ਬਰਕਰਾਰ ਰੱਖੀਏ ਹਰਿਆਲੀ

Protection of nature

ਬਰਕਰਾਰ ਰੱਖੀਏ ਹਰਿਆਲੀ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ। ਹਰ ਮੌਸਮ ਵਿਚ ਅਸੀਂ ਕੁਦਰਤ ਦੇ ਨਵੇਂ-ਨਵੇਂ ਰੰਗਾਂ ਨੂੰ ਦੇਖਦੇ ਹਾਂ। ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ, ਤਾਂ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ। ਜਦੋਂ ਆਪਣੇ ਪੰਜਾਬ, ਹਰਿਆਣਾ ਵਿੱਚ ਗਰਮੀ ਸਿਖਰਾਂ ’ਤੇ ਹੁੰਦੀ ਹੈ , ਤਾਂ ਲੋਕ ਪਹਾੜਾਂ ਵੱਲ ਨੂੰ ਭੱਜਦੇ ਹਨ। ਇਸ ਵਾਰ ਅਸੀਂ ਦੇਖਿਆ ਹੈ ਕਿ ਮਾਰਚ ਮਹੀਨੇ ਦੇ ਅੱਧ ਵਿੱਚ ਜਾ ਕੇ ਗਰਮੀ ਪੈਣੀ ਸ਼ੁਰੂ ਹੋ ਗਈ ਸੀ। ਕਈ ਸ਼ਹਿਰਾਂ ਵਿੱਚ ਤਾਂ ਤਾਪਮਾਨ 50 ਡਿਗਰੀ ਦੇ ਨੇੜੇ-ਤੇੜੇ ਤੱਕ ਪਹੁੰਚ ਚੁੱਕਾ ਹੈ। ਦਿਨ-ਪ੍ਰਤੀਦਿਨ ਅਸੀਂ ਰੁੱਖਾਂ ਦੀ ਕਟਾਈ ਕਰ ਰਹੇ ਹਾਂ।

ਨਿੱਜੀ ਸੁਆਰਥਾਂ ਲਈ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਾਂ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਪਹਾੜੀ ਖੇਤਰ ਜਿਵੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਵਿੱਚ ਦਰੱਖਤ ਕੱਟਣ ’ਤੇ ਪੂਰਨ ਪਾਬੰਦੀ ਹੈ। ਜੇ ਉਸਾਰੀ-ਅਧੀਨ ਕੋਈ ਦਰੱਖਤ ਵਿੱਚ ਆ ਵੀ ਜਾਏ ਤਾਂ ਪ੍ਰਸ਼ਾਸਨ ਦੀ ਇਜਾਜਤ ਲੈਣੀ ਪੈਂਦੀ ਹੈ। ਕਰਨਾਟਕ ਦੇ ਸ਼ਹਿਰ ਬੰਗਲੌਰ ਵਿਚ ਬਹੁਤ ਜ਼ਿਆਦਾ ਹਰਿਆਲੀ ਹੈ। ਉੱਥੇ ਗਰਮੀ ਬਹੁਤ ਘੱਟ ਪੈਂਦੀ ਹੈ। ਤਕਰੀਬਨ ਮੀਂਹ ਪੈਂਦਾ ਰਹਿੰਦਾ ਹੈ। ਹਾਲ ਹੀ ਵਿੱਚ ਸਾਡੇ ਇੱਥੇ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਰੁੱਖ ਲਾਉਣ ਲਈ ਆਮ ਜਨਤਾ ਨੂੰ ਪ੍ਰੇਰਿਤ ਕਰ ਰਹੀਆਂ ਹਨ, ਤਾਂ ਜੋ ਵਾਤਾਵਰਨ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ।

ਅਕਸਰ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਸਾਂ, ਤਾਂ ਦੇਖਿਆ ਜਾਂਦਾ ਸੀ ਕਿ ਬਹੁਤ ਦਰੱਖਤ ਹੁੰਦੇ ਸਨ, ਅੱਜ-ਕੱਲ੍ਹ ਪਿੰਡਾਂ ਵਿੱਚ ਵੀ ਰੁੱਖ ਕੱਟ ਦਿੱਤੇ ਗਏ ਹਨ। ਰੁੱਖ ਲਾਉਣ ਦਾ ਪ੍ਰੋਗਰਾਮ ਤਾਂ ਬਹੁਤ ਹੌਲੀ ਗਤੀ ਨਾਲ ਚੱਲ ਰਿਹਾ ਹੈ, ਪਰ ਰੁੱਖ ਕੱਟਣ ਦਾ ਪ੍ਰੋਗਰਾਮ ਬਹੁਤ ਤੇਜੀ ਨਾਲ ਅੱਗੇ ਵਧ ਰਿਹਾ ਹੈ। ਕਈ ਅਜਿਹੇ ਪਰਿਵਾਰ ਵੀ ਹਨ, ਜਿਨ੍ਹਾਂ ਨੇ ਆਪਣੇ ਘਰ ਦੇ ਆਸ-ਪਾਸ ਹਰਿਆਲੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਆਪਣੇ ਘਰ ਦੀਆਂ ਗਰਿੱਲਾਂ, ਛੱਤਾਂ ਤੇ ਗਮਲੇ ਰੱਖੇ ਹੋਏ ਹਨ, ਕਿਉਂਕਿ ਉਹ ਵਾਤਾਵਰਨ ਪ੍ਰੇਮੀ ਹੁੰਦੇ ਹਨ। ਅਜਿਹੇ ਪਰਿਵਾਰ ਸਾਡੇ ਲਈ ਪ੍ਰੇਰਨਾਸ੍ਰੋਤ ਹੁੰਦੇ ਹਨ।

ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ

ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ ਹੈ। ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਜਨਸੰਖਿਆ ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ। ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ ।

2005 ’ਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ। 2012 ਵਿੱਚ ਜੋ ਉੱਤਰਾਖੰਡ ਵਿੱਚ ਹੜਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ। ਪਿਛਲੇ ਸਾਲ ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਜੋ ਤਬਾਹੀ ਮੱਚੀ ਸੀ। ਉਸ ਨੇ ਦਿਲ ਕੰਬਾ ਦਿੱਤਾ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ। ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ ਨਹੀਂ ਆ ਰਿਹਾ ਹੈ। ਭੂਚਾਲ ਆਉਣ ਨਾਲ ਵੱਡੀਆਂ-ਵੱਡੀਆਂ ਇਮਾਰਤਾਂ ਡਿੱਗਦੀਆਂ ਹਨ। ਪਿਛਲੇ ਵਰ੍ਹੇ ਅਫਾਨ ਤੂਫਾਨ ਪੱਛਮੀ ਬੰਗਾਲ ਵਿੱਚ ਆਫਤ ਲੈ ਕੇ ਆਇਆ ਸੀ। ਫਿਰ ਨਿਸਰਗ ਤੂਫਾਨ ਦੀ ਦਸਤਕ ਹੋਈ, ਇਸ ਸਮੁੰਦਰੀ ਤੂਫਾਨ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਈ। ਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ।

ਗੰਦਾ ਪਾਣੀ ਨਹਿਰਾਂ, ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ

ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਪਿੱਛੇ ਜਿਹੇ ਬਿਆਸ ਦਰਿਆ ਵਿਚ ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈ। ਅੱਜ ਨਹਿਰਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ। ਗੰਦਾ ਪਾਣੀ ਨਹਿਰਾਂ, ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਫਸਲ ਦੀ ਜ਼ਿਆਦਾ ਪੈਦਾਵਾਰ ਲਈ ਤਰ੍ਹਾਂ-ਤਰ੍ਹਾਂ ਦੇ ਖਾਦ ਪਦਾਰਥ ਕੈਮੀਕਲ ਪਾਏ ਜਾ ਰਹੇ ਹਨ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈ। ਲੋਕ ਕੈਂਸਰ, ਦਿਲ ਦੇ ਮਰੀਜ ਬਣਦੇ ਜਾ ਰਹੇ ਹਨ।

ਸਿਰਫ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ, ਸਮੇਂ-ਸਮੇਂ ’ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਦੋ ਸਾਲ ਪਹਿਲਾਂ ਜਦੋਂ ਕੋਰੋਨਾ ਮਹਾਂਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ, ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਸੀ। ਲਾਕਡਾਊਨ ਕਰਕੇ ਵਾਤਾਵਰਨ ਸਾਫ-ਸੁਥਰਾ ਹੋ ਗਿਆ ਇਸ ਤੋਂ ਸਾਫ਼ ਜ਼ਾਹਿਰ ਹੋ ਗਿਆ ਕਿ ਵਾਤਾਵਰਨ ਕਿਸ ਕਾਰਨ ਖਰਾਬ ਹੋ ਰਿਹਾ ਹੈ।

ਇਹ ਹੁਣ ਸੰਭਲਣ ਦਾ ਸਮਾਂ ਹੈ। ਜਦੋਂ ਹੁਣ ਸਨੱਅਤ ਮੁੜ ਸ਼ੁਰੂ ਹੋਈ ਤਾਂ ਦਰਿਆ ਫਿਰ ਪ੍ਰਦੂਸ਼ਿਤ ਹੋਣ ਲੱਗੇ। ਕੋਰੋਨਾ ਦੌਰਾਨ ਦੇਖਿਆ ਕਿ ਲੋਕ ਕਿਵੇਂ ਆਕਸੀਜਨ ਲਈ ਤਰਸ ਰਹੇ ਸਨ। ਆਕਸੀਜਨ ਦੀ ਕਮੀ ਹੋ ਚੁੱਕੀ ਸੀ। ਜੇ ਦਰੱਖਤ ਲੋੜੀਂਦੀ ਮਾਤਰਾ ਵਿਚ ਹੁੰਦੇ ਤਾਂ ਇਹ ਸਭ ਕੁਝ ਦੇਖਣਾ ਨਾ ਪੈਂਦਾ। ਇੰਨਾ ਕੁਝ ਹੋਣ ਦੇ ਬਾਵਜ਼ੂਦ ਵੀ ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਆਓ! ਅਸੀਂ ਸਾਰੇ ਹੀ ਪ੍ਰਣ ਕਰੀਏ ਕਿ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਰੱਖੀਏ, ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਅਨੰਦ ਮਾਣ ਸਕਣ।

ਮੋਹਾਲੀ

ਮੋ. 78889-66168
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ