈਆਂ ਧੱਕੇਸ਼ਾਹੀਆਂ ਬਾਰੇ ਜੇਲ੍ਹ ਮੰਤਰੀ ਨੂੰ ਦੱਸਿਆ

ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਭਾਵੇਂ ਕੋਈ ਵੀ ਨੀਤੀਆਂ ਸੀ ਪਰ ਹੁਣ ਜੋ ਗੈਂਗਸਟਰ ਸੁਧਰਨਾ ਚਾਹੁੰਦੇ ਹਨ ਉਨਾਂ ਨੂੰ ਸੁਧਾਰਿਆ ਜਾਵੇਗਾ ਤੇ ਪੰਜਾਬ ਦੇ ਮਹੌਲ ਨੂੰ ਠੀਕ ਕਰਨ ਲਈ ਜੋ ਕਰਨਾ ਪਿਆ ਉਹ ਕਰਾਂਗੇ। ਬੈਂਸ ਨੇ ਅੱਗੇ ਕਿਹਾ ਕਿ ਗੈਂਗਸਟਰਾਂ ਨੇ ਜੋ ਆਪਣੇ ਨਾਲ ਹੋਈਆਂ ਧੱਕੇਸ਼ਾਹੀਆਂ ਬਾਰੇ ਦੱਸਿਆ ਹੈ ਉਸ ਨੂੰ ਉਹ ਮੁੱਖ ਮੰਤਰੀ ਨਾਲ ਸਾਂਝਾ ਕਰਨਗੇ। ਉਨਾਂ ਜੇਲ੍ਹਾਂ ’ਚ ਨਵੇਂ ਸਟਾਫ ਦੀ ਭਰਤੀ ਕਰਨ ਦਾ ਵੀ ਜ਼ਿਕਰ ਕੀਤਾ। ਇਸ ਅਚਨਚੇਤੀ ਦੌਰੇ ਦੌਰਾਨ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਲਗਭਗ 4 ਘੰਟੇ ਸੈਂਟਰਲ ਜੇਲ੍ਹ ਅੰਦਰ ਰਹਿ ਕੇ ਨਿਰੀਖਣ ਕੀਤਾ। ਉਨਾਂ ਜੇਲ੍ਹ ਪ੍ਰਬੰਧਾਂ ਅਤੇ ਬੈਰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ।

ਬਠਿੰਡਾ : ਕੇਂਦਰੀ ਜ਼ੇਲ ਬਠਿੰਡਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਜ਼ੇਲ ਮੰਤਰੀ ਹਰਜੋਤ ਸਿੰਘ ਬੈਂਸ। ਤਸਵੀਰ : ਸੁਖਜੀਤ ਮਾਨ

ਜਾਇਜ਼ੇ ਦੌਰਾਨ ਉਨਾਂ ਨੂੰ ਜੇਲ੍ਹ ਅੰਦਰੋਂ ਭਾਵੇਂ ਕਿਸੇ ਵੀ ਤਰਾਂ ਦੀ ਕੋਈ ਇਤਰਾਜ਼ਯੋਗ ਸਮੱਗਰੀ ਅਤੇ ਕੋਈ ਵੀ ਮੋਬਾਇਲ ਫੋਨ ਪ੍ਰਾਪਤ ਨਹੀਂ ਹੋਇਆ ਪਰ ਜੋ ਕਮੀਂਆਂ ਪਾਈਆਂ ਗਈਆਂ ਉਨਾਂ ਨੂੰ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਛੇਤੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਉੱਚ ਅਧਿਕਾਰੀਆਂ ਨੂੰ ਇਹ ਵੀ ਸਖ਼ਤ ਹਦਾਇਤ ਕੀਤੀ ਕਿ ਜੇਲ੍ਹ ਅੰਦਰ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਅਧਿਕਾਰੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਉਨਾਂ ਦੇ ਨਾਲ ਸੈਂਟਰਲ ਜੇਲ੍ਹ ਦੇ ਸੁਪਰਡੰਟ ਐਨਡੀ ਨੇਗੀ ਤੇ ਡਿਪਟੀ ਜੇਲ ਸੁਪਰਡੰਟ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ